HOME ਮਾਪਿਆਂ ਪ੍ਰਤੀ ਸੇਵਾ ਤੇ ਸਤਿਕਾਰ ਦਾ ਪ੍ਰਤੀਕ : ਵਿਸ਼ਵ ਮਾਤਾ-ਪਿਤਾ ਦਿਵਸ

ਮਾਪਿਆਂ ਪ੍ਰਤੀ ਸੇਵਾ ਤੇ ਸਤਿਕਾਰ ਦਾ ਪ੍ਰਤੀਕ : ਵਿਸ਼ਵ ਮਾਤਾ-ਪਿਤਾ ਦਿਵਸ

5
ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)   ਬੱਚੇ ਜਵਾਨ ਹੋ ਜਾਣ, ਵਿਆਹ-ਸ਼ਾਦੀ ਦੇ ਬੰਧਨ ਵਿੱਚ ਵੀ ਬੱਝ ਜਾਣ, ਬੱਚਿਆਂ ਵਾਲੇ ਵੀ ਹੋ ਜਾਣ, ਪਰ ਮਾਪਿਆਂ ਲਈ ਉਹ ਹਮੇਸ਼ਾਂ ਬੱਚੇ ਹੀ ਰਹਿੰਦੇ ਹਨ। ਉਹ ਬੱਚੇ ਜਿਨ੍ਹਾ ਨੂੰ ਮਾਪੇ ਸਾਰੀ ਉਮਰ ਹੀ ਆਪਣੀ ਬੁੱਕਲ ‘ਚ ਰਖਦੇ ਹਨ। ਰੱਬ ਸਾਡੇ ਕੋਲ ਹਮੇਸ਼ਾ ਵਿਅਕਤੀਗਤ ਰੂਪ ਵਿੱਚ ਨਹੀਂ ਆਉਂਦਾ,ਪਰ ਉਹ ਮਾਂ-ਬਾਪ ਦੇ ਰੂਪ ਵਿੱਚ ਸਾਡੀ ਦੇਖਭਾਲ ਕਰਦਾ ਰਹਿੰਦਾ ਹੈ। ਉਨ੍ਹਾਂ ਦੀ ਮੌਜੂਦਗੀ ਸਾਡੇ ਲਈ ਇੱਕ ਅਜਿਹਾ ਅਣਮੁੱਲਾ ਆਸ਼ੀਰਵਾਦ ਹੈ ਜਿਸ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।

1 ਜੂਨ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਮਾਤਾ-ਪਿਤਾ ਦਿਵਸ ਉਹ ਪਵਿੱਤਰ ਦਿਹਾੜਾ ਹੈ, ਜਦੋਂ ਅਸੀਂ ਆਪਣੇ ਮਾਪਿਆਂ ਦਾ ਆਪਣੇ ਪ੍ਰਤੀ ਪਿਆਰ ,ਸਮਰਪਣ ਅਤੇ ਅਣਥੱਕ ਮਿਹਨਤ ਅੱਗੇ ਨਤਮਸਤਕ ਹੁੰਦੇ ਹਾਂ। 2012 ਵਿੱਚ ਸੰਯੁਕਤ ਰਾਸ਼ਟਰ ਸੰਗਠਨ ਨੇ ਇਸ ਦਿਨ ਨੂੰ ਇਸ ਲਈ ਘੋਸ਼ਿਤ ਕੀਤਾ, ਤਾਂ ਜੋ ਮਾਪਿਆਂ ਦੀ ਬੇਮਿਸਾਲ ਮਿਹਨਤ ਅਤੇ ਅਸਲ ਪਿਆਰ ਦੀ ਪਰਿਭਾਸ਼ਾ ਲਈ ਉਨ੍ਹਾਂ ਦੀ ਕਦਰ ਕੀਤੀ ਜਾ ਸਕੇ। ਮਾਪੇ ਆਪਣੇ ਬੱਚਿਆਂ ਦੀ ਪਾਲਣਾ, ਸਿੱਖਿਆ ਤੇ ਸੁਖ-ਸਹੂਲਤਾਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਹਨ। ਇਹ ਦਿਨ ਉਨ੍ਹਾਂ ਦੇ ਤਿਆਗ ਅਤੇ ਮੋਹ ਅੱਗੇ ਸਿਰ ਝੁਕਾਉਣ ਦਾ ਇੱਕ ਵਿਸ਼ੇਸ਼ ਮੌਕਾ ਦੇਣ ਲਈ ਮਨਾਇਆ ਜਾਂਦਾ ਹੈ।
ਬੱਚੇ ਆਪਣੇ ਮਾਪਿਆਂ ਦੇ ਜੋ ਉਪਕਾਰ ਹਨ, ਉਹ ਕਦੇ ਵੀ ਨਹੀਂ ਭੁਲਾ ਸਕਦੇ। ਉਨ੍ਹਾਂ ਦਾ ਬਿਨਾਂ ਸ਼ਰਤ ਮੋਹ ਮਾਨਵਤਾ ਦਾ ਸਭ ਤੋਂ ਉੱਚਾ ਦਰਜਾ ਹੈ। ਉਹ ਸਾਡੀ ਦੁੱਖਾਂ ਦੇ ਸਾਹਮਣੇ ਢਾਲ ਬਣਦੇ ਹਨ, ਸਾਡੀਆਂ ਖ਼ੁਸ਼ੀਆਂ ਵਿੱਚ ਸਾਥੀ ਅਤੇ ਸਾਡੀਆਂ ਗ਼ਲਤੀਆਂ ਨੂੰ ਸਹਿ ਕੇ ਵੀ ਸਾਨੂੰ ਸਿੱਧੇ ਰਾਹ ਤੇ ਲੈ ਜਾਂਦੇ ਹਨ।
ਪਰਮਾਤਮਾ ਨੂੰ ਹਰੇਕ ਅੱਖ ਨਹੀਂ ਦੇਖ ਸਕਦੀ, ਪਰ ਉਸ ਦੀ ਮੌਜੂਦਗੀ ਦਾ ਅਹਿਸਾਸ ਹੋ ਸਕਦਾ ਹੈ। ਜਦੋਂ ਮਾਂ ਸਾਰੀ ਰਾਤ ਬਿਨਾਂ ਨੀਂਦ ਸਿਰਫ ਇਸ ਲਈ ਜਾਗਦੀ ਹੈ ਕਿ ਬੱਚਾ ਸਹੀ ਤਰੀਕੇ ਸੌਂ ਸਕੇ, ਜਾਂ ਪਿਓ ਆਪਣੀਆਂ ਦੁੱਖ ਤਕਲੀਫਾਂ ਨੂੰ ਭੁੱਲ ਕੇ ਬੱਚਿਆਂ ਦੀਆਂ ਖ਼ੁਸ਼ੀਆਂ ਲਈ ਜ਼ਰੂਰਤ ਤੋਂ ਵੱਧ ਕੰਮ ਕਰਦਾ ਹੈ, ਤਾਂ ਇੰਝ ਲੱਗਦਾ ਹੈ ਕਿ ਰੱਬ ਸਾਡੀ ਹੀ ਰੂਹ ਵਿਚ ਕਿਤੇ ਮਾਪਿਆਂ ਦੇ ਰੂਪ ਵਿੱਚ ਵੱਸ ਰਿਹਾ ਹੈ। ਜਿੱਥੇ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸਾਡੀ ਭਲਾਈ ਲਈ ਵਾਰ ਦਿਤੀ ਉੱਥੇ ਹੀ ਜੇਕਰ ਉਹ ਬਜ਼ੁਰਗ ਵੀ ਹੋ ਜਾਣ ਤਾਂ ਘਰ ਦਾ ਜ਼ਿੰਦਰਾ ਬਣਦੇ ਹਨ। ਘਰ ਬੈਠਿਆਂ ਵੀ ਉਹ ਆਪਣੇ ਬੱਚਿਆਂ ਦੀ ਬਿਹਤਰੀ ਲਈ ਨੇਕ ਸਲਾਹਾਂ ਤੇ ਅਸੀਸਾਂ ਦਿੰਦੇ ਨਹੀਂ ਥੱਕਦੇ।
ਆਓ, ਅਸੀਂ ਵੀ ਆਪਣੇ ਮਾਪਿਆਂ ਦੇ ਵਿਰਾਸਤੀ ਸੰਸਕਾਰਾਂ ਨੂੰ ਮਾਣ ਨਾਲ ਅੱਗੇ ਵਧਾਈਏ। ਵਿਸ਼ਵ ਮਾਤਾ-ਪਿਤਾ ਦਿਵਸ ਸਿਰਫ਼ ਇੱਕ ਕੈਲੰਡਰ ਦਾ ਦਿਨ ਨਹੀਂ, ਬਲਕਿ ਇੱਕ ਅਹਿਸਾਸ ਹੈ,ਇੱਕ ਅਜਿਹਾ ਅਹਿਸਾਸ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ।
ਇਹ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਾਪਿਆਂ ਦੀ ਸੇਵਾ, ਇੱਜ਼ਤ ਤੇ ਆਦਰ ਕਰਨਾ ਸਾਡਾ ਸਭ ਤੋਂ ਵੱਡਾ ਧਰਮ ਹੈ, ਕਿਉਂਕਿ ਮਾਪੇ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੀ ਮਿਲਦੇ ਹਨ ਬਾਰ-ਬਾਰ ਨਹੀਂ। ਇਨ੍ਹਾਂ ਭਾਵਨਾਵਾਂ ਨੂੰ ਗਾਇਕਾਂ ਨੇ ਵੀ ਆਪਣੇ ਗੀਤਾਂ ਵਿੱਚ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ: “ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ, ਜਵਾਨੀ ਤੇ ਮਾਪੇ।”
 ਬਲਦੇਵ ਸਿੰਘ ਬੇਦੀ 
 ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੇਕਾਬੂ ਹੋ ਰਹੀ ਮਹਿੰਗਾਈ
Next articleਪਾਕਿਸਤਾਨ ਨੂੰ ਦਿੱਤੇ ਗਏ ਹਥਿਆਰ ਕਿਉਂ ਅਸਫਲ ਹੋਏ? PL-15E ਦਾ ਜ਼ਿਕਰ ਹੁੰਦੇ ਹੀ ਚੀਨੀ ਰੱਖਿਆ ਬੁਲਾਰੇ ਘਬਰਾ ਗਏ; ਕੂਟਨੀਤੀ ਬਾਰੇ ‘ਗਿਆਨ’ ਦੇਣਾ ਸ਼ੁਰੂ ਕਰ ਦਿੱਤਾ!