ਲੱਖਾਂ ‘ਚੋਂ ਇੱਕ

ਸ਼ਿੰਦਾ ਬਾਈ
 (ਸਮਾਜ ਵੀਕਲੀ) – ਐਤਵਾਰ ਸੀ  ਛੁੱਟੀ ਦਾ ਦਿਨ। ਕੇਸੀ ਨ੍ਹਾ ਕੇ ਬਰਾਂਡੇ ‘ਚ ਬੈਠਾ ਸੀ ਵਾਲ਼ ਖੁੱਲ੍ਹੇ ਛੱਡੀ। ਸਾਰਾ ਹਫ਼ਤਾ ਫੋਨ ਅਤੇ ਕੰਪਿਊਟਰ ਤੇ ਹੀ ਮੱਥਾ ਮਾਰੀਦੈ, ਇਸ ਲਈ ਅੱਜ ਫੋਨ ਨੂੰ ਹੱਥ ਲਾਉਣ ਜੀਅ ਨਾ ਕੀਤਾ। ਕੋਲ਼ੇ ਹੀ ਪਿਆ ਸੀ ਤੇ ਮੈਂ ਉਸ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਕੋਈ ਆਪਣੇ ਬੇਹੱਦ ਤਕੜੇ ਦੁਸ਼ਮਣ ਨੂੰ ਚੁੱਪਚਾਪ ਵੇਖ ਕੇ ਸੋਚ ਰਿਹਾ ਹੋਵੇ ਕਿ ਹੁਣ ਇਸਦਾ ਕੀ ਹੱਲ ਕੀਤਾ ਜਾਵੇ ਤਾਂ ਕਿ ਇਹਦੇ ਤੋਂ ਖਹਿੜਾ ਛੁੱਟੇ। ਸੱਚੀਂ ਯਾਰ ! ਕਈ ਵਾਰ ਤਾਂ ਇਹ ਏਨਾ ਜ਼ਿਆਦਾ ਸਾਡੇ ਵਜ਼ੂਦ ਵਿੱਚ ਵੜ ਜਾਂਦੈ ਕਿ ਅੱਖਾਂ ਭਾਰੀਆਂ ਹੋ ਕੇ ਦੁਖਣ ਲੱਗ ਜਾਂਦੀਆਂ ਨੇ। ਪੁੜਪੁੜੀਆਂ ਵਿੱਚ ਦਰਦ ਹੋ ਜਾਂਦਾ ਹੈ ਤੇ ਸਿਰ ਭਾਰਾ ਭਾਰਾ ਜਾਪਣ ਲੱਗ ਜਾਂਦਾ ਹੈ। ਪਰ ਨੌਕਰੀ ਕੀ ਤੇ ਨਖ਼ਰਾ ਕੀ, ਹਫ਼ਤੇ ਦੇ ਛੇ ਦਿਨ ਤਾਂ ਇਹਦੀ ਗ਼ੁਲਾਮੀ ਝੱਲਣੀ ਹੀ ਪੈਦੀ ਹੈ। ਏਸੇ ਲਈ ਸੋਚਿਆ ਸੀ ਕਿ ਅੱਜ ਏਸ ਦੁਸ਼ਮਣ ਨੂੰ ਹੱਥ ਨਹੀਂ ਲਾਉਣਾ।
ਏਨੇ ਨੂੰ ਅਖ਼ਬਾਰ ਵਾਲ਼ਾ ਵਿਹੜੇ ਵਿੱਚ ਅਖ਼ਬਾਰ ਸੁੱਟ ਗਿਆ ਤੇ ਮੈ ਅਖ਼ਬਾਰ ਦੀਆਂ ਸੁਰਖ਼ੀਆਂ ਵੇਖਣ ਲੱਗਾ। ਇੱਕ ਵਾਰ ਫਟਾਫਟ ਸਾਰੇ ਅਖ਼ਬਾਰ ਦੀਆਂ ਸੁਰਖ਼ੀਆਂ ਤੇ ਝਾਤ ਮਾਰ ਕੇ ਮੈਂ ਆਪਣਾ ਮਨਪਸੰਦ ਸੰਪਾਦਕੀ ਪੰਨਾ ਖੋਲ੍ਹ ਲਿਆ। ਕੋਵਿਡ ਸ਼ੀਲਡ ਟੀਕਾਕਰਣ ਜਿਹੜਾ ਕਰੋਨਾ ਕਾਲ ਦੇ ਵਿੱਚ ਹਰ ਖ਼ਾਸ-ਓ- ਆਮ ਲਈ ਲਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਦੇ ਪੈਣ ਵਾਲ਼ੇ ਮਾੜੇ ਅਸਰਾਂ ਬਾਰੇ ਬੜੀ ਵਿਸਥਰਿਤ ਰੀਪੋਰਟ ਛਪੀ ਸੀ। ਬੜੇ ਧਿਆਨ ਨਾਲ਼ ਰੀਪੋਰਟ ਪੜ੍ਹੀ। ਕਰੋਨਾ ਕਾਲ ਵੇਲ਼ੇ ਟੀਕਾ ਲਵਾਉਣਾ ਪਿਆ ਸੀ,ਇਸ ਕਰਕੇ ਮਨ ਵਿੱਚ ਡਰ ਵੀ ਸੀ। ਪਤਾ ਨਹੀਂ ਸੱਚ ਹੈ ਕਿ ਝੂਠ, ਜਾਂ ਕਿ ਰਾਜਨੀਤੀ ਦੇ ਛਡਯੰਤਰ ਨੇ ਕਿ ਇੱਕ ਪਾਰਟੀ ਦੂਜੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਝੂਠੇ ਸੱਚੇ ਪ੍ਰਚਾਰ ਦੀ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ। ਸੋਸ਼ਲ ਮੀਡੀਆ,ਬਿਜਲਈ ਮੀਡੀਆ ਅਤੇ ਅਖ਼ਬਾਰੀ ਪੱਤਰਕਾਰਿਤਾ,ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ।ਹਰ ਕੋਈ ਕਿਸੇ ਨ ਕਿਸੇ ਧੜੇ ਨਾਲ਼ ਜੁੜਿਆ ਹੋਇਆ ਹੈ ਜਾਂ ਵਿਕਿਆ ਹੋਇਆ ਹੈ। ਹਰੇਕ ਦਾ ਆਪਣਾ ਆਪਾ ਦੁੱਧ ਧੋਤਾ ਹੈ ਦੂਸਰੇ ਦਾ ਚਿੱਕੜ੍ਹ ਵਿੱਚ ਗ਼ਰਕ਼ ਹੈ।
ਫਟਾਫਟ ਹੀ ਸਾਰਾ ਲੇਖ ਪੜ੍ਹ ਗਿਆ। ਸਾਰਾ ਪੜ੍ਹ ਕੇ ਅੰਤ ਨੂੰ ਡਾਕਟਰਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਏਹੀ ਨਤੀਜਾ ਕੱਢਿਆ ਕਿ ਇਸ ਟੀਕੇ ਦਾ ਬੁਰਾ ਪ੍ਰਭਾਵ ਕਿਸੇ  ” ਲੱਖਾਂ ‘ਚੋਂ ਇੱਕ ” ਆਦਮੀ ਉੱਤੇ ਹੀ ਹੁੰਦਾ ਹੈ। ਲੇਖ ਪੜ੍ਹਦਿਆਂ ਪੜ੍ਹਦਿਆਂ ਜੋ ਦਿਲ ਦੀ ਧੜਕਣ ਵਧੀ ਸੀ ਅਤੇ ਘਬਰਾਹਟ ਜਿਹੀ ਹੋਣ ਲੱਗੀ ਸੀ ਉਹ ਡਾਕਟਰ ਐਡਾਲਫ਼ ਸਮਿੱਥ ਦੇ ਇਸ ” ਲੱਖਾਂ ‘ਚੋਂ ਇੱਕ ”  ਵਾਲ਼ੇ ਬਿਆਨ ਨੂੰ ਪੜ੍ਹ ਕੇ ਕੰਟਰੋਲ ਵਿੱਚ ਆ ਰਹੀ ਸੀ। ਫੇਰ ਵੀ ਰੀਪੋਰਟ ਪੜ੍ਹਦਿਆਂ ਮੂੰਹ ਖੁਸ਼ਕ ਹੋ ਗਿਆ ਸੀ ਤੇ ਪਿਆਸ ਜਿਹੀ ਮਹਿਸੂਸ ਹੋਈ। ਅਖ਼ਬਾਰ ਪਾਸੇ ਰੱਖ ਰਸੋਈ ਵੱਲ ਨੂੰ ਪਾਣੀ ਲੈਣ ਗਿਆ।
ਰਸੋਈ ਵਿੱਚ ਵੜਦੇ ਨੂੰ ਸੁਣਿਆ ਕਿ ਮੇਰੀ ਘਰਵਾਲ਼ੀ ਆਪਣੀ ਕਿਸੇ ਸਹੇਲੀ ਨਾਲ਼ ਫ਼ੋਨ ਤੇ ਗੱਲਾਂ ਕਰ ਰਹੀ ਸੀ। ਉੱਚੀ ਉੱਚੀ ਹੱਸਣ ਦੀ ਅਵਾਜ਼ ਆ ਰਹੀ ਸੀ। ਕੰਨ ਲਾ ਕੇ ਸੁਣਿਆ ਤਾਂ ਮੇਰੀਆਂ ਹੀ ਗੱਲਾਂ ਹੋ ਰਹੀਆਂ ਸਨ। ਕਿਸੇ ਗੱਲ ਦੇ ਜਵਾਬ ਵਿੱਚ ਮੇਰੀ ਘਰਵਾਲ਼ੀ ਆਪਣੀ ਸਹੇਲੀ ਨੂੰ ਕਹਿ ਰਹੀ ਸੀ ” ਨੀਂ ਭੈਣੇ ! ਮੇਰੇ ਇਹ ਅਜਿਹੇ ਨਹੀਂ, ਇਹ ਤਾਂ  ਲੱਖਾਂ ਚੋਂ ਇੱਕ  ਨੇ।”
” ਲੱਖਾਂ ‘ਚੋਂ ਇੱਕ ” ਸੁਣਦਿਆਂ ਹੀ ਯੱਕਦਮ ਮੈਨੂੰ ਡਾਕਟਰ ਐਡਾਲਫ਼ ਸਮਿੱਥ ਚੇਤੇ ਆਇਆ ਤੇ ਮੇਰੇ ਦਿਲ ਦੀ ਧੜਕਣ ਫੇਰ ਵਧ ਗਈ। ਦਿਲ ਨੂੰ ਥੰਮ ਕੇ ਮੈਂ ਮਸਾਂ ਪਾਣੀ ਲੈਣ ਲਈ ਫਰਿਜ਼ ਦਾ ਦਰਵਾਜ਼ਾ ਖੋਲ੍ਹਿਆ।
ਸ਼ਿੰਦਾ ਬਾਈ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ਪੰਛੀ 
Next articleਵੈਦ ਦੀ ਕਲਮ ਤੋਂ ਹਾਈ ਬਲੱਡ ਪਰੈਸ਼ਰ ਬਾਰੇ