ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 568 ਲੋਕਾਂ ਦੀ ਮੌਤ; ਕਈ ਇਮਾਰਤਾਂ ਤਬਾਹ

ਅੰਕਾਰਾ (ਸਮਾਜ ਵੀਕਲੀ) : ਦੱਖਣੀ-ਪੂਰਬੀ ਤੁਰਕੀ ਅਤੇ ਸੀਰੀਆ ਵਿੱਚ ਅੱਜ ਤੜਕੇ 7.8 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਮਾਰਤਾਂ ਢਹਿ ਗਈਆਂ। ਭੂਚਾਲ ਨਾਲ ਸਬੰਧਤ ਘਟਨਾਵਾਂ ’ਚ ਘੱਟੋ-ਘੱਟ 568 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਰਮਚਾਰੀ ਹਾਲੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭ ਰਹੇ ਹਨ। ਘੱਟ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਅੰਦਰ ਫਸੇ ਲੋਕ ਅਤੇ ਸੜਕ ’ਤੇ ਲੋਕਾਂ ਨੂੰ ਮਦਦ ਲਈ ਚੀਕਦੇ ਦੇਖਿਆ ਗਿਆ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਆਂਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਟਵੀਟ ਕੀਤਾ ਕਿ ਭੂਚਾਲ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਭੂਚਾਲ ਤੋਂ ਬਾਅਦ ਵੀ ਫਿਰ 6 ਝਟਕੇ ਮਹਿਸੂਸ ਕੀਤੇ ਗਏ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਲੋਕਾਂ ਨੂੰ ਨੁਕਸਾਨੀਆਂ ਇਮਾਰਤਾਂ ਵਿੱਚ ਜਾਣ ਤੋਂ ਬਚਣ ਦਾ ਸਲਾਹ ਦਿੱਤੀ ਹੈ।

ਤੁਰਕੀ ਦੇ ਮਾਲਾਤਿਆ ਸੂਬੇ ਦੇ ਗਵਰਨਰ ਹੁਲੁਸੀ ਸਾਹੀਨ ਨੇ ਕਿਹਾ ਕਿ ਘੱਟੋ-ਘੱਟ 130 ਇਮਾਰਤਾਂ ਢਹਿ ਗਈਆਂ ਹਨ। ਦੀਯਾਰਬਾਕਿਰ ਸ਼ਹਿਰ ਵਿੱਚ ਘੱਟੋ-ਘੱਟ 15 ਇਮਾਰਤਾਂ ਢਹਿ ਗਈਆਂ। ਉੱਤਰੀ-ਪੱਛਮੀ ਸੀਰੀਆ ਵਿੱਚ ਵਿਰੋਧੀ ਧਿਰ ਸੀਰੀਅਨ ਸਿਵਲ ਡਿਫੈਂਸ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਵਿੱਚ ਸਥਿਤੀ ਨੂੰ ‘‘ਵਿਨਾਸ਼ਕਾਰੀ’’ ਦੱਸਦਿਆਂ ਕਿਹਾ ਕਿ ਢਹਿ-ਢੇਰੀ ਹੋ ਰਹੀਆਂ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ। ਸੀਰਿਆਈ ਸਿਵਲ ਡਿਫੈਂਸ ਨੇ ਲੋਕਾਂ ਨੂੰ ਇਮਾਰਤਾਂ ਦੇ ਬਾਹਰ ਅਤੇ ਖੁੱਲ੍ਹੀਆਂ ਥਾਵਾਂ ’ਤੇ ਰਹਿਣ ਲਈ ਕਿਹਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗਾਜ਼ੀਆਂਟੇਪ ਤੋਂ ਕਰੀਬ 33 ਕਿਲੋਮੀਟਰ ਦੂਰ 18 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੇ ਝਟਕੇ ਸੂਬਿਆਂ ’ਚ ਮਹਿਸੂਸ ਕੀਤੇ ਗਏ। ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੱਛਮੀ ਏਸ਼ੀਆ ਬਰਫੀਲੇ ਤੂਫਾਨ ਦੀ ਲਪੇਟ ’ਚ ਹੈ, ਜਿਸ ਦੇ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

 

Previous articleਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ : ਬੀਰ – ਬਿਲਿੰਗ
Next articleਮੁਹੱਲਾ ਟਿੱਬੇ ਵਾਲਾ ਅੱਪਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ