(ਸਮਾਜ ਵੀਕਲੀ)
ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…
ਮਜ਼ਦੂਰ ਦਿਵਸ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦਾ ਗੌਰਵਮਈ ਦਿਹਾੜਾ ਹੈ, ਜਿਹੜਾ ਕਿ ਸ਼ਿਕਾਗੋ ਦੇ ਮਜ਼ਦੂਰਾਂ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਭਾਵੇਂ ਅੱਜਕੱਲ੍ਹ ਇਸ ਦਿਨ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਬਣਾਈਆਂ ਗਈਆਂ ਅਖੌਤੀ ਟ੍ਰੇਡ ਯੂਨੀਅਨਾਂ ਵੀ ਰੀਸੋ-ਰੀਸੀ ਮਨਾਉਣ ਲੱਗ ਪਈਆਂ ਹਨ, ਜਿਨ੍ਹਾਂ ਵਿੱਚ ਸਰਮਾਏਦਾਰਾ ਨਿਜ਼ਾਮ ਦੀ ਨੁਮਾਇੰਦਗੀ ਕਰਨ ਵਾਲੀ ਮੁੱਖ ਪਾਰਟੀ ਕਾਂਗਰਸ ਵੀ ਸ਼ਾਮਲ ਹੈ ਅਤੇ ਕੱਟੜਪੰਥੀ ਤਾਕਤਾਂ ਦੀ ਸਰਪ੍ਰਸਤ ਭਾਰਤੀ ਜਨਤਾ ਪਾਰਟੀ ਵੀ, ਜਿਹੜੀਆਂ ਕਿ ਕਿਸੇ ਵੀ ਹਾਲਤ ਵਿੱਚ ਮਜ਼ਦੂਰ ਪੱਖੀ ਹੋ ਹੀ ਨਹੀਂ ਸਕਦੀਆਂ। ਸਿੱਧੇ ਅਤੇ ਸਪੱਸ਼ਟ ਰੂਪ ਵਿੱਚ ਇਹ ਦਿਹਾੜਾ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਜੱਥੇਬੰਦੀਆਂ ਨਾਲ ਹੀ ਸਬੰਧ ਰੱਖਦਾ ਹੈ ਕਿਉਂਕਿ ਮਾਰਕਸਵਾਦ ਹੀ ਇੱਕੋ-ਇੱਕ ਅਜਿਹਾ ਸਿਧਾਂਤ ਹੈ, ਜੋ ਸਹੀ ਅਰਥਾਂ ਵਿੱਚ ਪੂੰਜੀਵਾਦੀ ਪ੍ਰਬੰਧ ਦੇ ਖ਼ਿਲਾਫ਼ ਸੰਘਰਸ਼ ਕਰਨ ਦੇ ਸਮਰੱਥ ਹੈ।
ਬੇਸ਼ੱਕ ਮੈਂ ਕਦੇ ਕਿਸੇ ਹੋਰ ਸਮਾਗਮ ਵਿੱਚ ਸ਼ਾਮਲ ਹੋ ਸਕਾਂ ਜਾਂ ਨਾ ਪਰ ਹਮੇਸ਼ਾ ਹੀ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਪਹਿਲੀ ਮਈ ਦੇ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਜ਼ਰੂਰ ਸ਼ਾਮਲ ਹੋਵਾਂ। ਬੇਸ਼ੱਕ ਮਨੂ-ਸਿਮਰਤੀ ਅਤੇ ਅਜੋਕੇ ਸੰਵਿਧਾਨਿਕ ਪ੍ਰਬੰਧ ਵੱਲੋਂ ਕੀਤੀ ਗਈ ਵਰਗ ਵੰਡ ਮੁਤਾਬਿਕ ਮੈਂ ਵੀ ਦਲਿਤ ਭਾਈਚਾਰੇ ਵਿੱਚ ਹੀ ਗਿਣਿਆ ਜਾਂਦਾ ਹਾਂ ਪਰ ਮੇਰੀ ਸੋਚ ਕਦੇ ਵੀ ਦਲਿਤਵਾਦੀ ਨਹੀਂ ਰਹੀ। ਮੇਰੀ ਵਿਚਾਰਧਾਰਾ ਸ਼ੁਰੂ ਤੋਂ ਹੀ ਜਮਾਤੀ ਵੰਡ ਨੂੰ ਸਵਿਕਾਰਦੀ ਰਹੀ ਹੈ ਕਿਉਂਕਿ ਮੈਂ ਦੇਖਦਾ ਹਾਂ ਕਿ ਇੱਕ ਗਰੀਬ ਦਲਿਤ ਨੂੰ ਇੱਕ ਅਮੀਰ ਦਲਿਤ ਵੀ ਓਨੀ ਹੀ ਨਫ਼ਰਤ ਕਰਦਾ ਹੈ, ਜਿੰਨੀ ਉੱਚੀਆਂ ਸਮਝੀਆਂ ਜਾਂਦੀਆਂ ਜਾਤਾਂ ਵਾਲੇ ਹੋਰ ਲੋਕ ਕਰਦੇ ਹਨ। ਜਦੋਂ ਵੀ ਕੋਈ ਦਲਿਤ ਰੱਜ ਕੇ ਰੋਟੀ ਖਾਣੀ ਸ਼ੁਰੂ ਕਰ ਦਿੰਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਸਤੀ ਵਿੱਚੋਂ ਵੇਚ ਕੇ ਉੱਚੀਆਂ ਸਮਝੀਆਂ ਜਾਂਦੀਆਂ ਜਾਤੀਆਂ ਵਿੱਚ ਹੀ ਪਾਉਂਦਾ ਹੈ। ਉਹ ਆਪਣੇ ਪਿੱਛੇ ਰਹਿ ਗਏ ਭਰਾਵਾਂ ਵਿੱਚ ਨਹੀਂ ਰਲਣਾ ਚਾਹੁੰਦਾ ਅਤੇ ਉੱਪਰ ਵਾਲੇ ਉਸ ਨੂੰ ਆਪਣੇ ਨਾਲ ਨਹੀਂ ਰਲਾਉਣਾ ਚਾਹੁੰਦੇ। ਅਸਲ ਵਿੱਚ ਭਾਰਤੀ ਸਮਾਜਿਕ ਢਾਂਚੇ ਦੀ ਸਹੀ ਤਸਵੀਰ ਇਹੋ ਹੀ ਹੈ, ਜਿਸ ਨੂੰ ਸਮਝੇ ਬਿਨਾਂ ਗੱਲ ਅੱਗੇ ਨਹੀਂ ਤੁਰ ਸਕਦੀ।
ਕਮਿਊਨਿਸਟ ਪਾਰਟੀ ਦੇ ਇੱਕ ਸਰਗਰਮ ਆਗੂ ਦੇ ਗੁਆਂਢ ਵਿੱਚ ਰਹਿੰਦਾ ਹੋਣ ਕਰਕੇ ਅਤੇ ਉਨ੍ਹਾਂ ਨਾਲ ਵਧੀਆ ਪਰਿਵਾਰਕ ਸਬੰਧ ਹੋਣ ਕਰਕੇ ਬਚਪਨ ਤੋਂ ਹੀ ਮੇਰੇ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਬੜਾ ਗਹਿਰਾ ਪ੍ਰਭਾਵ ਸੀ। ਇਨ੍ਹਾਂ ਦੇ ਸੰਪਰਕ ਵਿੱਚ ਰਹਿਣ ਕਰਕੇ ਮੈਨੂੰ ਕਮਿਊਨਿਸਟ ਪਾਰਟੀ ਦੇ ਬਹੁਤ ਸਾਰੇ ਵੱਡੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ, ਜਿਨ੍ਹਾਂ ਵਿੱਚ ਪਾਰਟੀ ਦੇ ਸੂਬਾ ਪੱਧਰ ਦੇ ਆਗੂ ਵੀ ਆਪਣੇ ਵਿਚਾਰ ਪ੍ਰਗਟਾਉਂਦੇ ਰਹੇ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਜਿੱਥੇ ਮੈਨੂੰ ਵਿਚਾਰਧਾਰਕ ਤੌਰ ’ਤੇ ਹੋਰ ਪ੍ਰਪੱਕਤਾ ਮਿਲੀ, ਉੱਥੇ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਸ਼ਾਇਦ ਦਲਿਤ ਹੋਣ ਕਰਕੇ ਜ਼ਿਲ੍ਹੇ ਦਾ ਜਨਰਲ ਸਕੱਤਰ ਹੋਣ ਦੇ ਬਾਵਜੂਦ ਵੀ ਇੱਕ ਉੱਘਾ ਆਗੂ ਪਾਰਟੀ ਵਿੱਚ ਉਹ ਅਹਿਮੀਅਤ ਨਹੀਂ ਸੀ ਰੱਖਦਾ, ਜਿਹੜੀ ਅਸਲ ਵਿੱਚ ਉਸ ਦੀ ਹੋਣੀ ਬਣਦੀ ਸੀ। ਇਸ ਵਰਤਾਰੇ ਨੂੰ ਮੈਂ ਸਮਾਜਿਕ ਮਾਨਸਿਕਤਾ ’ਤੇ ਜਾਤੀਵਾਦ ਦੀ ਸੂਖ਼ਮ ਪਕੜ ਵਜੋਂ ਤਾਂ ਦੇਖਦਾ ਸੀ ਪਰ ਮਾਰਕਸਵਾਦ ਵੱਲੋਂ ਸਿਧਾਂਤਕ ਤੌਰ ’ਤੇ ਕੀਤੀ ਗਈ ਜਮਾਤੀ ਵੰਡ ਸਬੰਧੀ ਮੈਨੂੰ ਕੋਈ ਭੁਲੇਖਾ ਨਹੀਂ ਸੀ।
ਇਸ ਤੋਂ ਬਾਅਦ ਮੈਨੂੰ ਇਨਕਲਾਬੀ ਕੇਂਦਰ ਪੰਜਾਬ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੇਰੀ ਮੁਲਾਕਾਤ ਬਹੁਤ ਸਾਰੇ ਉਨ੍ਹਾਂ ਸਾਥੀਆਂ ਨਾਲ ਹੋਈ, ਜਿਹੜੇ ਕਹਿੰਦੇ ਸਨ ਕਿ ਇਨਕਲਾਬ ਪਿਸਤੌਲ ਦੀ ਨੋਕ ਵਿੱਚੋਂ ਹੀ ਨਿੱਕਲੇਗਾ। ਇਨਕਲਾਬੀ ਅਖਵਾਉਣ ਵਾਲੀਆਂ ਇਹ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ ਚੋਣ ਪ੍ਰਣਾਲੀ ਵਿੱਚ ਹਿੱਸਾ ਲੈਣ ਕਰਕੇ ਸੁਧਾਰਵਾਦੀ ਕਿਹਾ ਕਰਦੀਆਂ ਸਨ, ਬੇਸ਼ੱਕ ਇਨ੍ਹਾਂ ਵਿੱਚੋਂ ਬਹੁਤੀਆਂ ਨੇ ਆਪ ਵੀ ਚੋਣਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮ ਰਹਿਣ ਕਰਕੇ ਮੋਟੇ ਤੌਰ ’ਤੇ ਮੇਰੀ ਇਹੋ ਸਮਝ ਬਣੀ ਕਿ ਕਿਰਤੀਆਂ ਅਤੇ ਕਿਸਾਨਾਂ ਦਾ ਕਲਿਆਣ ਸਿਰਫ਼ ਤੇ ਸਿਰਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਵਿੱਚ ਹੀ ਸੰਭਵ ਹੈ।
ਰੂਸ ਦੇ ਸਫ਼ਲ ਮਜ਼ਦੂਰ ਇਨਕਲਾਬ ਤੋਂ ਬਾਅਦ ਸੰਸਾਰ ਦੇ ਬਹੁਤ ਸਾਰੇ ਹੋਰਨਾਂ ਦੇਸ਼ਾਂ ਵਿੱਚ ਵੀ ਉੱਥਲ-ਪੁੱਥਲ ਹੋਣੀ ਸ਼ੁਰੂ ਹੋਈ ਅਤੇ ਕਈ ਦੇਸ਼ਾਂ ਵਿੱਚ ਮਾਰਕਸਵਾਦੀ ਦ੍ਰਿਸ਼ਟੀਕੋਣ ਵਾਲੀਆਂ ਹਕੂਮਤਾਂ ਵੀ ਹੋਂਦ ਵਿੱਚ ਆਈਆਂ ਪਰ ਇਹ ਹਕੂਮਤਾਂ ਮਾਰਕਸਵਾਦੀ ਸਿਧਾਂਤਾਂ ਮੁਤਾਬਿਕ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀਆਂ ਕਿਉਂਕਿ ਇਨਕਲਾਬੀ ਤਾਕਤਾਂ ਦੇ ਨਾਲ-ਨਾਲ ਇਨਕਲਾਬ ਵਿਰੋਧੀ ਤਾਕਤਾਂ ਵੀ ਤਾਂ ਸਰਗਰਮ ਰਹਿੰਦੀਆਂ ਹਨ, ਇਸ ਲਈ ਜਲਦੀ ਹੀ ਲੋਕ ਇਨ੍ਹਾਂ ਤੋਂ ਵੀ ਅੱਕ ਗਏ ਅਤੇ ਇਹ ਵਿਵਸਥਾ ਵੀ ਸਿਰਫ਼ ਆਦਰਸ਼ਵਾਦ ਬਣ ਕੇ ਹੀ ਰਹਿ ਗਈ। ਇਨ੍ਹਾਂ ਦੁਆਰਾ ਸਥਾਪਿਤ ਕੀਤੇ ਗਏ ਪ੍ਰਬੰਧ ਦਾ ਬਹੁਤਾ ਮਾੜਾ ਪੱਖ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਮਾਨਵੀ ਹੱਕਾਂ ਦਾ ਖੋਹਿਆ ਜਾਣਾ ਬਣਿਆ ਕਿਉਂਕਿ ਅਸਲ ਵਿੱਚ ਪ੍ਰੋਲੇਤਾਰੀ ਦੀ ਆਖੀ ਜਾਣ ਵਾਲੀ ਡਿਕਟੇਟਰਸ਼ਿਪ ਉੱਚ ਪਾਰਟੀ ਨੇਤਾਵਾਂ ਦੀ ਡਿਕਟੇਟਰਸ਼ਿਪ ਬਣ ਕੇ ਰਹਿ ਜਾਂਦੀ ਰਹੀ।
ਸਪੱਸ਼ਟ ਹੈ ਕਿ ਪ੍ਰੋਲੇਤਾਰੀ ਦੇ ਸਹੀ ਸੰਕਲਪ ਨੂੰ ਅਣਗੌਲਿਆ ਕਰਨ ਦਾ ਨਜ਼ਰੀਆ ਹੀ ਸਬੰਧਿਤ ਕਮਿਊਨਿਸਟ ਮੁਲਕਾਂ ਨੂੰ ਲੈ ਡੁੱਬਿਆ। ਅਸਲ ਵਿੱਚ ਹਰੇਕ ਦੇਸ਼ ਦਾ ਆਪਣਾ-ਆਪਣਾ ਸੱਭਿਆਚਾਰ ਅਤੇ ਆਪਣੀਆਂ-ਆਪਣੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਹੁੰਦੀਆਂ ਹਨ। ਕਿਸੇ ਵੀ ਸਿਧਾਂਤ ਜਾਂ ਫ਼ਲਸਫ਼ੇ ਨੂੰ ਕਿਸੇ ਵੀ ਦੇਸ਼ ’ਤੇ ਉਸ ਦੀਆਂ ਆਰਥਿਕ, ਭੂਗੋਲਿਕ ਅਤੇ ਸਮਾਜਿਕ ਹਾਲਤਾਂ ਨੂੰ ਸਮਝੇ ਬਿਨਾਂ ਇੰਨ-ਬਿੰਨ ਲਾਗੂ ਕਰਨਾ ਅਸੰਭਵ ਹੀ ਨਹੀਂ ਬਲਕਿ ਪਾਗਲਪਣ ਵੀ ਹੁੰਦਾ ਹੈ, ਭਾਵੇਂ ਉਹ ਸਿਧਾਂਤ ਕਿੰਨਾ ਵੀ ਚੰਗਾ ਅਤੇ ਕਲਿਆਣਕਾਰੀ ਕਿਉਂ ਨਾ ਹੋਵੇ।
ਭਾਰਤੀ ਕਮਿਊਨਿਸਟਾਂ ਦੀ ਹਾਲਤ ਇਸ ਤੋਂ ਵੀ ਭੈੜੀ ਹੈ। ਜਿਸ ਪ੍ਰੋਲੇਤਾਰੀ ਸਮਾਜ ਦੀ ਮੁਕਤੀ ਲਈ ਕਾਰਲ ਮਾਰਕਸ ਨੇ ਆਪਣਾ ਇਨਕਲਾਬੀ ਸਿਧਾਂਤ ਸਿਰਜਿਆ ਸੀ, ਉਸ ਦੇ ਭਾਰਤੀ ਮੁਹਾਂਦਰੇ ਦੀ ਨਬਜ਼ ਪਛਾਣਨ ਵਿੱਚ ਇਨ੍ਹਾਂ ਨੇ ਭਾਰੀ ਗਲਤੀ ਕੀਤੀ। ਲਕੀਰ ਦੇ ਫ਼ਕੀਰ ਬਣੇ ਇਹ ਹਮੇਸ਼ਾ ਰਟੀ-ਰਟਾਈ ਆਰਥਿਕ ਲੁੱਟ ਦੀਆਂ ਬਾਤਾਂ ਹੀ ਪਾਉਂਦੇ ਰਹੇ। ਕਦੇ ਸੋਵੀਅਤ ਸੰਘ ਮਾਰਕਾ ਪ੍ਰਬੰਧ ਸਿਰਜਣ ਦੇ ਸਬਜ਼-ਬਾਗ਼ ਦੇਖਦੇ ਰਹੇ ਅਤੇ ਕਦੇ ਚੀਨ ਮਾਰਕਾ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦੇ ਰਹੇ। ਇਨ੍ਹਾਂ ਨੇ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਭਾਰਤ ਦੇ ਅਸਲੀ ਪ੍ਰੋਲੇਤਾਰੀ ਦਲਿਤ ਵਰਗ ਦੀ ਸਭ ਤੋਂ ਮੁੱਖ ਸਮੱਸਿਆ ਸਮਾਜਿਕ ਹੈ, ਜਿਹੜੀ ਆਰਥਿਕਤਾ ਤੋਂ ਵੀ ਕਿਤੇ ਵੱਧ ਘਾਤਕ ਹੈ। ਦੇਸ਼ ਦੀ ਆਜ਼ਾਦੀ ਤੋਂ ਪੌਣੀ ਸਦੀ ਬਾਅਦ ਵੀ ਉਸ ਨੂੰ ਮਨੁੱਖ ਹੀ ਨਹੀਂ ਸਮਝਿਆ ਜਾ ਰਿਹਾ ਅਤੇ ਅਜੇ ਵੀ ਉਹ ਨਿੱਕੀ-ਸੁੱਕੀ ਜਾਤ, ਢੇਡ, ਗਿੱਟਲ ਜਾਂ ਨੀਚ ਹੀ ਅਖਵਾ ਰਿਹਾ ਹੈ। ਭਾਰਤੀ ਪ੍ਰੋਲੇਤਾਰੀ ਦੀ ਇਹ ਤਰਸਯੋਗ ਤਸਵੀਰ ਕਦੇ ਕਮਿਊਨਿਸਟਾਂ ਨੂੰ ਨਜ਼ਰ ਹੀ ਨਹੀਂ ਪਈ।
ਉਹ ਨਹੀਂ ਸਮਝ ਸਕੇ ਕਿ ਜਿੱਲ੍ਹਤ ਦੀ ਜ਼ਿੰਦਗੀ ਤਾਂ ਭੁੱਖੇ ਮਰ ਜਾਣ ਨਾਲੋਂ ਵੀ ਕਿਤੇ ਵੱਧ ਦਰਦਨਾਕ ਹੁੰਦੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਾਰਕਸਵਾਦ ਮਿਹਨਤਕਸ਼ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦਾ ਵਿਗਿਆਨਕ ਸਿਧਾਂਤ ਹੈ ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਸਾਡੇ ਬਹੁਤੇ ਕਮਿਊਨਿਸਟ ਖ਼ੁਦ ਵੀ ਅਜੇ ਤੱਕ ਜਾਤ-ਪਾਤ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੇ। ਇਸ ਦਾ ਮਤਲਬ ਬਿਲਕੁੱਲ ਵੀ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਰੋਕਾਰਾਂ ਵਿੱਚ ਕੋਈ ਸਾਂਝ ਹੀ ਨਹੀਂ ਹੈ ਬਲਕਿ ਇੱਕ ਦੂਜੇ ਤੋਂ ਬਿਨਾਂ ਤਾਂ ਇਹ ਦੋਵੇਂ ਹੀ ਅਧੂਰੇ ਹਨ। ਗੱਡੇ ਦੇ ਦੋ ਪਹੀਆਂ ਵਾਂਗ ਦੋਹਾਂ ਦਾ ਮਿਲ ਕੇ ਚੱਲਣਾ ਬੇਹੱਦ ਜ਼ਰੂਰੀ ਹੈ ਪਰ ਮੇਰਾ ਮੰਨਣਾ ਹੈ ਕਿ ਸਮੂਹ ਕਿਸਾਨਾਂ ਅਤੇ ਕਾਮਿਆਂ ਨੂੰ ਹਰ ਕਿਸਮ ਦੇ ਭੇਦ-ਭਾਵ ਵਾਲੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਹੀ ਅਰਥਾਂ ਵਿੱਚ ਮਿਹਨਤਕਸ਼ ਜਮਾਤ ਦੇ ਰੂਪ ਵਿੱਚ ਜੱਥੇਬੰਦ ਹੋਣਾ ਚਾਹੀਦਾ ਹੈ।
ਪੰਜਾਬ ਵਿੱਚ ਤਾਂ ਕਮਿਊਨਿਸਟਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੀ ਨਹੀਂ ਸੀ ਕਿਉਂਕਿ ਇੱਥੇ ਤਾਂ ਪਹਿਲਾਂ ਤੋਂ ਹੀ ਇਸ ਵਿਚਾਰਧਾਰਾ ਦਾ ਜਨਮ ਹੋ ਚੁੱਕਿਆ ਸੀ। ਕਾਰਲ ਮਾਰਕਸ ਤੋਂ ਵੀ ਲੱਗਭੱਗ ਸਾਢੇ ਤਿੰਨ ਸਦੀਆਂ ਪਹਿਲਾਂ ਬਾਬੇ ਨਾਨਕ ਨੇ ਜਮਾਤੀ ਵੰਡ ਕਰਦਿਆਂ ਕਿਰਤੀ ਅਤੇ ਵਿਹਲੜ ਲੋਕਾਂ ਦਰਮਿਆਨ ਸਪੱਸ਼ਟ ਲਕੀਰ ਖਿੱਚ ਦਿੱਤੀ ਸੀ, ਜਦੋਂ ਉਨ੍ਹਾਂ ਨੇ ਮਲਕ ਭਾਗੋ ਦੀਆਂ ਪੂਰੀਆਂ ਵਿੱਚ ਕਿਰਤੀਆਂ ਦਾ ਖੂਨ ਆਖ ਕੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਈ ਲਾਲੋ ਦੀ ਰੁੱਖੀ-ਮਿੱਸੀ ਛਕ ਕੇ ਕਿਰਤਾਂ ਨੂੰ ਵਡਿਆਈ ਦੇਣ ਦਾ ਸੁਨੇਹਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿੱਚ ਜ਼ਾਬਰ ਹਕੂਮਤਾਂ ਨਾਲ ਜੂਝਣ ਵਾਲੇ ਲੋਕ ਕਾਰਲ ਮਾਰਕਸ ਦੇ ਆਖੇ ਹੋਏ ਪ੍ਰੋਲੇਤਾਰੀ ਸਮਾਜ ਵਿੱਚੋਂ ਹੀ ਤਾਂ ਸਨ ਪਰ ਸਾਡੇ ਕਮਿਊਨਿਸਟ ਆਗੂ ਜਾਣ-ਬੁੱਝ ਕੇ ਆਪਣੀ ਇਸ ਅਮੀਰ ਵਿਰਾਸਤ ਨੂੰ ਅਣਡਿੱਠ ਕਰਦੇ ਰਹੇ।
ਨਿਰਸੰਦੇਹ ਕਾਰਲ ਮਾਰਕਸ, ਲੈਨਿਨ, ਸਟਾਲਿਨ ਅਤੇ ਮਾਓ ਸਾਡੇ ਲਈ ਬੇਹੱਦ ਸਤਿਕਾਰਯੋਗ ਹਨ ਪਰ ਇਹ ਮੰਨਣਾ ਪਵੇਗਾ ਕਿ ਸਾਡੇ ਨਾਇਕ ਕੇਵਲ ਤੇ ਕੇਵਲ ਸਾਡੇ ਪੁਰਖੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜਾਂ ਗੁਰੂ ਰਵਿਦਾਸ ਹੀ ਹੋ ਸਕਦੇ ਹਨ। ਜੇਕਰ ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਬਾਬੇ ਨਾਨਕ ਦੇ ਪਿਆਰ ਭਿੱਜੇ ਸ਼ਬਦਾਂ ਵਿੱਚ ਗੁੰਨ੍ਹ ਕੇ ਲੋਕਾਂ ਵਿੱਚ ਲਿਜਾਂਦੇ ਤਾਂ ਸੱਚਮੁੱਚ ਨਤੀਜੇ ਕੁੱਝ ਹੋਰ ਹੀ ਹੋਣੇ ਸਨ। ਲੋਕਾਂ ਦੀ ਪੁਰਜ਼ੋਰ ਇੱਛਾ ਦੇ ਬਾਵਜੂਦ ਵੀ ਇਨ੍ਹਾਂ ਨੇ ਕਦੇ ਕੋਈ ਸਪੱਸ਼ਟ ਸਿਆਸੀ ਪੈਂਤੜਾ ਨਹੀਂ ਲਿਆ ਬਲਕਿ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਹਮੇਸ਼ਾ ਗੱਠਜੋੜਾਂ ਦੇ ਗੋਰਖਧੰਦੇ ਵਿੱਚ ਹੀ ਉਲਝੇ ਰਹੇ। ਅਜਿਹਾ ਕਰਦਿਆਂ ਇਨ੍ਹਾਂ ਨੇ ਕਦੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਕਿ ਜਿਹੜੀ ਪਾਰਟੀ ਨਾਲ ਗੱਠਜੋੜ ਬਣਾਇਆ ਜਾ ਰਿਹਾ ਹੈ, ਉਸ ਨਾਲ ਇਨ੍ਹਾਂ ਦੀ ਕੋਈ ਵਿਚਾਰਧਾਰਕ ਸਾਂਝ ਵੀ ਬਣਦੀ ਹੈ ਜਾਂ ਨਹੀਂ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ।
ਇਸ ਲਈ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਮੂਹ ਧਿਰਾਂ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਤਿਆਗ ਕੇ ਸਹੀ ਅਰਥਾਂ ਵਿੱਚ ਲੁੱਟੇ ਜਾਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਪਸ਼ੂਆਂ ਵਰਗੀ ਜੂਨ ਤੋਂ ਛੁਟਕਾਰਾ ਦਿਵਾਉਣ ਲਈ ਕੋਈ ਨਿੱਗਰ ਉਪਰਾਲਾ ਕਰਨ। ਇਹ ਸਭ ਕੁੱਝ ਕਿਰਤੀ-ਕਿਸਾਨਾਂ ਦੀ ਸੁਚੱਜੀ ਏਕਤਾ ਕਾਰਨ ਹੀ ਸੰਭਵ ਹੋ ਸਕਦਾ ਹੈ ਪਰ ਇਹ ਏਕਤਾ ਸਿਰਫ਼ ਆਰਥਿਕ ਬਰਾਬਰੀ ਦੇ ਸਿਧਾਂਤ ’ਤੇ ਚੱਲ ਕੇ ਹੀ ਬਰਕਰਾਰ ਨਹੀਂ ਰਹਿ ਸਕਦੀ। ਇਸ ਲਈ ਅਜੋਕੇ ਸਮੇਂ ਦੀ ਇਹ ਅਣਸਰਦੀ ਲੋੜ ਹੈ ਕਿ ਭਾਰਤੀ ਕਮਿਊਨਿਸਟ ਆਰਥਿਕ ਸ਼ੋਸ਼ਣ ਦੇ ਨਾਲ-ਨਾਲ, ਸਮਾਜਿਕ ਸ਼ੋਸ਼ਣ ਦੇ ਮੁੱਦੇ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਅਤੇ ਇਹ ਵੀ ਲਾਜ਼ਮੀ ਹੈ ਕਿ ਉਹ ਆਪਣੇ ਨਾਇਕ ਆਪਣੇ ਪੁਰਖਿਆਂ ਵਿੱਚੋਂ ਹੀ ਤਲਾਸ਼ਣ ਦੀ ਕੋਸ਼ਿਸ਼ ਕਰਨ। ਮੇਰੇ ਖ਼ਿਆਲ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਇਸ ਤੋਂ ਵਧੀਆ ਕੋਈ ਹੋਰ ਸ਼ਰਧਾਂਜਲੀ ਹੋ ਹੀ ਨਹੀਂ ਸਕਦੀ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly