(ਸਮਾਜ ਵੀਕਲੀ) ਅਕਸਰ ਪੁਰਾਣੇ ਅਤੇ ਨਵੇਂ ਜ਼ਮਾਨੇ ਦੀ ਗੱਲ ਕਰਦਾ ਰਹਿੰਦਾ ਹਾਂ, ਪਰ ਇਥੇ ਮੇਰਾ ਇਹ ਮਕਸਦ ਹਰਗਿਜ਼ ਨਹੀਂ ਹੈ ਕਿ ਪੁਰਾਣਾ ਜ਼ਮਾਨਾ ਬਹੁਤ ਹੀ ਚੰਗਾ ਸੀ ਤੇ ਹੁਣ ਦਾ ਜਮਾਨਾ ਚੰਗਾ ਨਹੀਂ ਹੈ। ਮੈਂ ਤਾਂ ਸਮਾਜ ਵਿਚ ਸਿਰਫ ਆਈਆਂ ਤਬਦੀਲੀਆਂ ਨੂੰ ਹੀ ਮਾਪਦਾ ਹਾਂ। ਮੈਂ ਸੋਚਦਾ ਰਹਿੰਦਾ ਹਾਂ ਕਿ ਕਿਵੇਂ ਸਾਡੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਆ ਰਹੀਆਂ ਹਨ।ਇੱਕ ਸਮਾਂ ਸੀ ਸਾਡੇ ਘਰਾਂ ਵਿਚ ਪ੍ਰਾਹੁਣੇ ਆਉਂਦੇ ਸਨ।ਪ੍ਰਾਹੁਣੇ ਤਾਂ ਹੁਣ ਵੀ ਆਉਂਦੇ ਹਨ, ਪਰ ਹੁਣ ਦੇ ਪ੍ਰਾਹੁਣਿਆ ਵਿੱਚ ਬਹੁਤ ਫਰਕ ਹੈ।ਅੱਜ ਦੀ ਪ੍ਰਾਹੁਣਚਾਰੀ ਵਿੱਚ ਰਾਤ ਨੂੰ ਰਹਿਣਾ ਮਨਫੀ ਹੋ ਗਿਆ ਹੈl ਇਸ ਦੇ ਕਈ ਕਾਰਨ ਹੋ ਸਕਦੇ ਹਨ।ਉਸ ਜ਼ਮਾਨੇ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ। ਲੋਕਾਂ ਦੇ ਇੰਨੇਂ ਰੁਝੇਵੇਂ ਨਹੀਂ ਸਨ ਜਿੰਨੇਂ ਅੱਜ ਕੱਲ ਹਨl ਉਸ ਜ਼ਮਾਨੇ ਦੀ ਪ੍ਰਾਹੁਣਚਾਰੀ ਵਿੱਚ ਉਚੇਚ ਬਹੁਤ ਸੀ l ਕੁਰਸੀਆਂ ਦਾ ਜ਼ਮਾਨਾ ਨਹੀਂ ਸੀ।ਮੰਜੇ ਤੇ ਬਿਸਤਰਾ ਵਿਛਾਇਆ ਜਾਂਦਾ ਸੀ। ਖਾਣ ਪੀਣ ਦੇ ਵੱਖਰੇ ਢੰਗ ਸਨl ਜ਼ਬਰਦਸਤੀ ਥਾਲੀ ਵਿੱਚ ਚਾਰ ਚਾਰ ਰੋਟੀਆਂ ਰੱਖ ਦਿਤੀਆਂ ਜਾਂਦੀਆਂ ਸਨ ਕਿਉਂਕਿ ਪ੍ਰਾਹੁਣਾ ਸੰਗ ਦੇ ਮਾਰੇ ਰੋਟੀ ਨਹੀਂ ਮੰਗਦਾ ਸੀ।ਅੱਜ ਕੱਲ੍ਹ ਦਾ ਕੁੱਝ ਹੋਰ ਦੌਰ ਹੈ।ਬੱਚਿਆਂ ਸਮੇਤ ਸਾਰੇ ਘਰਦਿਆਂ ਨੂੰ ਚਾਅ ਚੜ੍ਹ ਜਾਂਦਾ ਸੀ। ਦੋ ਤਿੰਨ ਪ੍ਰਾਹੁਣੇ ਆ ਜਾਂਦੇ ਤਾਂ ਮੰਜੇ ਗਵਾਂਢੀਆਂ ਤੋਂ ਲੈਣੇ ਪੈਂਦੇ ਸਨ। ਹੋਰ ਤਾਂ ਹੋਰ ਗੁਆਂਢੀਆਂ ਨੂੰ ਵੀ ਚਾਅ ਚੜ੍ਹ ਜਾਂਦਾ ਸੀ। ਉਹ ਵੀ ਉਹਨਾਂ ਨੂੰ ਆਪਣਾ ਪ੍ਰਾਹੁਣਾ ਹੀ ਸਮਝਦੇ ਸਨ। ਰੋਟੀ ਪਾਣੀ ਤੋਂ ਬਾਅਦ ਸੌਣ ਵਾਸਤੇ ਬਿਸਤਰੇ ਵਿਛਾ ਦਿੱਤੇ ਜਾਂਦੇ ਸਨ। ਫਿਰ ਗੱਲਾਂ ਦੀ ਮਹਿਫ਼ਿਲ ਸ਼ੁਰੂ ਹੁੰਦੀ।ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ।ਆਪਣੀਆਂ ਜਮਾਂ ਹੋਈਆਂ ਗੱਲਾਂ ਕਰਕੇ ਦਿਲ ਹੌਲਾ ਕਰ ਲਿਆ ਜਾਂਦਾ ਸੀ।ਦੋਵੇਂ ਧਿਰਾਂ ਆਪਣੇ ਬਾਕੀ ਹੋਰ ਰਿਸ਼ਤੇਦਾਰਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਕਰ ਲੈਂਦੇ ਸਨ। ਸ਼ਿਕਵੇ ਗਿਲੇ ਵੀ ਕਰ ਲਏ ਜਾਂਦੇ ਸਨ,ਕਿਹਾ ਜਾਂਦਾ ਕਿ ਫਲਾਣੇ ਨੂੰ ਮੈਂ 100 ਰੁਪਏ ਦਾ ਸ਼ਗਨ ਪਾਇਆ ਉਸ ਨੇ ਮੈਨੂੰ ਟੁੱਟੀ ਲੀਰ ਵੀ ਨਹੀਂ ਦਿੱਤੀ ਇਨ੍ਹਾਂ ਨੂੰ ਚੁਗਲੀਆਂ ਨਹੀਂ ਕਿਹਾ ਜਾਂਦਾ ਸੀ ਇਸ ਨਾਲ ਦਿਲ ਦਾ ਗ਼ੁਬਾਰ ਨਿਕਲ ਜਾਂਦਾ ਸੀ। ਮਨ ਫਿਰ ਸਾਫ਼ ਦਾ ਸਾਫ਼,ਹੁਣ ਵਾਂਗ ਨਹੀਂ ਕਿਸੇ ਨਾਲ ਉੱਪਰੋਂ ਉੱਪਰੋਂ ਮਿੱਠਾ ਬੋਲੀ ਜਾਣਾ ਤੇ ਅੰਦਰੋਂ ਉਸ ਪ੍ਰਤੀ ਵੈਰ ਰੱਖਣਾ।ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਹੜਾ ਦੋਸਤ ਹੈ ਤੇ ਕਿਹੜਾ ਦੁਸ਼ਮਣ ਹੈ।ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਆਪਣਿਆਂ ਦੇ ਹੁੰਦਿਆਂ ਹੋਇਆਂ ਸਾਨੂੰ ਦੁਸ਼ਮਣ ਲੱਭਣ ਦੀ ਕੋਈ ਲੋੜ੍ਹ ਨਹੀਂ। ਹੁਣ ਤੇ ਮਿੱਠੀ ਛੁਰੀ ਚੱਲਦੀ ਹੈ।ਹੁਣ ਜੇਕਰ ਕੋਈ ਮਹਿਮਾਨ ਰਾਤ ਰਹਿੰਦਾ ਵੀ ਹੈ ਤਾਂ ਉਸਨੂੰ ਵੱਖਰਾ ਕਮਰਾ ਦੇ ਦਿੱਤਾ ਜਾਂਦਾ ਹੈ। ਮੇਜ਼ ਕੁਰਸੀਆਂ ਲਗਾ ਕੇ ਖਾਣਾ ਪਰੋਸਿਆ ਜਾਂਦਾ ਹੈ ਖਾਣੇ ਵਿੱਚ ਵੀ ਆਪਣੇ ਖਾਣਿਆਂ ਨੂੰ ਛੱਡ ਕੇ ਹੋਰ ਨਵੀਂ ਤਰ੍ਹਾਂ ਦੇ ਖਾਣੇ ਪਰੋਸੇ ਜਾਂਦੇ ਹਨ, ਨਾਲ ਬੈਠ ਕੇ ਖਾਣਾ ਤੇ ਦੱਸਣਾ ਕਿ ਅਸੀਂ ਹੋਰ ਖਾਣਿਆਂ ਨੂੰ ਪਹਿਲ ਦਿੰਦੇ ਹਾਂ ਤੇ ਸਾਡੇ ਬੱਚੇ ਇਹ ਕਰਦੇ ਹਨ ਉਹ ਕਰਦੇ ਹਨ ਵਧਾ ਚੜ੍ਹਾ ਕੇ ਗੱਲਾਂ ਕਰਨਾ ਆਪਣੀ ਟੌਹਰ ਸਮਝੀ ਜਾਂਦੀ ਹੈ। ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਭੁੱਲ ਕੇ ਰਾਜਨੀਤੀ ਤੇ ਆਪਣੇ ਨੇੜੇ ਤੇੜੇ ਦੇ ਨੇਤਾਵਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਮੰਜੇ ਤੇ ਬੈਠ ਕੇ ਖਾਣਾ ਖਾਣਾ ਮੰਜੇ ਉੱਤੇ ਹੀ ਸੌ ਜਾਣਾ ਇਹ ਸਭ ਹੁਣ ਮੇਜ ਕੁਰਸੀਆਂ ਤੇ ਬੈਡ ਬਣ ਗਏ ਹਨ। ਗੱਲਾਂ ਵੀ ਅੱਜ ਕੱਲ ਵਿਦੇਸ਼ੀ ਖਾਣੇ ਵੀ ਵਿਦੇਸ਼ੀ ਹੌਲੀ ਹੌਲੀ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲੋਂ ਟੁੱਟਦੇ ਜਾ ਰਹੇ ਹਾਂ। ਆਪਣੀ ਪਰੋਹੁਣਚਾਰੀ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਸਾਨੂੰ ਵੇਖਾ ਵੇਖੀ ਵਿੱਚ ਹੋਰਾਂ ਦੀ ਨਕਲ ਕਰਨੀ ਆਉਂਦੀ ਹੈ, ਉਹ ਕਿਸ ਤਰ੍ਹਾਂ ਚੰਗਾ ਜੀਵਨ ਬਤੀਤ ਕਰਦੇ ਹਨ ਉਹ ਸਾਨੂੰ ਵਿਖਾਈ ਨਹੀਂ ਦਿੰਦਾ। ਮਿਲ ਕੇ ਬੈਠਣਾ ਤੇ ਦੁੱਖ ਸੁੱਖ ਸਾਂਝਾ ਕਰਨਾ ਸਾਨੂੰ ਆਉਂਦਾ ਨਹੀਂ, ਸਾਡੇ ਬਜ਼ੁਰਗਾਂ ਦੇ ਪਾਏ ਹੋਏ ਪੂਰਨੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹਨ। ਅੰਗਰੇਜ਼ੀ ਬੋਲਣਾ ਜਾਣਦੇ ਹਾਂ ਅੰਗਰੇਜ਼ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਹਨ ਉਹ ਸਾਨੂੰ ਪਤਾ ਹੋਣ ਤੇ ਵੀ ਆਪਣੇ ਉੱਤੇ ਲਾਗੂ ਨਹੀਂ ਕਰਨਾ ਚਾਹੁੰਦੇ? ਸਾਡਾ ਪੰਜਾਬੀ ਵਿਰਸਾ ਤੇ ਸੱਭਿਆਚਾਰ ਅਮੀਰ ਸੀ, ਹੈ, ਤੇ ਰਹੇਗਾ ਕਦੇ ਸੋਚਿਆ?
ਰਮੇਸ਼ਵਰ ਸਿੰਘ ਸੰਪਰਕ ਨੰਬਰ- 7814410176



