ਸਾਡੇ ਪਿੰਡਾਂ ਦੀਆਂ ਤੁਰੀਆਂ ਫਿਰਦੀਆਂ ਰੌਣਕਾਂ ਬੋਘੜ੍ਹ –

ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) 
ਸੁਣਾ ਬੋਘੜਾ… ਕਿਵੇਂ ਐਂ..?
ਪੁੱਛ ਨਾ ਬਾਈ…. ਢਿੱਲੀ ਐ ਗੱਡੀ ।
ਕੀ ਹੋਇਆ..?
ਫਿਫਰੇ ਕੰਮ ਛੱਡ ਜਾਂਦੇ ਐ ।  ਸਾਹ ਚੜ੍ਹ ਜਾਂਦਾ …ਫੇਰ ਤਾਂ ਪੁੱਛ ਨਾਂ ਬਾਈ
ਗੁਰਦੇ ਖਿੱਦੋ ਆਂਗੂ ਬੁੜਕਦੇ ਐ ..!
ਸਾਡੇ ਪਿੰਡ ਆਲੇ ਬੋਘੜ ਦਾ ਬਿਮਾਰੀ ਦੱਸਣ ਦਾ ਅੰਦਾਜ ਵੀ ਨਿਰਾਲਾ ਈ ਐ।
ਇੱਕ ਦਿਨ  ਪਿੰਡ ਆਲੀ ਡਿਸਪੈਂਸਰੀ ਚ ਚਲਾ ਗਿਆ ।ਲੰਚ  ਟਾਈਮ ਸੀ , ਡਾਕਟਰ ਦਫਤਰ ਵਿੱਚ ਆਪਣੇ ਟੇਬਲ ਤੇ ਰੋਟੀ ਖਾ ਰਿਹਾ ਸੀ।
ਬੋਘੜ ਨੂੰ ਕਈ ਦਿਨਾਂ ਤੋਂ ਕਬਜ ਦੀ ਸ਼ਿਕਾਇਤ ਸੀ।
“ਡਾਕਟਰ ਸਾਹਬ ….ਕਬਜ ਆ  ਕਈ ਦਿਨਾਂ ਦੀ ….ਢਿੱਡ ਪੱਥਰ ਬਣਿਆ ਪਿਆ ।
ਵੱਖੀਆਂ ਚ ਦੋਹੀਂ  ਪਾਸੀਂ ਉਂਗਲਾਂ ਖੋਬ੍ਹਦਾ  ਬੋਲਦਾ ….” ਨਾੜਾਂ ਚ … ਆਹ …ਐਥੇ …..ਦੋਂਹੀਂ ਪਾਸੀਂ ….ਗੂੰਹ….ਜੰਮਿਆ ਪਿਆ । ਕੋਈ ਐਸੀ ਦੁਆਈ ਦੇਓ  …ਨਾੜਾਂ ਸਾਫ ਹੋ ਜਾਣ… ਹੌਲਾ ਫੁੱਲ ਹੋਜਾਂ …! “
ਡਾਕਟਰ ਦੇ ਮੂੰਹ ਚ ਪਾਈ ਬੁਰਕੀ ਖਤਮ ਹੁੰਦਿਆਂ ਹੁੰਦਿਆਂ ਬੋਘੜ  ਨੇ ਇੱਕੋ ਸਾਹੇ ਆਪਣੀ ਸਾਰੀ ਬਿਮਾਰੀ ਬਿਆਨ ਕਰਕੇ ਅਗਲਾ ਸਾਹ ਲਿਆ।
ਡਾਕਟਰ ਨੇ ਥਾਂਏਂ ਰੋਟੀ ਛੱਡ  ਦਿੱਤੀ। ਬੋਘੜ ਦੀਆਂ ਕੱਚਿਆਣ ਭਰੀਆਂ  ਗੱਲਾਂ ਸੁਣ ਕੇ …..ਆਪਣੀ  ਉਲਟੀ ਮਸਾਂ ਰੋਕੀ  । ਕਲਾਸ ਫੋਰ ਬੁਲਾਕੇ ਬੋਘੜ ਨੂੰ ਡਿਸਪੈਂਸਰੀ ਚੋਂ ਬਾਹਰ ਕੱਢ ਦਿੱਤਾ।
ਬੋਘੜ ਹੈਰਾਨ …ਸੋਚੇ , “ਵਈ ਡਾਕਟਰ ਗੁੱਸਾ ਖਵਰੇ ਕਿਹੜੀ ਗੱਲ ਦਾ ਕਰ ਗਿਆ..? ਬੰਦਾ ਹੁਣ ਬਿਮਾਰੀ ਹਸਪਤਾਲ ਚ ਡਾਕਟਰ ਕੋਲ ਨਾ ਦੱਸੂ …..ਹੋਰ ਡਾਕਖਾਨੇ ਜਾਕੇ ਦੱਸੂ..? “
ਬੋਘੜ ਮੇਰਾ ਵੀ ਆੜੀ ਸੀ  ਚ ਤੇ ਮੇਰੇ ਮਰਹੂਮ ਚਾਚੇ ਦਾ ਵੀ ਗਹਿਗੱਡ ਯਾਰ ਸੀ ।ਸ਼ਾਮ ਨੂੰ ਦੋਵੇਂ ‘ਮੋਟਾ ਸੰਤਰਾ’ ਸ਼ਰਾਬ ਦੇ  ਚਾਰ ਚਾਰ ਪੈੱਗ ਲਾਕੇ  …..ਪਿੰਡ ਦੇ ਸਰਪੰਚ ਤੋ ਲੈਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਦੀ ਅਹੀ ਤਹੀ ਫੇਰਦੇ।
ਦਾਰੂ ਪੀਅ ਕੇ .. ਬੋਘੜ ਨੂੰ ਪੰਜਾਬ ਤੇ ਚੜੇ ਕਰਜੇ ਦੀ ਚਿੰਤਾ ਘੇਰ ਲੈਂਦੀ।
ਫੇਰ ਉਹ ਇੱਕ “ਐਕਸਟਰਾ ਲਾਰਜ ” ਪੈੱਗ ਲਾਕੇ  ..ਪੰਜਾਬ ਸਿਰ ਚੜ੍ਹੇ  ਕਰਜੇ  ਦਾ ਹੱਲ ਕੱਢਦਾ।
“ਦੇਖ ਬਾਈ …..ਮੋਦੀ …ਬਾਦਲ ਦੀ ਜਮਾਂ ਨੀ ਮੋੜਦਾ …. ਏਹ ਖਚਰਾ ਬੁੜ੍ਹਾ ….ਚਾਹੇ ਤਾਂ ਆਥਣ ਨੂੰ ਕਰਜਾ ਮਾਫ ਕਰਾ ਲਿਆਵੇ।”
“ਮੰਨ ਲੈਅ ….ਜੇ ਮੋਦੀ ਨਹੀ ਮੰਨਦਾ ਤਾਂ ਬਾਦਲ ਹੋਰੂੰ ਕਰੇ । “
ਸਾਰੇ ਇੱਕ ਦਮ ਚੁੱਪ ਹੋਕੇ ਸੁਣਦੇ ਕਿ ਬੋਘੜ ਪਤਾ ਨੀ ਕੀ ਸੱਪ ਕੱਢਣ  ਲੱਗਿਆ।
” ਵੇਖ ….ਬਾਦਲ ਮੋਦੀ ਕੋਲੋ ਪੰਜਾਬ ਦੇ ਬਾਕੀ ਕਾਗਜ ਵੀ ਕੱਢਵਾਂਉਦਾ ਹੋਣਾ ?”
“ਬਾਦਲ ਜੇ  ਸਿਆਣਾ ਹੋਵੇ …ਤਾਂ ਕੀ ਕਰੇ…. ਕਰਜੇ ਮਾਅਫੀ ਦੀ ਚਿੱਠੀ ਟੈਪ ਕਰਾ ਕੇ ਰੱਖੇ । ਜਿੱਦਣ ਕਾਗਜ ਬਾਹਲੇ ਹੋਣ ….ਬਾਕੀ ਦੀਆਂ ਫੈਲਾਂ  ਵਿੱਚ ….ਬੋਚ ਕ ਦੇਣੇ ….ਵਿਚਾਲੇ ਜੇ …..ਕਰਜੇ ਮਾਫੀ ਆਲੀ ਚਿੱਠੀ ਵੀ  ਰੱਖ ਦੇਵੇ।
 ਮੋਦੀ ਵੀ ਪੜਿਆ ਲਿਖਿਆ ਤਾਂ ਮੇਰੇ ਅਰਗਾ ਈ ਐ । ਸੈਨ ਕਰਾ ਲਵੇ ਚਿੱਠੀ …ਜਿਵੇਂ ਆਪਣੇ ਜੰਗੀ ਜੈਲਦਾਰ ਨੇ ਯੂਪੇ ਦੀ ਜਮੀਨ ਲਿਖਾ  ਲੀ ਸੀ ਧੋਖੇ ਨਾਲ ।
ਬੱਸ ਜਿੱਦਣ ਕੋਈ ਕਰਜੇ ਬਾਰੇ ਹਮਕੋ ਤੁਮਕੋ ਕਰੇ ….ਓਦਣ  ਉਹ ਚਿੱਠੀ ਕੱਢ ਕੇ ਸਾਹਮਣੇ ਵਿਖਾ ਦੇਵੇ ….ਸ਼ੀਸ਼ਾ .. ਬਈ ….ਆਹ ਚੱਕ..!”
ਉਹ ਹੱਥ ਦਾ ਸ਼ੀਸ਼ਾ ਬਣਾਕੇ ਦੱਸਦਾ ……!
ਕੇਰਾਂ ਤਾਂ ਸੁਣਨ ਆਲਾ ਦੰਦਾਂ ਚ ਉਂਗਲਾਂ ਦੇ ਲੈਂਦਾ ।
ਇੱਕ ਦਿਨ ਮੈ ਛੇੜ ਲਿਆ  ,” ਬੋਘੜਾ ….ਵੇਖ ਕਿੰਨਾ ਸਿਆਣੈਂ  ਯਾਰ ਤੂੰ । ਜੇ ਕਿਤੇ ਪੜਿਆ ਲਿਖਿਆ ਹੁੰਦਾ ਪਤਾ ਨੀ  ਕੀ ਨੇ੍ਹਰੀ  ਲਿਆ ਦਿੰਦਾ .. ਉਏ … ਪੜ੍ਹਿਆ ਕਿਉਂ ਨੀ ..?”
“ਪੜਾਈ ਦੀ ਗੱਲ ਸੁਣ ਲਾ ਬਾਈ। ਸਾਡੇ ਵੇਲੇ ਸਕੂਲ ਚ ਕਿਹੜੇ ਮੇਜ ( ਡੈਸਕ) ਹੁੰਦੇ ਸੀ ।ਸਾਰੇ ਆਵਦੀ ਆਵਦੀ ਬੋਰੀ ਲਿਜਾਂਦੇ ਹੁੰਦੇ। ਭੂੰਜੇ ਈ ਵਿਛਾ ਕੇ ਕਲਾਸਾਂ ਲਾਉਂਦੇ ।
ਮੈ ਪਹਿਲੇ ਦਿਨੋ ਈ ਬਾਈ ਭੁਲੱਕੜ ਬੜਾ ਸੀ। ਤਿੰਨ ਚਾਰ ਬੋਰੀਆਂ ਗੁਆ ਆਇਆ। ਬੇਬੇ ਨੇ ਬਾਪੂ ਤੋਂ ਚੋਰੀਓ ਉਹਦੀਆਂ ਕਣਕ ਪਾਉਣ ਆਲੀਆਂ ਸਾਂਭ ਕੇ ਰੱਖੀਆਂ ਬੋਰੀਆਂ ਮੈਨੂੰ ਦੇ ਦਿੱਤੀਆਂ। ਮੈ ਇੱਕ ਦੋ ਉਹਨਾਂ ਵਿੱਚੋਂ ਵੀ ਗੁਆ ਆਇਆ।
ਬਾਪੂ ਨੂੰ ਲੱਗ ਗਿਆ ਪਤਾ । ਪਹਿਲਾਂ ਤਾਂ ਉਹਨੇ ਬੇਬੇ ਨਾਲ ਕੁੱਤੇਖਾਣੀ ਕੀਤੀ ਫੇਰ ਮੈਨੂੰ ਪੜ੍ਹਨੋ ਹਟਾ ਲਿਆ ਕਹਿੰਦਾ ਪੜ੍ਹ ਕੇ ਕਿਹੜਾ ਡੀ.ਸੀ. ਲੱਗਿਆ ਖੜਾ। ਜਿਹੜੀਆਂ ਚਾਰ ਬੋਰੀਆਂ ਕਣਕ ਪਾਉਣ ਲਈ ਰੱਖੀਆਂ ਉਹ ਵੀ ਗੁਆ ਦੂ … ਖਾਣ ਆਲੇ ਚਾਰ ਦਾਣੇ ਉਹ ਵੀ ਰੋਲ ਬੈਠਾਂਗੇ ।ਬਾਪੂ  ਮੈਂਨੂੰ ‘ਬੋਰੀ ਗੁਆਉਣਾ’ ਕਹਿੰਦਾ ਰਿਹਾ ਕਿੰਨੀ ਦੇਰ।
ਕਦੇ ਕਦੇ ਬੋਘੜ ਐਸੀਆਂ ਗੱਲਾਂ ਕਰਦਾ…. ਲੱਗਦਾ ਕਿ ਉਹਦੇ ਨਾਲ ਦਾ ਸਿਆਣਾ ਕੋਈ ਨੀ। ਮੈਨੂੰ ਇੱਕ ਦਿਨ ਖੁਸਫੁਸੀ ਜੀ ਅਵਾਜ ਚ  ਕਹਿੰਦਾ,”ਬਾਈ ਘਰ ਦੇ ਪੈਸੇ ਟਕੇ ਦਾ ਹਿਸਾਬ ਆਵਦੇ ਕੋਲ ਰੱਖਿਆ ਕਰ।
ਮੈ ਕਿਹਾ ਬੋਘੜਾ ਮੇਰਾ ਤਾਂ ਸਾਰਾ ਹਿਸਾਬ ਕਿਤਾਬ ਘਰਵਾਲੀ ਕੋਲ ਈ ਐ। ਮੇਰੇ ਨਾਲੋਂ ਤਾਂ ਕਿਤੇ ਵਧੀਆ ਹਿਸਾਬ ਰੱਖਦੀ ਐ।
“ਨਾ ਬਾਈ … ਬੁੜੀ ਤਾਂ …ਡੱਕੇ ਨਾਲ …ਘਰ ਪੱਟ ਦਿੰਦੀ ਐ । ਬੰਦੇ ਕੋਲੋਂ ਕਹੀ ਨਾਲ ਨੀ ਪੱਟਿਆ ਜਾਂਦਾ।” ਮੈਨੂੰ  ਏਸ ਸਿਆਣਪ ਦੀ ਪੂਰੀ ਸਮਝ ਅੱਜ ਤਾਈ ਨੀ ਆਈ ।
ਪਰ ਏਸ ਤਰਾਂ ਦੀਆਂ ” ਬੋਘੜ ਮੇਡ” ਹੋਰ ਵੀ ਕਿਨੀਆਂ ਕਹਾਵਤਾਂ ਨੇ ਜੋ ਪਹਿਲਾਂ ਕਿਤੇ ਨਾਂ ਪੜੀਆਂ ਨਾ ਸੁਣੀਆਂ।
ਸਾਡੇ ਪਿੰਡ ਆਲੇ ਸਰਦਾਰੇ  ਨੰਬਰਦਾਰ ਨਾਲ ਬੋਘੜ ਦੀ ਨੀ ਬਣਦੀ। ਦਰਬਾਰੇ ਦਾ ਢਿੱਡ ਬਹੁਤ ਵਧਿਆ ਹੋਇਆ।
ਇੱਕ ਦਿਨ ਸ਼ਾਮ ਨੂੰ ਚਾਚਾ ਤੇ ਬੋਘੜ ਪੈੱਗ ਲਾਈ ਜਾਣ ਤਾਂ ਸਰਦਾਰਾ  ਨੰਬਰਦਾਰ ਆ ਗਿਆ। ਬੋਘੜ ਨੇ ਛੇਤੀ ਦਿਨੇ ਬੋਤਲ ਲਕੋ ਤੀ ਤੇ ਕਹਿੰਦਾ , ਆਗਿਆ …ਕੌਲੀ ਚੱਟ … ਸਾਲੇ ਨੇ ਮੁਫਤ ਦੀਆਂ ਖਾ ਖਾ ਕੇ ਢਿੱਡ ਵੇਖ ਕਿਵੇਂ ਵਧਾਇਆ ਜਿਵੇਂ ” ਕਿਰਲੀ ਨੇ ਭਮੱਕੜ ਖਾਧਾ ਹੁੰਦਾ। “
ਇੱਕ ਵਾਰ ਬੋਘੜ ਨੇ ਸਾਡੇ ਪਿੰਡ ਆਲੇ ਦੇਬੇ ਫੌਜੀ ਨਾਲ ਪੰਜ ਹਜਾਰ ਚ ਹੜੰਬੇ ਦਾ ਸੌਦਾ ਕਰ ਲਿਆ । ਅਗਲੇ ਦਿਨ ਫੌਜੀ ਕਹਿੰਦਾ ਬਾਈ ਬੋਘੜਾ  ਮੈ ਤਾਂ ਚਾਰ ਹਜਾਰ ਦੇਣਾ।  ਬੋਘੜ ਕਹਿੰਦਾ, “ਮੈਨੂੰ ਤੇਰੀ ਸਮਝ ਨੀ ਆਉਦੀ ਫੌਜੀ ਸਿਆਂ  …ਬੰਦੇ ਦੀ ਜੁਬਾਨ ਵੀ ਕੋਈ ਚੀਜ ਹੁੰਦੀ ਐ। ਕੱਲ ਚਾਰ ਬੰਦਿਆਂ ਚ ਪੰਜ ਹਜਾਰ ਦਾ ਆਪਣਾ ਸੌਦਾ ਹੋਇਆ। ਅੱਜ ਤੂੰ ਚਾਰ ਹਜਾਰ ਆਖੀ ਜਾਨਾਂ…..ਕੱਲ ਨੂੰ ਤਿੰਨ ਹਜਾਰ ਕਹਿ ਦੇਂਗਾ ……ਕਮਾਲ ਐ ਯਾਰ ! ਹਗਦੇ ..ਹਗਦੇ ਅਗਾਂਹ ਨੂੰ ਜਾਂਦੇ ਹੁੰਦੇ ਐ ਕਿ ਪਿੱਛੇ ਨੂੰ ਹਟਦੇ ਹੁੰਦੇ ਐ। ( ਪਹਿਲਾਂ ਲੋਕ ਖੇਤਾਂ ਚ ਜੰਗਲ ਪਾਣੀ ਜਾਂਦੇ ਹੁੰਦੇ ਸੀ …ਪਿੱਛੇ ਢੇਰੀਆਂ ਲਾਉਦੇ ਲਾਉਦੇ ਅਗਾਂਹ  ਨੂੰ ਹੋਈ ਜਾਂਦੇ )
ਪ੍ਰਵਾਸੀ ਮਜਦੂਰ  ਬੋਘੜ ਦੇ ਝੋਨਾ ਲਾਉਣ  ਅਏ । ਉਹਨਾਂ ਨੂੰ ਐਵੇਂ ਈ ਗਾਹਲਾਂ ਕੱਢੀ ਜਾਇਆ ਕਰੇ। ਚੌਂਕੇ ਨੇੜੇ ਨਾ ਲੱਗਣ ਦਿਆ ਕਰੇ।
ਕਿਸੇ ਨੇ ਕਿਹਾ ਬੋਘੜਾ ਐਨਾ ਸਖਤ ਨਾ ਹੋਇਆ ਕਰ। ਅੱਗੋ ਕਹਿੰਦਾ , “ਸਖਤਾਈ ਠੀਕ ਰਹਿੰਦੀ ਐ ਬਾਈ । ਇਹਨਾਂ ਨੂੰ ਤਾਂ  ਥਾਂ ਸਿਰ ਈ ਖਿੱਚ ਕੇ ਰੱਖੇ । ਨਹੀ ਤਾਂ  ਤੀਜੇ ਦਿਨ ਈ ……ਚਾਚੀ ਨੂੰ ਭਾਬੀ ਆਖਣ ਲੱਗ ਪੈਂਦੇ ਐ। “
ਇੱਕ ਦਿਨ ਮੈੰਨੂੰ ਕਹਿੰਦਾ ਤੂੰ ਚਾਚੇ ਨੂੰ ਆਖ ਪੀਅ ਕੇ   ਪੈ ਜਾਇਆ  ਕਰੇ । ਇਹ ਘੁੱਟ ਪੀਅ ਕੇ ਹਰਲ ਹਰਲ ਕਰਦਾ ਫਿਰਦਾ । ਪੱਕਾ ਥਾਂ ਐ …ਜੇ ਕਿਤੇ ਨੈਂ ਜਾਣੀਏਂ ਡਿੱਗ ਪਿਆ ਤਾਂ ….ਚੂਕਣਾ ਟੁੱਟ ਜੂ। ਨਰਕ ਭੋਗਾਂਗੇ .. ਨਾਲੇ ਇਹ ਨਾਲੇ ਆਪਾਂ ਉੱਤੇ ਆਲੇ।
ਬੁੜੇ ਬੰਦੇ ਦੀਆਂ ਹੱਡੀਆਂ  ਬਾਈ …..ਪਤਾਸਿਆਂ ਵਰਗੀਆਂ ਹੋ ਜਾਂਦੀਆਂ।
‘ਪਤਾਸਿਆਂ ਵਰਗੀਆਂ ਹੱਡੀਆਂ ਪਹਿਲੀ ਵਾਰੀ ਸੁਣੀਆਂ।
ਮੇਰੇ ਕੋਲ ਇੱਕ ਮੰਗੋਲੀਅਨ ਨਸਲ ਦਾ ਕੁੱਤਾ ਜਿਸਦਾ ਸਿਰ ਬਹੁਤ ਵੱਡਾ।
ਇੱਕ ਦਿਨ ਕਿਸੇ ਨੂੰ ਦੱਸੀ ਜਾਵੇ, “ਕੁੱਤਾ ਤਾਂ ਬਾਈ ਕੋਲ ਐ ….ਬੱਬਰ ਸ਼ੇਰ ਅਰਗਾ ।ਵੇਖਕੇ ਈ ਡਰ ਲਗਦਾ ।’ਬੱਠਲ ਜਿੱਡਾ  ਟੋਟਣ’ ਐ ਬਾਈ ਕੁੱਤੇ ਦਾ । “
ਚਾਚੇ ਦੀ ਮੌਤ ਤੋਂ ਬਾਅਦ ਮੇਰਾ ਵੀ ਪਿੰਡ ਘੱਟ ਵੱਧ ਈ ਗੇੜਾ ਲਗਦਾ । ਪਰ ਜਦੋ ਜਾਵਾਂ ਬੋਘੜ ਨੂੰ ਜਰੂਰ ਮਿਲਦਾਂ। ਹੁਣ ਵੀ ਚਾਚੇ ਨੂੰੂ ਯਾਦ ਕਰਕੇ ਅੱਖਾਂ ਭਰ ਆਊ। ਬਾਈ ਮੇਰਾ ਹੁਣ ਜੀਅ ਨੀ ਲੱਗਦਾ ਚਾਚੇ ਬਿਨਾਂ ਹੁਣ ਤਾਂ ਮੈਂ ਵੀ ਕੱਲਾ ਈ ਹਲਦਾ ਫਿਰਦਾਂ  ‘ ਤਾਂਗੇ  ਆਲੀ ਬਾਲਟੀ ‘ ਵਾਂਗੂ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੜ੍ਹਾਕੇਦਾਰ ਥੱਪੜ
Next articleਪੰਜਾਬ ਪੰਜਾਬੀ ਅਤੇ ਪੰਜਾਬੀਅਤ