ਮਨਜੀਤ ਸਿੰਘ ਜੀਤ
(ਸਮਾਜ ਵੀਕਲੀ) 1982 ‘ਚ ਬੈਂਕ ਦੀ ਨੌਕਰੀ ਮਾਨਸਾ ਸ਼ਹਿਰ ਦੀ ਬਰਾਂਚ ਵਿੱਚ ਮਿਲੀ । ਮਾਨਸਾ ਤੋਂ ਜੈਤੋ ਤੱਕ ਰੇਲ ਤੇ ਅੱਪ-ਡਾਊਨ ਕਰਦਾ। ਸਵੇਰੇ ਜਨਤਾ ਟਰੇਨ ਤੇ ਸ਼ਾਮ ਨੂੰ ਬਠਿੰਡੇ ਤੋਂ ਗੱਡੀ ਬਦਲ ਕੇ ਚੜ੍ਹਦਾ। ਇੱਕ ਦਿਨ ਮਾਨਸਾ ਤੋਂ ਬਠਿੰਡਾ ਸਟੇਸ਼ਨ ਤੇ ਗੱਡੀ ਤੋਂ ਉਤਰਿਆ ਤਾਂ ਜੈਤੋ ਜਾਣ ਵਾਲੀ ਗੱਡੀ ਦੂਸਰੇ ਪਲੇਟ ਫਾਰਮ ਤੋਂ ਚੱਲ ਪਈ।ਮੇਰੇ ਸਮੇਤ ਕਈ ਸਵਾਰੀਆਂ ਉਸ ਗੱਡੀ ਤੇ ਚੜ੍ਹਨ ਤੋਂ ਰਹਿ ਗਈਆਂ। ਬੱਸਾਂ ਦੇ ਟਾਈਮ ਬੰਦ ਤੇ ਸਵੇਰੇ ਪੰਜ ਵਜੇ ਤੋਂ ਪਹਿਲਾਂ ਹੋਰ ਕੋਈ ਗੱਡੀ ਨਹੀਂ ਸੀ। ਉਦੋਂ ਹੁਣ ਵਾਂਗ ਮੁਬਾਇਲ ਫੋਨ ਜਾਂ ਘਰਾਂ ਵਿੱਚ ਟੈਲੀਫ਼ੋਨ ਵੀ ਨਹੀਂ ਹੁੰਦੇ ਸਨ। ਮੈਂ ਬੇ ਵਸ ਜਿਹਾ ਹੋ ਕੇ ਚਾਹ ਦਾ ਕੱਪ ਪੀਤਾ, ਰੇਹੜੀ ਵਾਲ਼ੇ ਕੋਲ਼ ਤਿੰਨ ਚਾਰ ਬੰਦੇ ਹੋਰ ਵੀ ਖੜ੍ਹੇ ਸਨ ਮੈਂ ਵੀ ਚਾਹ ਪੀ ਕੇ ਖੜ੍ਹਾ ਰਿਹਾ । ਕੁਝ ਸਮਾਂ ਲੰਘਿਆ ਮੈਂ ਇੱਕ ਬੈਂਚ ਤੇ ਬੈਠ ਗਿਆ। ਉਥੇ ਬੈਠਿਆਂ ਰਾਤ ਦੇ ਬਾਰਾਂ ਕੁ ਵੱਜ ਗਏ ਤਾਂ ਚਾਹ ਵਾਲ਼ੇ ਨੇ ਮੁਸਾਫ਼ਿਰ ਖ਼ਾਨੇ ਵਿੱਚ ਜਾ ਕੇ ਪੈਣ ਦੀ ਸਲਾਹ ਦੇ ਦਿੱਤੀ। ਮੈਂ ਬੈਗ ਮੋਢੇ ‘ਚ ਪਾਇਆ ਤੇ ਪੁਲ ਚੜ੍ਹ ਕੇ ਹੇਠਾਂ ਮੁਸਾਫ਼ਿਰ ਖਾਨੇ ਵਿੱਚ ਜਿੱਥੇ ਹੋਰ ਵੀ ਕਈ ਜਣੇ ਸੁੱਤੇ ਹੋਏ ਸਨ ਮੈਂ ਵੀ ਉਹਨਾਂ ਵਿੱਚ ਜਗ੍ਹਾ ਬਣਾ ਕੇ ਇੱਕ ਪੁਰਾਣਾ ਤਿੰਨ ਥਾਂ ਤੋਂ ਪਾਟੇਆ ਕੰਬਲ ਉੱਤੇ ਲੈ ਕੇ ਪੈ ਗਿਆ। ਸਰਦੀ ਦੇ ਦਿਨ,ਫਰਸ਼ ਹੇਠੋਂ ਠੰਢੀ,ਕੰਬਲ ਵੀ ਪਾਲਾ ਰੋਕਣ ਦੇ ਕਾਬਿਲ ਨਹੀਂ ਸੀ,ਕਦੇ ਟੇਢਾ ਜਿਹਾ ਹੋਵਾਂ, ਕਦੇ ਗੋਡੇ ਇਕੱਠੇ ਕਰ ਕੇ ਛਾਤੀ ਕੋਲ਼ ਕਰਦਾ, ਸ਼ਾਇਦ ਦੋ ਕੁ ਘੰਟੇ ਬੀਤੇ ਹੋਣਗੇ ਮੇਰੀ ਢੂਈ ਵਿੱਚ ਕੁਝ ਜੋਰ ਦੀ ਵੱਜਿਆ ,ਮੈਂ ਉੱਠ ਕੇ ਦੇਖਿਆ,ਇੱਕ ਪੁਲਿਸ ਵਾਲਾ ਡੰਡਾ ਲਈ ਖੜ੍ਹਾ, ਕਹਿੰਦਾ “ਕੌਣ ਐ ਤੂੰ,..ਕਿੱਥੋਂ ਆਇਐਂ “? , ਮੈਂ ਕਿਹਾ,ਬੈਂਕ ਮੁਲਾਜ਼ਿਮ ਆਂ, ਮੇਰੀ ਗੱਡੀ ਨਿੱਕਲ ਗਈ ,ਹੁਣ ਪੰਜਾਬ ਮੇਲ ਤੇ ਜੈਤੋ ਜਾਣੈ” । “ਅੱਛਾ, ਫ਼ੇਰ ਮੰਗਤਿਆਂ ਵਿੱਚ ਪਿਐ, ਓਥੇ ਪੈ ਜਾ “, ਉਸਨੇ ਡੰਡੇ ਨਾਲ਼ ਹੋਰ ਪਾਸੇ ਇਸ਼ਾਰਾ ਕਰ ਦਿੱਤਾ ਜਿਵੇਂ ਉਸਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੋਵੇ, ਤੇ ਬਾਕੀ ਹੋਰ ਸੁੱਤੇ ਪਿਆਂ ਨੂੰ ਠੁੱਡੇ ਮਾਰ ਕੇ ਪੁੱਛਣ ਲੱਗ ਪਿਆ। ਮੈਂ ਜਗ੍ਹਾ ਬਦਲ ਕੇ ਹੋਰ ਪਾਸੇ ਪੈ ਗਿਆ ਪਰ ਮੈਨੂੰ ਨੀਂਦ ਨਹੀਂ ਆਈ, ਢੁਈ ‘ਚ ਠੁੱਡੇ ਦਾ ਦਰਦ ਹੋ ਰਿਹਾ ਸੀ। ਪੰਜ ਵੱਜਣ ਤੋਂ ਪਹਿਲਾਂ ਮੈਂ ਉੱਠ ਕੇ ਪਲੇਟ ਫਾਰਮ ਤੇ ਚਲਾ ਗਿਆ,ਕੁਝ ਮਿੰਟਾਂ ਬਾਅਦ ਪੰਜਾਬ ਮੇਲ ਵੀ ਆ ਗਈ ਤੇ ਮੈਂ ਜਨਰਲ ਡੱਬੇ ਵਿੱਚ ਚੜ੍ਹ ਗਿਆ। ਸਾਢੇ ਪੰਜ ਵਜੇ ਘਰ ਪਹੁੰਚਿਆ, ਘਰ ਦੇ ਸਾਰੇ ਹੈਰਾਨ,ਮੈਂ ਗੱਡੀ ਨਿੱਕਲ ਜਾਣ ਦੀ ਕਹਾਣੀ ਸੁਣਾ ਦਿੱਤੀ। ਬਸ, ਚਾਹ ਹੀ ਪੀਤੀ ਸੀ ਮੈਂ ਫ਼ਿਰ ਮਾਨਸਾ ਜਾਣ ਲਈ ਜੈਤੋ ਦੇ ਰੇਲਵੇ ਸਟੇਸ਼ਨ ਤੇ ਜਨਤਾ ਗੱਡੀ ਤੇ ਚੜ੍ਹਨ ਲਈ ਜੈਤੋ ਦੇ ਸਟੇਸ਼ਨ ਤੇ ਖੜ੍ਹਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj