(ਸਮਾਜ ਵੀਕਲੀ)
ਪਿਆਰੇ ਬੱਚਿਓ ! ਸੰਨ 2022 ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਮੈਨੂੰ ਹਿਮਾਚਲ – ਪ੍ਰਦੇਸ਼ ਦੇ ਵਿਸ਼ਵ – ਪ੍ਸਿੱਧ ਪੈਰਾਗਲਾਈਡਿੰਗ ਸਥਾਨ ਅਤੇ ਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ ਬੀਰ – ਬਿਲਿੰਗ ਵਿਖੇ ਪਰਿਵਾਰ ਸਮੇਤ ਕੁੱਝ ਦਿਨ ਘੁੰਮਣ – ਫਿਰਨ ਦਾ ਮੌਕਾ ਮਿਲਿਆ। ਜੂਨ ਮਹੀਨੇ ਦੇ ਆਖਰੀ ਹਫਤੇ ਅਚਾਨਕ ਹੀ ਕਿਸੇ ਪਹਾੜੀ ਅਤੇ ਅਲੌਕਿਕ ਸਥਾਨ ‘ਤੇ ਘੁੰਮਣ ਲਈ ਜਾਣ ਦਾ ਪਰਿਵਾਰ ਵਿੱਚ ਵਿਚਾਰ ਬਣਿਆ। ਕਾਫੀ ਸੋਚ – ਵਿਚਾਰ ਤੋਂ ਬਾਅਦ ਅਸੀਂ ਬੀਰ – ਬੀਲਿੰਗ ਜਾਣ ਲਈ ਫੈਸਲਾ ਕੀਤਾ। ਸਫ਼ਰ ਲਈ ਸ੍ਰੀ ਅਨੰਦਪੁਰ ਸਾਹਿਬ ( ਪੰਜਾਬ ) ਤੋਂ ਊਨਾ , ਭੋਟਾ , ਹਮੀਰਪੁਰ ( ਹਿਮਾਚਲ – ਪ੍ਰਦੇਸ਼ ) ਹੁੰਦੇ ਹੋਏ ਅਸੀਂ ਪਾਲਮਪੁਰ ਵੱਲ ਰਵਾਨਾ ਹੋਏ। ਖਾਣ – ਪੀਣ ਦਾ ਕੁਝ ਸਮਾਨ ਤਾਂ ਗੱਡੀ ਵਿੱਚ ਸਾਡੇ ਕੋਲ ਪਹਿਲਾਂ ਹੀ ਸੀ ਤੇ ਜ਼ਰੂਰਤ ਅਨੁਸਾਰ ਰਸਤੇ ਵਿੱਚ ਵੀ ਖਰੀਦਦਾਰੀ ਕਰਦੇ ਹੋਏ ਅਸੀਂ ਬੜੇ ਅਰਾਮ ਨਾਲ ਕੁਦਰਤੀ ਨਜ਼ਾਰਿਆਂ , ਮਨਮੋਹਕ ਉੱਚੀਆਂ – ਉੱਚੀਆਂ ਚੋਟੀਆਂ , ਹਰੇ – ਭਰੇ ਚੀਲ , ਦੇਵਦਾਰ ਤੇ ਹੋਰ ਪਹਾੜੀ ਰੁੱਖਾਂ ਅਤੇ ਨਜ਼ਾਰਿਆਂ ਨੂੰ ਦੇਖਦੇ – ਮਾਣਦੇ ਹੋਏ ਅਸੀਂ ਸਫ਼ਰ ਕਰਦੇ ਅੱਗੇ ਵੱਧਦੇ ਰਹੇ।
ਜਦੋਂ ਜ਼ਰੂਰਤ ਪੈਂਦੀ ਤਾਂ ਅਸੀਂ ਗੱਡੀ ਰੁਕਵਾ ਕੇ ਉਥੋਂ ਦੀ ਪ੍ਰਕ੍ਰਿਤੀ ਦਾ ਅਨੰਦ ਲੈਂਦੇ ਤੇ ਫੋਟੋਆਂ ਆਦਿ ਵੀ ਖਿੱਚਦੇ ਰਹੇ। ਬਾਅਦ ਦੁਪਹਿਰ ਲਗਭਗ ਦੋ ਕੁ ਵਜੇ ਅਸੀਂ ” ਸੌਰਭ ਵਨ ਵਿਹਾਰ ” ਪਾਲਮਪੁਰ ਵਿਖੇ ਪਹੁੰਚ ਗਏ। ਉਦੋਂ ਹਲਕੀ ਜਿਹੀ ਬੱਦਲਵਾਈ ਹੋਈ ਪਈ ਸੀ। ਆਸਮਾਨ ਨੂੰ ਛੂਹ ਰਹੇ ਪਰਬਤ ਆਪਣੀ ਵੱਖਰੀ ਹੀ ਹੋਂਦ ਦਰਜ ਕਰਵਾ ਰਹੇ ਸੀ। ਅਸੀਂ ਨਿਊਗਲ ਨਦੀ ਦੇ ਕਿਨਾਰੇ ‘ਤੇ ਬਣਾਏ ਗਏ ‘ ਸੌਰਭ ਵਨ ਵਿਹਾਰ ‘ ਵਿਖੇ ਘੁੰਮਣ ਲਈ ਤੀਹ ਰੁਪਏ ਪ੍ਰਤੀ ਵਿਅਕਤੀ ਟਿਕਟ ਲੈ ਲਈ। ਇੱਥੇ ਮੀਨ ਵਾਟਿਕਾ ਮੱਛੀ ਕੇਂਦਰ , ਮਨਮੋਹਕ ਤਲਾਅ , ਕੈਪਟਨ ਸੌਰਭ ਕਾਲੀਆ ਯਾਦਗਾਰੀ ਪਾਰਕ ਆਦਿ ਦੇਖੇ। ਇਸ ਪਾਰਕ ਵਿੱਚ ਵੱਡੇ – ਵੱਡੇ ਭਾਰੀ – ਭਰਕਮ ਪੱਥਰ ਆਪਣੇ ਆਪ ਵਿੱਚ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ। ਇੱਥੇ ਇੱਕ ਤਲਾਬ ਵੀ ਬਣਿਆ ਹੋਇਆ ਹੈ , ਜਿੱਥੇ ਤੁਸੀਂ ਪਰਿਵਾਰ ਸਮੇਤ ਬੋਟਿੰਗ ਦਾ ਅਨੰਦ ਵੀ ਲੈ ਸਕਦੇ ਹੋ। ਸਫ਼ਰ ਦੌਰਾਨ ਅਸੀਂ ਪਾਣੀ ਦੀਆਂ ਬੋਤਲਾਂ ਨਾਲ ਲੈ ਕੇ ਗਏ ਅਤੇ ਰਸਤੇ ਵਿੱਚ ਵੀ ਨਿਰੰਤਰ ਪਾਣੀ ਖਰੀਦਦੇ ਰਹੇ। ਫਿਰ ਅਸੀਂ ਨਿਊਗਲ ਨਦੀ ‘ਤੇ ਬਣੇ ਲੋਹੇ ਦੇ ਝੂਲਦੇ ਪੁਲ ‘ਤੇ ਘੁੰਮ – ਫਿਰ ਕੇ ਅਨੰਦ ਮਾਣਿਆ।
ਇੱਥੇ ਹਵਾ ਥੋੜ੍ਹੀ ਤੇਜ਼ ਅਤੇ ਠੰਡੀ ਚੱਲ ਰਹੀ ਸੀ। ਫਿਰ ਅਸੀਂ ਪਾਲਮਪੁਰ ਵਿਖੇ ਚਾਹ ਦੇ ਬਾਗ ਦੇਖਣ ਲਈ ਗੱਡੀ ਵਿੱਚ ਬੈਠ ਕੇ ਅੱਗੇ ਲਈ ਰਵਾਨਾ ਹੋ ਗਏ। ਸੜਕ ਦੇ ਕਿਨਾਰੇ – ਕਿਨਾਰੇ ਛੋਟੇ – ਮੋਟੇ ‘ ਟੀ – ਗਾਰਡਨ’ ਦੇਖਦੇ ਹੋਏ ਅਸੀਂ ਚਾਹ ਦੇ ਵਿਸ਼ਵ ਪ੍ਰਸਿੱਧ ਬਾਗ਼ ” ਵਾਹ ਚਾਹ ਐਸਟੇਟ ” ਵਿਖੇ ਪਹੁੰਚੇ। ਇੱਥੇ ਬਹੁਤ ਵੱਡਾ ਚਾਹ ਦਾ ਬਾਗ ਦੇਖਿਆ ਤੇ ਚਾਹ ਦੇ ਬਾਗ ਵਿੱਚ ਕੰਮ ਕਰਦੇ ਅੋੌਰਤਾਂ ਤੇ ਮਰਦਾਂ ਨੂੰ ਮਿਲੇ ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਿਆ ਤੇ ਸਮਝਿਆ ਵੀ। ਇੱਥੇ ” ਵਾਹ ਚਾਹ ਅੇੈਸਟੇਟ ” ਵਾਲਿਆਂ ਨੇ ਚਾਹ ਬਾਰੇ ਜਾਣਕਾਰੀ ਦੇਣ ਲਈ ਇੱਕ ਵਿੱਕਰੀ ਕੇਂਦਰ ਵੀ ਖੋਲ੍ਹਿਆ ਹੋਇਆ ਹੈ। ਇੱਥੇ ਅਲੱਗ – ਅਲੱਗ ਸੁਆਦਾਂ ਵਾਲ਼ੀ ਚਾਹ ਦਾ ਅਨੰਦ ਵੀ ਤੁਸੀਂ ਮਾਣ ਸਕਦੇ ਹੋ। ਇੱਥੇ ਅਸੀਂ ਬਿਨਾਂ ਦੁੱਧ ਤੋਂ ਬਣਾਈ ਚਾਹ ਪੀਤੀ ਅਤੇ ਕੁਝ ਖਰੀਦਦਾਰੀ ਵੀ ਕੀਤੀ। ਇਸ ਤੋਂ ਬਾਅਦ ਅਸੀਂ ਪਾਲਮਪੁਰ ਦੇ ” ਤਾਸ਼ੀਯੋੰਗ ਮੋਨੈਸਟਰੀ ” ( ਬੋਧੀ ਮੱਠ ) ਦੇਖਣ ਲਈ ਗੱਡੀ ‘ਚ ਅੱਗੇ ਵੱਲ ਚੱਲ ਪਏ।
ਇਸ ਧਾਰਮਿਕ ਸਥਾਨ ‘ਤੇ ਅਸੀਂ ‘ ਤਾਸ਼ੀਯੋਂਗ ਮੋਨੈਸਟਰੀ ‘ ( ਬੋਧੀ ਮੱਠ ) ਦੇਖੀ ਅਤੇ ਇੱਕ ਬੋਧੀ ਮਹਾਤਮਾ ਜੀ ਨੂੰ ਮਿਲੇ ਤੇ ਉਨ੍ਹਾਂ ਬਾਰੇ ਕਾਫ਼ੀ ਕੁਝ ਜਾਣਿਆਂ ਤੇ ਪੁੱਛਿਆ ਵੀ। ਉਹਨਾਂ ਨੇ ਲਗਭਗ 1960 ਈਸਵੀ ਵਿੱਚ ਤਿੱਬਤ ਤੋਂ ਇੱਥੇ ਭਾਰਤ ਵਿੱਚ ਆਉਣ ਦੀ ਸਾਰੀ ਗੱਲ ਵੀ ਸਾਨੂੰ ਦੱਸੀ। ਬੋਧੀ ਮਹਾਤਮਾ ਜੀ ਸਾਡੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ ਹੋਏ। ਉਹਨਾਂ ਸਾਡੇ ਬਾਰੇ ਵੀ ਕਾਫੀ ਜਾਣਿਆ ਤੇ ਪੁੱਛਿਆ ਵੀ। ਜਦੋਂ ਅਸੀਂ ਦੱਸਿਆ ਕਿ ਅਸੀਂ ਪੰਜਾਬ ਦੀ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਪਾਵਨ – ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਹਾਂ ਤਾਂ ਉਨ੍ਹਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਤਾਂ ਉਹਨਾਂ ਨੇ ਕਿਹਾ , ” ਵਹਾਂ ਸਿੱਖੋੰ ਕਾ ਏਕ ਬਹੁਤ ਬੜਾ ਮੰਦਿਰ ਭੀ ਹੈ। ” ਉਹ ਬੋਧੀ ਮਹਾਤਮਾ ਪਾਵਨ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਗੱਲ ਕਰ ਰਿਹਾ ਸੀ। ਬੋਧੀ ਮਹਾਤਮਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਨੂੰ ਬਹੁਤ ਖੁਸ਼ੀ ਤੇ ਉਤਸ਼ਾਹ ਮਿਲਿਆ ਅਤੇ ਸਾਨੂੰ ਬਹੁਤ ਮਾਣ ਵੀ ਮਹਿਸੂਸ ਹੋਇਆ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ।
ਉਹ ਵੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਸਾਨੂੰ ਪ੍ਰਸਾਦ ਸਰੂਪ ਆਪਣੇ ਧਾਰਮਿਕ ਗੁਰੂ ਜੀ ਦਾ ਦਿੱਤਾ ਹੋਇਆ ਪ੍ਰਸਾਦ ਦਾ ਇੱਕ ਵੱਡਾ ਡੱਬਾ ਦਿੱਤਾ। ਫਿਰ ਅਸੀਂ ਇੱਥੋਂ ਵਿਦਾ ਲਈ ਅਤੇ ਇਸ ਤੋਂ ਬਾਅਦ ” ਪਾਲਮਪੁਰ ਵਿਗਿਆਨ ਕੇਂਦਰ ” ਵੱਲ ਰਵਾਨਾ ਹੋ ਗਏ। ਸ਼ਾਮ ਦੇ ਲਗਭਗ ਛੇ ਵੱਜ ਚੁੱਕੇ ਸਨ ਅਤੇ ‘ ਪਾਲਮਪੁਰ ਵਿਗਿਆਨ ਕੇਂਦਰ ‘ ਬੰਦ ਹੋ ਚੁੱਕਾ ਸੀ। ਇਸ ਤੋਂ ਬਾਅਦ ਅਸੀਂ ਵਿਸ਼ਵ ਪ੍ਰਸਿੱਧ ” ਬੈਜਨਾਥ ਮੰਦਿਰ ” ਦੇਖਣ ਲਈ ਰਵਾਨਾ ਹੋ ਗਏ। ਇਹ ਸ਼ਿਵ ਮੰਦਿਰ ਕਾਫੀ ਪੁਰਾਣਾ ਅਤੇ ਵਿਸ਼ਵ ਪ੍ਰਸਿੱਧ ਮੰਦਿਰ ਹੈ। ਇੱਥੇ ਘੁੰਮਦੇ ਹੋਏ ਹਨੇਰਾ ਹੋ ਚੁੱਕਾ ਸੀ। ਉੱਚੇ – ਉੱਚੇ ਪਰਬਤ ਮਨ ਨੂੰ ਮੋਹਿਤ ਕਰ ਰਹੇ ਸਨ।ਫੇਰ ਅਸੀਂ ਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ ਬੀਰ – ਬਿਲਿੰਗ ਲਈ ਅੱਗੇ ਵੱਧ ਗਏ। ਦੱਸਣਯੋਗ ਹੈ ਕਿ ਬੀਰ ਅਤੇ ਬਿਲਿੰਗ ਦੋ ਅਲੱਗ – ਅਲੱਗ ਥਾਵਾਂ ਹਨ। ਬਿਲਿੰਗ ਉੱਚੀ ਪਹਾੜੀ ‘ਤੇ ਸਥਿਤ ਸਥਾਨ ਹੈ। ਬਿਲਿੰਗ ਦੀ ਦੂਰੀ ਬੀਰ ਤੋਂ ਲਗਭਗ 14 ਕਿਲੋਮੀਟਰ ਹੈ। ਬੀਰ – ਬਿਲਿੰਗ ਪਹਾੜੀ ਸਥਾਨ ‘ਤੇ ਰਾਸ਼ਟਰੀ ਪੱਧਰ ਦੇ ਪੈਰਾਗਲਾਈਡਿੰਗ ਮੁਕਾਬਲੇ ਕਰਵਾਏ ਗਏ ਸਨ। ਫਿਰ ਇਹ ਸਥਾਨ ਪੈਰਾਗਲਾਈਡਿੰਗ ਲਈ ਵਿਸ਼ਵ ਪ੍ਰਸਿੱਧ ਹੋ ਗਿਆ।
ਬਿਲਿੰਗ ਭਾਰਤ ਦਾ ਪਹਿਲਾ ਸਭ ਤੋਂ ਵੱਡਾ ਅਤੇ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਪੈਰਾਗਲਾਈਡਿੰਗ ਸਥਾਨ ਹੈ। ਇੱਥੇ ਸੈਲਾਨੀ ਅਧਿਆਤਮਕ ਸਟੱਡੀ , ਮੈਡੀਟੇਸ਼ਨ , ਟਰੈਕਿੰਗ , ਸਾਈਕਲਿੰਗ ਕਰਨ , ਘੁੰਮਣ – ਫਿਰਨ ਅਤੇ ਕੁਦਰਤ ਨੂੰ ਨਿਹਾਰਨ ਲਈ ਆਉਂਦੇ ਹਨ। ਇਹ ਕੁਦਰਤ – ਪ੍ਰੇਮੀਆਂ ਦਾ ਮਨਭਾਉਂਦਾ ਸਥਾਨ ਹੈ। ਪੈਰਾਗਲਾਈਡਿੰਗ ਕਰਨ ਲਈ ਬੀਰ ਵਿਖੇ ਬੁਕਿੰਗ ਕਰਵਾਈ ਜਾਂਦੀ ਹੈ। ਕੁਝ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਗਭਗ ਤਿੰਨ ਹਜ਼ਾਰ ਇੱਕ ਸੌ ਪੰਜਾਹ ਰੁਪਏ ਜਮਾਂ ਕਰਵਾ ਕੇ ਪ੍ਰਬੰਧਕ ਤੁਹਾਨੂੰ ਬਿਲਿੰਗ ਦੇ ਪਹਾੜੀ ਸਥਾਨ ‘ਤੇ ਲੈ ਜਾਂਦੇ ਹਨ। ਬੀਰ – ਬੀਲਿੰਗ ਹਿਮਾਚਲ – ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿੱਚ ਸਥਿਤ ਹੈ। ਬੈਜਨਾਥ ਮੰਦਿਰ ਦੇਖਣ ਤੋਂ ਬਾਅਦ ਅਸੀਂ ਬੀਰ ਵਿਖੇ ਰਾਤ ਠਹਿਰਨਾ ਸੀ , ਪਰ ਅਸੀਂ ਰਸਤਾ ਭਟਕ ਗਏ ਤੇ ਰਾਤ ਦੇ ਗਹਿਰੇ ਹਨੇਰੇ ਵਿੱਚ ਬਿਲਿੰਗ ਦੀ ਉੱਚੀ ਪਹਾੜੀ ‘ਤੇ ਚੜ੍ਹਨ ਲੱਗ ਪਏ। ਇਹ ਰਸਤਾ ਬਹੁਤ ਸੁੰਨਸਾਨ ਹੈ। ਫਿਰ ਇੱਕ ਗੱਡੀ ਵਾਲੇ ਤੋਂ ਸਲਾਹ ਲੈ ਕੇ ਵਾਪਸ ਬੀਰ ਲਈ ਹੇਠਾਂ ਵੱਲ ਆਪਣੀ ਗੱਡੀ ਸਮੇਤ ਚੱਲ ਪਏ ; ਬਿਲਿੰਗ ਦੇ ਉੱਚੇ ਪਹਾੜੀ ਸਥਾਨ ‘ਤੇ ਰਾਤ ਨੂੰ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਹੈ। ਹਾਂ !
ਬਿਲਿੰਗ ਪਿਕਨਿਕ ਮਨਾਉਣ ਲਈ ਵਧੀਆ ਥਾਂ ਹੈ। ਸਾਡੀ ਗੱਡੀ ਦਾ ਡਰਾਈਵਰ ਮਾਨ ਸਿੰਘ ਪਹਾੜੀ ਰਸਤਿਆਂ ਦਾ ਬਹੁਤ ਤਜ਼ਰਬੇਕਾਰ ਸੀ। ਰਾਤ ਲੱਗਭੱਗ 10 ਵਜੇ ਅਸੀਂ ਬੀਰ ਵਿਖੇ ਪਹੁੰਚ ਗਏ ਤੇ ਰਾਤ ਠਹਿਰਣ ਲਈ ਸਥਾਨ ਲੱਭਣ ਲੱਗੇ। ਰਾਤ ਲਗਭਗ 11 ਕੁ ਵਜੇ ਅਸੀਂ ਇੱਥੋਂ ਦੇ ” ਮੰਕੀ ਮੱਡ ਕੈਫ਼ੇ ” ‘ਤੇ ਪਹੁੰਚੇ। ਇੱਥੇ ਇੱਕ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਖਰਚ ‘ਤੇ ਕੈੰਪ ਵਿੱਚ ਰਹਿਣ ਅਤੇ ਰਾਤ ਤੇ ਸਵੇਰ ਦੇ ਰੋਟੀ – ਟੁੱਕ ਦਾ ਪ੍ਰਬੰਧ ਹੁੰਦਾ ਹੈ। ਸੰਗੀਤ ਦੇ ਨਾਲ਼ – ਨਾਲ਼ ਰਾਤ ਨੂੰ ” ਬੋਨ – ਫਾਇਰ ” ਦਾ ਅਨੰਦ ਇੱਥੇ ਲਿਆ ਜਾ ਸਕਦਾ ਹੈ। ਮੰਕੀ ਮੱਡ ਕੈਫ਼ੇ ਦਾ ਰਾਤ ਦਾ ਸ਼ਾਂਤ – ਇਕਾਂਤ ਤੇ ਸੰਗੀਤਮਈ ਮਨਮੋਹਕ ਮਾਹੌਲ ਸਾਨੂੰ ਇੱਕ ਵੱਖਰੇ ਸੰਸਾਰ ਦਾ ਅਨੁਭਵ ਕਰਵਾ ਰਿਹਾ ਸੀ। ਮੰਕੀ ਮੱਡ ਕੈਫ਼ੇ ‘ਤੇ ਤੁਸੀਂ ਰਾਤ ਨੂੰ ਸੰਗੀਤਮਈ ਪਾਰਟੀ ਕਰ ਸਕਦੇ ਹੋ ਤੇ ਸਾਲਗਿਰਹਾ ਜਾਂ ਜਨਮ – ਦਿਨ ਆਦਿ ਵੀ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਰਾਤ ਦੀ ਸ਼ਾਂਤੀ ਵਿੱਚ ਮਨਾ ਸਕਦੇ ਹੋ। ਮੰਕੀ ਮੱਡ ਕੈਫ਼ੇ ਇੱਕ ਕੈੰਪਿੰਗ ਸਾਈਟ ਹੈ। ਤੁਸੀਂ ਇੱਥੇ ਰਾਤ ਦੇ ਸੁਹਾਵਣੇ ਮਾਹੌਲ ‘ਚ ਗੀਤ ਗਾਉਣ ਦਾ ਆਪਣਾ ਸ਼ੌਕ ਵੀ ਪੂਰਾ ਕਰ ਸਕਦੇ ਹੋ।
ਕੁਝ ਵੱਖਰਾ ਖਾਣ ਜਾਂ ਕਰਨ ਲਈ ਤੁਸੀਂ ਵੱਖਰੇ ਤੌਰ ‘ਤੇ ਆਰਡਰ ਕਰ ਸਕਦੇ ਹੋ। ਕਈ ਲੋਕ ਘੁਮੱਕੜੀ ਕਰਦੇ ਹੋਏ ਇਨ੍ਹਾਂ ਸ਼ਾਂਤ ਸਥਾਨਾਂ ‘ਤੇ ਪ੍ਰਬੰਧਕਾਂ ਨਾਲ਼ ਹੈੰਕੜਬਾਜੀ ਦਿਖਾਉਣ ਤੋਂ ਗੁਰੇਜ਼ ਨਹੀਂ ਕਰਦੇ , ਪਰ ਸਾਨੂੰ ਸਿਸ਼ਟਾਚਾਰ ਨਾਲ ਹੀ ਵਰਤਾਉ ਕਰਨਾ ਚਾਹੀਦਾ ਹੈ ; ਕਿਉਂਕਿ ਇਹ ਲੋਕ ਬਹੁਤ ਸਖ਼ਤ ਮਿਹਨਤ ਕਰਕੇ ਸੈਲਾਨੀਆਂ ਲਈ ਜ਼ਰੂਰੀ ਸੁੱਖ – ਸਹੂਲਤਾਂ ਮੁਹੱਈਆ ਕਰਵਾਉੰਦੇ ਹਨ। ਅਜਿਹੇ ਸਫ਼ਰ ਸਮੇਂ ਘਰ ਵਰਗੀਆਂ ਸਹੂਲਤਾਂ ਦੀ ਚਾਹਤ ਰੱਖਣਾ ਅਜਿਹੇ ਸੁਹਾਵਣੇ ਸਫ਼ਰ ਦਾ ਕੁਦਰਤੀ ਅਨੰਦ ਲੈਣ ਤੋਂ ਵਾਂਝਾ ਕਰ ਦਿੰਦਾ ਹੈ। ਅਸੀਂ ਖੁੱਲ੍ਹੇ ਆਸਮਾਨ ਹੇਠ ਕੈੰਪ ਲਗਾ ਕੇ ਰਾਤ ਗੁਜ਼ਾਰੀ। ਪੰਛੀਆਂ ਵਾਂਗ ਸਵੇਰ ਤੋਂ ਹੀ ਉੱਡਦੇ ਪੈਰਾਗਲਾਈਡਰਜ਼ ਸਵੇਰ ਦੀ ਚਾਹ ਦਾ ਅਨੰਦ ਦੁੱਗਣਾ ਕਰ ਦਿੰਦੇ ਹਨ। ਮੰਕੀ ਮੱਡ ਕੈਫ਼ੇ ਤੋਂ ਚੈੱਕ – ਆਊਟ ਦਾ ਸਮਾਂ ਸਵੇਰੇ 11 ਵਜੇ ਹੁੰਦਾ ਹੈ। ਹੁਣ ਅਸੀਂ ਬੀਰ ਦੇ ਤਿੱਬਤੀ ਬਾਜ਼ਾਰ ਵਿੱਚ ਘੁੰਮਣ – ਫਿਰਨ , ਖਰੀਦਦਾਰੀ ਕਰਨ , ਇਸ ਖੇਤਰ ਨੂੰ ਦਿਨ ਦੇ ਚਾਨਣ ਵਿੱਚ ਦੇਖਣ ਅਤੇ ਕਈਆਂ ਨੇ ਪੈਰਾਗਲਾਈਡਿੰਗ ਕਰਨ ਲਈ ਕਮਰ ਕੱਸੀ। ਹਰੀਆਂ – ਭਰੀਆਂ ਗਗਨ ਚੁੰਮੀ ਪਰਬਤੀ ਚੋਟੀਆਂ ਦਾ ਦ੍ਰਿਸ਼ ਮਨ ਨੂੰ ਛੂਹ ਰਿਹਾ ਸੀ।
ਫਿਰ ਅਸੀਂ ਬੀਰ ਵਿਖੇ ਪ੍ਰਸਿੱਧ ਬੋਧੀ ਮੱਠ ” ਸ਼ੈਰਿੰਗਯੋੰਗ ਮੋਨੈਸਟਰੀ ” ਨੂੰ ਦੇਖਿਆ। ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਇਨ੍ਹਾਂ ਬੋਧੀ ਮੱਠਾਂ / ਮੋਨੈਸਟਰੀਆਂ ਵਿੱਚ ਹੱਦ ਤੋਂ ਵੱਧ ਸ਼ਾਂਤੀ ਦੇਖਣ ਨੂੰ ਮਿਲ਼ੀ। ਇੱਥੇ ਰਹਿਣ ਵਾਲ਼ੇ ਬੋਧੀ ਲੋਕ ਬਹੁਤ ਜ਼ਿਆਦਾ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ। ਇਨ੍ਹਾਂ ਮੋਨੈਸਟਰੀਆਂ ਵਿੱਚ ਜਾ ਕੇ ਇਹ ਵੀ ਮਹਿਸੂਸ ਹੋਇਆ ਕਿ ਇਹ ਬੋਧੀ ਲੋਕ ਬਾਹਰੀ ਰੌਲ਼ੇ – ਰੱਪੇ ਤੇ ਬਾਹਰੀ ਲੋਕਾਂ ਦੀ ਦਖਲਅੰਦਾਜੀ ਤੋਂ ਵੱਖ ਤੇ ਵਿਮੁੱਖ ਰਹਿੰਦੇ ਹਨ। ਇਨ੍ਹਾਂ ਮੋਨੈਸਟਰੀਆਂ ਵਿੱਚ ਕੰਧਾਂ , ਕੱਪੜੇ ਅਤੇ ਲੱਕੜ ‘ਤੇ ਹੋਈ ਚਿੱਤਰਕਾਰੀ – ਨੱਕਾਸ਼ੀ ਬੇਹੱਦ ਕਮਾਲ ਦੀ ਹੈ। ਬੀਰ – ਬਿਲ਼ਿੰਗ ਵਿਖੇ ਘੁੰਮਣ – ਫ਼ਿਰਨ ਸਮੇਂ ਦਰੱਖ਼ਤਾਂ , ਮੋਨੈਸਟਰੀਆਂ ਤੇ ਹੋਰ ਕਈ ਥਾਵਾਂ ‘ਤੇ ਲੱਗੇ ” ਪ੍ਰੇਅਰ – ਫਲੈਗਜ਼ ” ( ਪ੍ਰਾਰਥਨਾ – ਝੰਡੀਆਂ ) ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ ਤੇ ਇੱਕ ਵੱਖਰੀ ਤੇ ਅਲੌਕਿਕ ਛਟਾ ਵਿਖੇਰ ਰਹੀਆਂ ਸਨ।ਲੋਕੀਂ ਇਨ੍ਹਾਂ ਪ੍ਰੇਅਰ – ਫਲੈਗਜ਼ ਕੋਲ਼ ਚਾਈਂ – ਚਾਈਂ ਫੋਟੋਆਂ ਖਿਚਵਾ ਰਹੇ ਸਨ। ਇਸ ਤੋਂ ਬਾਅਦ ਅਸੀਂ ਲਗਭਗ 5 – 7 ਕਿਲੋਮੀਟਰ ਦੂਰ ” ਬੰਗੋਰੂ ਵਾਟਰ ਫ਼ਾੱਲ ” ਦੇਖਣ ਚਲੇ ਗਏ।ਇੱਥੋਂ ਦੇ ਕੁਦਰਤੀ ਦ੍ਰਿਸ਼ ਬਹੁਤ ਸੋਹਣੇ ਸਨ। ਇਸ ਸਥਾਨ ‘ਤੇ ਸਾਨੂੰ ਗਾਈਡ ਜ਼ਰੂਰ ਕਰ ਲੈਣਾ ਚਾਹੀਦਾ ਹੈ।
ਇਸ ਸਥਾਨ ‘ਤੇ ਅਡਵੈਂਚਰਜ ਦਾ ਵੀ ਪ੍ਰਬੰਧ ਹੈ। ਫਿਰ ਸਾਡੇ ਵਿੱਚੋਂ ਕਈਆਂ ਨੇ ਬਿਲਿੰਗ ਵਿਖੇ ਪੈਰਾਗਲਾਈਡਿੰਗ ਕਰਨ ਦਾ ਲੁਤਫ਼ ਉਠਾਇਆ। ਬਿਲਿੰਗ ਵਿਖੇ ਪੈਰਾਗਲਾਈਡਿੰਗ ਦੀ ” ਟੇਕ ਆੱਫ਼ ਸਾਈਟ ” ਹੈ ਅਤੇ ਬੀਰ ਵਿਖੇ ਪੈਰਾਗਲਾਈਡਿੰਗ ਲਈ ” ਲੈਂਡਿੰਗ ਸਾਈਟ ” ਹੈ। ਬੱਚਿਓ ! ਪੈਰਾਗਲਾਈਡਿੰਗ ਕਰਨ ਸਮੇਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਪੈਰਾਗਲਾਈਡਿੰਗ ਕਰਦੇ ਸਮੇਂ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਹਰੇਕ ਪੈਰਾਗਲਾਈਡਰ ਦੇ ਨਾਲ਼ ਉੱਡਣ ਸਮੇਂ ਇੱਕ ਗਾਈਡ ਵੀ ਨਾਲ ਹੁੰਦਾ ਹੈ। ਕਮਜ਼ੋਰ ਦਿੱਲ ਵਾਲ਼ੇ ਵਿਅਕਤੀ ਨੂੰ ਪੈਰਾਗਲਾਈਡਿੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਲਗਭਗ 15 ਕੁ ਮਿੰਟ ਪੈਰਾਗਲਾਈਡਰ ਹਵਾ ਵਿੱਚ ਰਹਿੰਦਾ ਹੈ। ਬੱਚਿਓ ! ਬੀਰ – ਬਿਲਿੰਗ ਵਿਖੇ ਪੈਰਾਗਲਾਈਡਿੰਗ ਵਰਲਡ ਕੱਪ ਹੋਇਆ ਸੀ। ਉਸ ਤੋਂ ਬਾਅਦ ਇਹ ਥਾਂ ਪੈਰਾਗਲਾਈਡਿੰਗ ਲਈ ਵਿਸ਼ਵ ਪ੍ਰਸਿੱਧ ਹੋ ਗਈ। ਘੁੰਮਦੇ – ਘੁੰਮਦੇ ਹਨੇਰਾ ਹੋ ਚੁੱਕਾ ਸੀ। ਅਸੀਂ ਦੂਸਰੀ ਰਾਤ ਨੂੰ ਵੀ ” ਮੰਕੀ ਮੱਡ ਕੈਫ਼ੇ ” ‘ਚ ਹੀ ਕੈੰਪ ਵਿੱਚ ਠਹਿਰਣ ਦਾ ਫ਼ੈਸਲਾ ਕੀਤਾ ; ਕਿਉਂਕਿ ਸਭ ਨੂੰ ਇੱਥੇ ਕੈਂਪ ‘ਚ ਰਹਿਣਾ ਬਹੁਤ ਪਸੰਦ ਆਇਆ ਸੀ। ਇੱਥੋਂ ਦੇ ਪ੍ਰਬੰਧਕਾਂ ਦਾ ਵਰਤਾਉ , ਮਾਹੌਲ ਤੇ ਸ਼ਾਂਤੀ ਸਾਨੂੰ ਕਾਫ਼ੀ ਰਾਸ ਆਏ ਸਨ।
ਅਸੀਂ ਦੋ ਰਾਤਾਂ ਇੱਥੇ ਗੁਜ਼ਾਰਨ ਤੋਂ ਬਾਅਦ ਤੀਸਰੇ ਦਿਨ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਕੋਲ ਫਿਰ ਆਉਣ ਦਾ ਵਾਅਦਾ ਕਰਕੇ ਉਹਨਾਂ ਤੋਂ ਅਲਵਿਦਾ ਲਈ।ਹੁਣ ਅਸੀਂ ਬੀਰ ਤੋਂ ਲਗਭਗ 10 -12 ਕਿਲੋਮੀਟਰ ਦੂਰ ਬਹੁਤ ਵੱਡੀ ਤੇ ਮਸ਼ਹੂਰ ” ਪਾਲਪੁੰਗ ਸ਼ੈਰਾਬਲਿੰਗ ਮੋਨੈਸਟਰੀ ” ( ਬੋਧੀ ਮੱਠ ) ਦੇਖਣ ਲਈ ਰਵਾਨਾ ਹੋ ਗਏ। ਪਹਾੜੀ ‘ਤੇ ਘੁਮਾਵਦਾਰ ਅਤੇ ਵਲ਼ – ਵਲ਼ੇਵੇਂ ਖਾਂਦੀ ਸੜਕ ਦੇ ਆਲ਼ੇ – ਦੁਆਲ਼ੇ ਵੱਡੇ – ਵੱਡੇ ਚੀਲ ਤੇ ਦੇਵਦਾਰ ਆਦਿ ਦੇ ਦਰੱਖ਼ਤ ਬਹੁਤ ਮਨਮੋਹਕ ਨਜ਼ਾਰਾ ਪੇਸ਼ ਕਰ ਰਹੇ ਸਨ। ਇਹ ਮੋਨੈਸਟਰੀ ਬਹੁਤ ਜ਼ਿਆਦਾ ਇਕਾਂਤ ਅਤੇ ਸ਼ਾਂਤ ਸਥਾਨ ‘ਤੇ ਸਥਿਤ ਹੈ। ਇੱਥੇ ਬਹੁਤ ਵੱਡਾ ਤੇ ਰਿਹਾਇਸ਼ੀ ਬੋਧੀ ਸਕੂਲ ਵੀ ਹੈ। ” ਪਾਲਪੁੰਗ ਸ਼ੈਰਾਬਲਿੰਗ ਮੋਨੈਸਟਰੀ ” ਸੱਚਮੁੱਚ ਬਹੁਤ ਸੁੰਦਰ , ਦਿਲਕਸ਼ ਤੇ ਹਸਤਕਲਾ ਨਾਲ ਭਰਪੂਰ ਬੋਧੀ ਮੱਠ ਹੈ। ਇਨ੍ਹਾਂ ਮੋਨੈਸਟਰੀਆਂ ਨੂੰ ਦੇਖਣ ਦੀ ਕੋਈ ਫੀਸ ਨਹੀਂ ਲੱਗਦੀ।
ਹਿਮਾਚਲ – ਪ੍ਰਦੇਸ਼ ਦੇ ਅਨੌਖੇ ਮਨਮੋਹਕ ਦਿਲਕਸ਼ ਪਹਾੜੀ ਖੇਤਰ ਬੀਰ – ਬਿਲਿੰਗ ਤੋਂ ਵਿਦਾ ਲੈ ਕੇ ਤੀਸਰੇ ਦਿਨ ਅਸੀਂ ਪਾਲਮਪੁਰ ਵਿਗਿਆਨ ਕੇਂਦਰ ਨੂੰ ਦੇਖਿਆ।ਵਿਗਿਆਨ ਨੂੰ ਸਮਝਣ ਲਈ ਤੇ ਵਿਦਿਆਰਥੀਆਂ ਲਈ ਇਹ ਬਹੁਤ ਵਧੀਆ ਥਾਂ ਹੈ। ਫਿਰ ਵਾਪਸੀ ਸਮੇਂ ਅਸੀਂ ਮਾਤਾ ਬਗਲਾਮੁਖੀ ਮੰਦਿਰ ਦੇਖਿਆ ਤੇ ਘਰ ਲਈ ਤੁਰ ਪਏ। ਪਿਆਰੇ ਬੱਚਿਓ ! ਤੁਹਾਨੂੰ ਜਿੰਦਗੀ ਵਿੱਚ ਜਦੋਂ ਮੌਕਾ ਮਿਲ਼ਿਆ ਤੁਸੀਂ ਬੀਰ – ਬਿਲਿੰਗ ਵਿਖੇ ਘੁੰਮਣ – ਫਿਰਨ ਤੇ ਕੁਦਰਤ ਨੂੰ ਨਿਹਾਰਨ ਲਈ ਜ਼ਰੂਰ ਜਾਇਓ।
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ