(ਸਮਾਜ ਵੀਕਲੀ) ਅਖਬਾਰਾਂ ਵਿੱਚੋਂ ਅਖੌਤੀ ਸਾਧਾਂ, ਬਾਬਿਆਂ ਨਾਲ ਸੰਬੰਧਿਤ ਜੋ ਖ਼ਬਰਾਂ ਅਕਸਰ ਪੜ੍ਹਦੇ ਹਾਂ,ਉਹਨਾਂ ਵਿੱਚੋਂ ਖ਼ਬਰਾਂ ਦੀ ਇੱਕ ਕੈਟੇਗਰੀ ਇਹਨਾਂ ਅਖੌਤੀ ਸਾਧਾਂ ,ਬਾਬਿਆਂ ਵੱਲੋਂ ਆਪਣੀਆਂ ਔਰਤ ਸ਼ਰਧਾਲੂਆਂ ਨਾਲ ਕੀਤੇ ਸਰੀਰਕ ਸ਼ੋਸ਼ਣ ਦੀ ਹੁੰਦੀ ਹੈ. ਆਪਣੇ ਸ਼ਰਧਾਲੂਆਂ ਦੀ ਅੰਨ੍ਹੀ ਭਗਤੀ ਵਿੱਚੋਂ ਪੈਦਾ ਹੋਈ ਤਾਕਤ ਦਾ ਫਤੂਰ ਇਨ੍ਹਾਂ ਦੇ ਸਿਰ ਐਨਾ ਚੜ੍ਹ ਜਾਂਦਾ ਹੈ ਕਿ ਇਹ ਸ਼ਰਧਾਲੂ ਔਰਤ ਨਾਲ ਸਰੀਰਕ ਸੰਬੰਧ ਬਣਾਉਣਾ ਆਪਣਾ ਹੱਕ ਸਮਝਣ ਲੱਗ ਜਾਂਦੇ ਹਨ। ਇਸ ਫਤੂਰ ਤਹਿਤ ਬਹੁਤ ਵਾਰ ਇਹ ਧੱਕਾ ਵੀ ਕਰਦੇ ਹਨ ਜਿਸ ਦਾ ਸਿੱਟਾ ਫਿਰ ਉਹਨਾਂ ਦੇ ਜੇਲ੍ਹਾਂ ਜਾਣ ਵਿੱਚ ਨਿਕਲਦਾ ਹੈ। ਅਜਿਹੇ ਕੇਸਾਂ ਵਿੱਚ ਹੁਣ ਤਾਜਾ ਮਾਮਲਾ ਪਾਸਟਰ ਬਜਿੰਦਰ ਸਿੰਘ ਨੂੰ ਹੋਈ ਉਮਰ ਕੈਦ ਦਾ ਹੈ। ਪਾਸਟਰ ਬਜਿੰਦਰ ਸਿੰਘ ਇਸਾਈ ਧਰਮ ਨਾਲ ਜੁੜ ਕੇ ਡੇਰੇ ਬਨਾਉਣ ਦੀ ਚੱਲੀ ਨਵੀਂ ਲਹਿਰ ਨਾਲ ਸਬੰਧਿਤ ਹੈ ਜੋ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਸ਼ਰਧਾਲੂਆਂ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ। ਇਸ ਪਾਸਟਰ ਨੇ ਜੀਰਕਪੁਰ ਦੀ ਇੱਕ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਪੀੜਤ ਲੜਕੀ ਨੇ ਇਸ ਮਾਮਲੇ ਸਬੰਧੀ 20 ਅਪ੍ਰੈਲ 2018 ਨੂੰ ਜੀਰਕਪੁਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਆਖਰ ਸੱਤ ਸਾਲ ਬਾਅਦ ਇਸ ਪਹਿਲੀ ਅਪ੍ਰੈਲ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ਦਾ ਨਿਬੇੜਾ ਕਰਦਿਆਂ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਰਣਨਯੋਗ ਹੈ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਹੱਲ ਕਰਨ ਦਾ ਦਾਅਵਾ ਕਰਨ ਵਾਲਾ ਇਹ ਪਾਸਟਰ ਸੁਣਵਾਈ ਦੌਰਾਨ ਅਦਾਲਤ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਦਾ ਰਿਹਾ ਕਿ ਉਸ ਦੀ ਪਤਨੀ ਬਿਮਾਰ ਰਹਿੰਦੀ ਹੈ ਅਤੇ ਉਸਦੀ ਲੱਤ ਵਿੱਚ ਵੀ ਰਾਡ ਪਈ ਹੋਈ ਹੈ। ਇਹੀ ਪਾਸਟਰ ਆਪਣੀਆਂ ਸਭਾਵਾਂ ਵਿੱਚ ਅੰਨ੍ਹਿਆਂ ਨੂੰ ਦਿਸਣ ਲਗਾਉਣ ਅਤੇ ਲੰਗੜਿਆਂ ਨੂੰ ਚੱਲਣ ਲਾਉਣ ਦਾ ਦਾਅਵਾ ਕਰਦਾ ਹੁੰਦਾ ਸੀ। ਉਂਜ ਇਸ ਕੇਸ ਤੋਂ ਇਲਾਵਾ ਇਸ ਉੱਤੇ ਦੋ ਹੋਰ ਔਰਤਾਂ ਵੱਲੋਂ ਵੀ ਇਸੇ ਤਰ੍ਹਾਂ ਦੇ ਕੇਸ ਕਪੂਰਥਲਾ ਥਾਣੇ ਅਤੇ ਮਾਜਰੀ ਥਾਣੇ ਵਿੱਚ ਦਰਜ ਕਰਵਾਏ ਹੋਏ ਹਨ ਜਿਨ੍ਹਾਂ ਉੱਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰ੍ਹਾਂ ਲੁਧਿਆਣਾ ਦੀ ਅਦਾਲਤ ਨੇ ਇੱਕ ਅਖੌਤੀ \ਸਾਧ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਵਿੱਚ ਸਾਧ ਨੇ ਜਬਰ-ਜਨਾਹ ਉਪਰੰਤ ਲੜਕੀ ਦਾ ਕਤਲ ਹੀ ਕਰ ਦਿੱਤਾ। ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਫਰਵਰੀ 2021 ਨੂੰ ਉਸ ਦੀ 22 ਸਾਲ ਦੀ ਲੜਕੀ ਘਰੋਂ ਨੌਕਰੀ ਲਈ ਇੰਟਰਵਿਊ ਦੇਣ ਲਈ ਗਈ ਸੀ ਪਰ ਵਾਪਸ ਨਹੀਂ ਆਈ। 28 ਫਰਵਰੀ ਨੂੰ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਇੱਕ ਐਵਨਿਊ ਨੇੜੇ ਸਥਿਤ ਅਖੌਤੀ ਸੰਤ ਦੇ ਆਸ਼ਰਮ ਵਿੱਚ ਗਈ ਸੀ। ਪੁਲੀਸ ਵੱਲੋਂ ਇਸ ਸਾਧ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਲੜਕੀ ਦਾ ਕਤਲ ਕਰਨ ਉਪਰੰਤ ਲਾਸ਼ ਬੋਰੀ ਵਿੱਚ ਪਾ ਕੇ ਇੱਕ ਪਿੰਡ ਨੇੜੇ ਸੁੱਟ ਦਿੱਤੀ ਹੈ। ਉਸ ਦੀ ਨਿਸ਼ਾਨਦੇਹੀ ਤੇ ਲੜਕੀ ਦੀ ਲਾਸ਼ ਬਰਾਮਦ ਕਰ ਲਈ ਗਈ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਲੜਕੀ ਨਾਲ ਜਬਰ-ਜਨਾਹ ਦੀ ਵੀ ਪੁਸ਼ਟੀ ਹੋਈ। ਪੁਲਸ ਅਨੁਸਾਰ ਉਕਤ ਲੜਕੀ ਦੋਸ਼ੀ ਕੋਲ ਨੌਕਰੀ ਲਈ ਅਰਦਾਸ ਕਰਵਾਉਣ ਲਈ ਗਈ ਸੀ ਕਿ ਦੋਸ਼ੀ ਨੇ ਉਸ ਨੂੰ ਆਪਣੇ ਝਾਂਸੇ ਵਿੱਚ ਲੈ ਲਿਆ ਅਤੇ ਉਸ ਨਾਲ ਜਬਰ-ਜਨਾਹ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ।ਇਸੇ ਤਰ੍ਹਾਂ’ਲੁਧਿਆਣੇ ਜ਼ਿਲ੍ਹੇ ਦੇ ਤਲਵੰਡੀ ਧਾਮ ਦੇ ਸ਼ੰਕਰਾਨੰਦ ਤੇ ਵੀ ਬਲਾਤਕਾਰ ਦੇ ਦੋਸ਼ ਲਗ ਰਹੇ ਹਨ। ਇਸ ਤਰ੍ਹਾਂ ਦੇ ਕੇਸ ਆਮ ਸੁਨਣ ਨੂੰ ਮਿਲਦੇ ਹਨ। ਇਹਨਾਂ ਸਾਰੀਆਂ ਘਟਨਾਵਾਂ ਵਿੱਚੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਐਨੀਆਂ ਖ਼ਬਰਾਂ ਆਉਣ ਦੇ ਬਾਵਜੂਦ, ਅਜਿਹੀਆਂ ਐਨੀਆਂ ਘਟਨਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ, ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਕਿਵੇਂ ਬਣ ਜਾਂਦੀਆਂ ਹਨ? ਭਗਤੀ ਵਿੱਚ ਸ਼ਕਤੀ ਹੋਣ ਦਾ ਵਿਸ਼ਵਾਸ ਰੱਖਣ ਵਾਲੇ ਭਗਤ ਭਿਆਨਕ ਹਾਦਸਿਆਂ ਦਾ ਸ਼ਿਕਾਰ ਕਿਉਂ ਹੋ ਜਾਂਦੇ ਹਨ? ਸੋਚਣ ਵਾਲੀ ਗਲ ਹੈ ਕਿ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਇਹਨਾਂ ਅਖੌਤੀ ਸਾਧਾਂ ,ਸੰਤਾਂ ਦੇ ਆਪਣੇ ਕਿਰਦਾਰ ਐਨੇ ਮਾੜੇ ਕਿਉਂ ਹੁੰਦੇ ਹਨ? ਇਹ ਸਾਡੇ ਸਾਰਿਆਂ ਲਈ ਇੱਕ ਸਵਾਲ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦਾ ਲੋਕਾਂ ਨੂੰ ਇੱਕ ਸੁਨੇਹਾ ਹੈ ਕਿ ਆਪਣਾ ਸੋਚਣ ਢੰਗ ਵਿਗਿਆਨਕ ਬਣਾਓ , ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ ਦੇ ਭਰਮਜਾਲ ਚੋਂ ਬਾਹਰ ਆਓ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਕਿਸੇ ਅਖੌਤੀ ਸਾਧ,ਸਿਆਣੇ ਕੋਲ ਕੋਈ ਚਮਤਕਾਰੀ ਜਾਂ ਗੈਬੀ ਸ਼ਕਤੀ ਨਹੀਂ ,ਜਿਸ ਨਾਲ ਕਿਸੇ ਸਮੱਸਿਆ ਦੂਰ ਕਰ ਸਕੇ। ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਾਰਨ ਜਾਨਣਾ ਵਿਗਿਆਨਕ ਸੋਚ ਹੈ। ਹਮੇਸ਼ਾ ਹੀ ਕੀ, ਕਿਉਂ, ਕਿਵੇਂ ਆਦਿ ਵਿਗਿਆਨਕ ਨੁਕਤਿਆਂ ਦਾ ਲੜ ਫੜ ਕੇ ਵਰਤੋਂ ਵਿੱਚ ਲਿਆਓ, ਬਹੁਤ ਕੁੱਝ ਸਮਝ ਆ ਜਾਵੇਗਾ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ 9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



