ਭਾਰਤ ਦਾ ਲੋਕਤੰਤਰ ਦੁਨੀਆਂ ਲਈ ਮਿਸਾਲ ਬਣ ਗਿਆ ਹੈ – ਪੈਂਥਰ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਅਮਰੀਕਾ ਦੀ ਨਵਾਡਾ ਸਟੇਟ ਰੀਨੋ ਸ਼ਹਿਰ ਵਿਚ ਅੰਬੇਡਕਰੀ ਸਾਥੀਆਂ ਨੇ ਮਿਲ ਕੇ ਭਾਰਤੀ ਸੰਵਿਧਨ ਦੀ 76 ਵੀਂ ਵਰ੍ਹੇ ਗੰਢ ਨੂੰ ਸਮਰਪਿਤ ਸਮਾਗਮ ਅਰਿਸਟੋਟਲ ਚੁੰਬਰ ਦੇ ਗ੍ਰਹਿ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮਾਣਯੋਗ ਹਰਜਿੰਦਰ ਸਿੰਘ ਬੀਕਾ, ਡਾ. ਸੁਭਾਸ਼ ਕੁਮਾਰ ਬੱਧਣ, ਭਗਤ ਰਾਮ ਲੱਧੜ, ਮਿਸ਼ਨਰੀ ਧਰਮ ਪਾਲ ਪੈਂਥਰ ਅਤੇ ਐਡਵੋਕੇਟ ਕਮਲਜੀਤ ਕੌਰ ਆਦਿ ਨੇ ਸਾਂਝੇ ਤੌਰ ਤੇ ਕੀਤੀ ਗਈ। ਸਾਰੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਪੂਨਮ ਲੱਧੜ ਨੇ ਜੀ ਆਇਆ ਕਿਹਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਪ੍ਰਧਾਨਗੀ ਮੰਡਲ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਤਸਵੀਰ ਨੂੰ ਫੁੱਲ ਮਾਲਾ ਭੇਂਟ ਕੀਤੀ ਗਈ। ਇਸ ਸ਼ੁੱਭ ਅਵਸਰ ਦੇ ਮੌਕੇ ‘ਤੇ ਵਧਾਈ ਦਿੰਦੇ ਹੋਏ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆ ਹੋਇਆ ਭਾਰਤੀ ਸੰਵਿਧਾਨ ਨੂੰ ਦੋ ਸਾਲ ਗਿਆਰਾਂ ਮਹੀਨੇ ਅਤੇ ਅਠਾਰਾਂ ਦਿਨਾਂ ਵਿੱਚ ਤਿਆਰ ਕਰਕੇ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਸੀ ਅਤੇ 26 ਨਵੰਬਰ 1949 ਨੂੰ ਪਾਸ ਹੋ ਗਿਆ ਸੀ। ਆਜ਼ਾਦੀ ਦੇ ਲੱਗਭਗ 78 ਸਾਲ ਬੀਤਣ ਦੇ ਬਾਵਜੂਦ ਵੀ ਭਾਰਤੀ ਸੰਵਿਧਾਨ ਬਹੁਤ ਵਧੀਆ ਸਾਬਿਤ ਹੋਇਆ। ਭਾਂਵੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਲਾਤ ਰਹੇ ਹੋਣ ਸਫ਼ਤਾਪੂਰਵਕ ਤਰੀਕੇ ਨਾਲ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਭਾਰਤ ਦਾ ਲੋਕਤੰਤਰ ਦੁਨੀਆਂ ਲਈ ਮਿਸਾਲ ਬਣ ਗਿਆ ਹੈ। ਪੈਂਥਰ ਨੇ ਕਿਹਾ ਕਿ ਜਦ ਦੇਸ਼ ਦਾ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋ ਗਿਆ ਸੀ ਤਾਂ ਦੋ ਮਹੀਨੇ ਬਾਅਦ ਜਾਣੀ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਜਰੂਰ ਉਸ ਵੇਲੇ ਦੇ ਹਾਕਮਾਂ ਅੰਦਰ ਬੇਈਮਾਨੀ ਸੀ ਜਿਹੜਾ ਕਿ ਗੰਭੀਰ ਚਿੰਤਨ ਦਾ ਵਿਸ਼ਾ ਹੈ। ਡਾ. ਸੁਭਾਸ਼ ਬੱਧਣ, ਐਡਵੋਕੇਟ ਕਮਲਜੀਤ ਕੌਰ, ਹਰਜਿੰਦਰ ਸਿੰਘ ਬੀਕਾ ਅਤੇ ਭਗਤ ਰਾਮ ਲੱਧੜ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਮਨੂੰਵਾਦੀ ਤਾਕਤਾਂ ਭਾਰਤੀ ਸੰਵਿਧਾਨ ਵਿੱਚ ਤਰ੍ਹਾਂ ਤਰ੍ਹਾਂ ਦੇ ਨੁਕਸ ਕੱਢ ਕੇ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਸਮੇਂ ਸਮੇਂ ਤੇ ਦੇਸ਼ ਵਿੱਚ ਰਾਜ ਕਰ ਰਹੀਆਂ ਸਰਕਾਰਾਂ ਵੱਲੋਂ ਸੰਵਿਧਾਨ ਵਿੱਚ ਵਾਰ ਵਰ ਸੋਧਾਂ ਕਰਕੇ ਕਮਜ਼ੋਰ ਕੀਤਾ ਜਾ ਰਿਹਾ ਹੈ। ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਮਨੂੰਸਿਮਰਤੀ ਦੇ ਹਿਸਾਬ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਹਨ। ਇਹ ਲੋਕ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ ਜਿਸ ਨਾਲ ਦੇਸ਼ ਵਿਚ ਦੰਗੇ ਹੋ ਸਕਦੇ ਹਨ । ਅਗਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਹਿੰਦੂ ਰਾਸ਼ਟਰ ਦਾ ਢਿੰਡੋਰਾ ਪਿੱਟਣ ਵਾਲੇ ਲੋਕ ਹੋਣਗੇ। ਮਨੂੰਵਾਦੀ ਲੋਕਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਹਜਾਰਾਂ ਸਾਲਾਂ ਤੋਂ ਪੀੜ੍ਹਤ ਲੋਕ ਭਾਰਤੀ ਸੰਵਿਧਾਨ ਦੀ ਬਦੌਲਤ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਗਏ ਹਨ। ਹਰੇਕ ਨਾਗਰਿਕ ਨੂੰ ਸਮਾਨਤਾ, ਸੁਤੰਤਰਤਾ, ਭਾਈਚਾਰਾ ਅਤੇ ਨਿਆਂ ਦੇ ਮੌਕੇ ਮਿਲੇ ਹਨ। ਅੱਜ ਭਾਰਤੀ ਸੰਵਿਧਾਨ ਕਰਕੇ ਦਲਿਤ ਸਮਾਜ ਦੇ ਲੋਕ ਮਾਨ ਸਨਮਾਨ ਅਤੇ ਉੱਚ ਆਹੁਦਿਆਂ ਤੇ ਬਿਰਾਜਮਾਨ ਹੋਏ। ਸਮੂਹ ਬੁਲਾਰਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਸਕੂਲਾਂ ਵਿਚ ਭਾਰਤੀ ਸੰਵਿਧਾਨ ਨੂੰ ਪੜ੍ਹਾਇਆ ਜਾਵੇ ਤਾਂ ਕਿ ਲੋਕਾਂ ਨੂੰ ਆਪਣੇ ਹੱਕ ਅਤੇ ਫ਼ਰਜਾਂ ਦਾ ਅਹਿਸਾਸ ਹੋ ਸਕੇ। ਸ਼੍ਰੀ ਅਰਿਸਟੋਟਲ ਚੁੰਬਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਇਨਸਾਨ ਨੂੰ ਇਹ ਪਵਿੱਤਰ ਗ੍ਰੰਥ ਪੜ੍ਹਨਾ ਚਾਹੀਦਾ ਹੈ। ਸਮਾਗਮ ਨੂੰ ਸਫਲ ਬਣਾਉਣ ਲਈ ਅਜੇ ਕੁਮਾਰ ਲੱਧੜ, ਐਡੀ, ਰਵਿੰਦਰ ਕੁਮਾਰ, ਰਵੀ ਕੁਮਾਰ ਭਟੋਏ, ਸੰਨੀ ਕੁਮਾਰ ਭਟੋਏ, ਰਾਹੁਲ ਕੁਮਾਰ, ਸ਼ੁੱਭਮ, ਪਾਲ ਕੌਰ, ਜਸਵੀਰ ਕੌਰ ਸੰਧੂ, ਜੋਯਤੀ ਲੱਧੜ , ਸੁਮਨ ਬਾਲਾ, ਕਸ਼ਮੀਰ ਕੌਰ, ਨਮੀਸ਼ਾ ਚੁੰਬਰ, ਰਾਜਿੰਦਰ ਕੌਰ ਸੰਧੂ , ਪਰਮਜੀਤ ਕੌਰ, ਨਿਰਮਲਾ ਬੱਧਣ ਆਦਿ ਨੇ ਅਹਿਮ ਭੂਮਿਕਾ ਨਿਭਾਈ।



