ਮਨੁ ਪੰਖੀ ਭਇਓ….
(ਸਮਾਜ ਵੀਕਲੀ) ਪੰਛੀ ਅਲਣਾ ਬਣਾਉਂਦੇ ਹਨ ਪਰ ਆਪਣੇ ਬੱਚਿਆਂ ਨੂੰ ਬਣਾ ਕੇ ਨਹੀਂ ਦਿੰਦੇ ਹਨ ਪੰਛੀ ਆਪਣੇ ਵੋਟਾਂ ਦੀ ਚੁੰਝ ਵਿੱਚ ਚੋਗਾ ਪਾ ਕੇ ਵੱਡੇ ਕਰ ਦਿੰਦੇ ਹਨ, ਉੱਡਣਾ ਸਿਖਾ ਦਿੰਦੇ ਹਨ। ਹੌਲੀ-ਹੌਲੀ ਉਹ ਬੋਟ ਆਪਣਾ ਜੀਵਨ ਜਿਉਣ ਲਈ ਲੰਬੀ ਉਡਾਰੀ ਮਾਰ ਜਾਂਦੇ ਹਨ। ਆਦਿ-ਮਾਨਵ ਕਾਲ ਸਮੇਂ ਇਨਸਾਨ ਵੀ ਹੋਰ ਜਾਨਵਰਾਂ ਵਾਂਗ ਦੀ ਹੁੰਦਾ ਹੋਵੇਗਾ ਪਰ ਉਡਾਨ ਉਸ ਦੇ ਵੱਸ ਵਿੱਚ ਨਹੀਂ ਸੀ। ਜਦੋਂ ਪਰਿਵਾਰਕ ਸਾਂਝ ਬਣੀ ਤਾਂ ਸੱਭਿਅਤਾ ਦਾ ਵਿਕਾਸ ਹੋਣ ਲੱਗਿਆ। ਠੰਢ, ਗਰਮੀ, ਬਰਸਾਤ, ਜੰਗਲੀ ਜਾਨਵਰਾਂ ਤੋਂ ਬਚਾਅ ਲਈ ਘਰ ਬਣਨ ਲੱਗੇ ਅਤੇ ਘਰਾਂ ਤੋਂ ਪਿੰਡ, ਕਸਬੇ, ਨਗਰ, ਮੁਹੱਲੇ ਬਣਦੇ-ਬਣਦੇ ਅੱਜ ਸੰਸਾਰ ਵਿਸ਼ਵ ਪਿੰਡ (ਯੂਨੀਵਰਸਲ ਵਿਲੇਜ) ਬਣ ਗਿਆ ਹੈ। ਮਾਪੇ ਆਪੋ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣਾ ਵਰਤਮਾਨ ਸੰਘਰਸ਼ ਵਿੱਚ ਲੰਘਾ ਰਹੇ ਹਨ। ਭਾਰਤੀ ਸਮਾਜ ਵਿੱਚ ਪੁਰਾਤਨ ਵਿਆਹ ਲਈ ਰਿਸ਼ਤਾ ਪੱਕਾ ਕਰਨ ਸਮੇਂ ਘਰ-ਪਰਿਵਾਰ ਵੇਖਿਆ ਜਾਂਦਾ ਹੈ। ਇਸ ਪ੍ਰਕਾਰ ਆਪਣਾ ਘਰ ਮਨੁੱਖ ਦੀ ਲੋੜ ਅਤੇ ਇੱਛਾ ਰਹੀ ਹੈ। ਇਨਸਾਨ ਆਪਣਾ ਜੀਵਨ ਜਿਉਂਦਾ ਹੋਇਆ ਤਰੱਕੀ ਕਰਨ ਜਾਂ ਅੱਗੇ ਵਧਣ ਦੀ ਜਗਿਆਸਾ ਵੀ ਰੱਖਦਾ ਹੈ। ਕਦੋਂ ਇਹ ਜਗਿਆਸਾ ਜਨੂੰਨ ਦੇ ਪੱਧਰ ‘ਤੇ ਪਹੁੰਚ ਜਾਂਦੀ ਹੈ ਤਾਂ ਅਜਿਹੇ ਇਨਸਾਨ ਕੁਝ ਨਵਾਂ ਮੁਕਾਮ ਹਾਸਲ ਕਰ ਲੈਂਦੇ ਹਨ ਤੇ ਇਸ ਦੇ ਉਲਟ ਕਈ ਹਮਲਾਵਰ ਦਾ ਰੂਪ ਧਾਰਨ ਕਰ ਲੈਂਦੇ ਹਨ। ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਈ ਹਮਲਾਵਰ ਪੰਜਾਬ ਅਤੇ ਭਾਰਤ ਵਿੱਚ ਆਏ ਪੰਜਾਬੀਆਂ ਨੇ ਮੁਕਾਬਲਾ ਕੀਤਾ ਅਤੇ ਸਮਾਂ ਆਉਣ ‘ਤੇ ਪੰਜਾਬੀਆਂ ਨੇ ਭਾਜੀ ਵੀ ਮੋੜੀ ਹੈ। ਪੰਜਾਬ ਦੀ ਉਥਲ-ਪੁਥਲ ਵਿੱਚੋਂ ਕਈ ਮੁਹਾਵਰੇ ਵੀ ਪ੍ਰਚਲਿਤ ਹੋਏ ਹਨ, ਜਿਵੇਂ:-
ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ
ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
ਸ਼ਰਨ ਆਏ ਨੂੰ ਦੇਗ ਚੜ੍ਹ ਆਏ ਨੂੰ ਤੇਗ
ਰੋਕੀਂ ਬਾਬਾ ਡਾਂਗ ਵਾਲਿਆ ਰਨ ਬਸਰੇ ਨੂੰ ਗਈ
ਸੰਖੇਪ ਰੂਪ ਵਿੱਚ ਇਹਨਾਂ ਦਾ ਅਰਥ ਇਹ ਹੈ ਕਿ ਪਹਿਲਾਂ-ਪਹਿਲ ਵਿਦੇਸ਼ੀ ਹਮਲਾਵਰ ਸੋਨਾ, ਚਾਂਦੀ ਅਤੇ ਧੰਨ ਲੁੱਟ ਕੇ ਲੈ ਜਾਂਦੇ ਸੀ ਤੇ ਜੋ ਖਾ-ਹੰਡਾ ਲਿਆ ਜਾਵੇ, ਉਹ ਹੀ ਲਾਹੇ ਦਾ ਸੀ। ਪੰਜਾਬੀਆਂ ਨੇ ਮੁਕਾਬਲਾ ਕਰਨਾ ਆਰੰਭ ਕੀਤਾ। ਵਿਦੇਸ਼ੀ ਹਮਲਾਵਰ ਮਾਲ-ਅਸਬਾਬ ਦੇ ਨਾਲ ਕੁੜੀਆਂ ਅਤੇ ਔਰਤਾਂ ਨੂੰ ਬੰਦੀ ਬਣਾ ਕੇ ਬਸਰੇ ਦੇ ਬਾਜ਼ਾਰ ਵੇਚਣ ਲਈ ਲੈ ਜਾਂਦੇ ਸਨ। ਸਿੱਖ ਸਰਦਾਰਾਂ ਨੇ ਅਜਿਹੇ ਹਮਲਾਵਰਾਂ ‘ਤੇ ਹਮਲੇ ਕਰ ਕੇ ਕੈਦੀ ਕੁੜੀਆਂ ਨੂੰ ਉਹਨਾਂ ਦੇ ਘਰੋਂ-ਘਰੀ ਸੁਰੱਖਿਤ ਪਹੁੰਚਾਇਆ। ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਬਹੁਤ ਯੋਗਦਾਨ ਅਤੇ ਬਲਿਦਾਨ ਹੈ। ਅੱਜ ਵੀ ਖੇਤੀਬਾੜੀ ਅਰਥ ਵਿਵਸਥਾ ਸੇਵਾ ਭਾਵਨਾ ਬਹਾਦਰੀ ਸਿੱਖਿਆ ਦੇ ਖੇਤਰ ਵਿੱਚ ਪੰਜਾਬੀ ਆਪਣਾ ਮੁਕਾਮ ਰੱਖਦੇ ਹਨ। ਫਿਰਾਕ ਦਿਲੀ ਨਾਲ ਲੋੜਵੰਦਾਂ ਦੀ ਮਦਦ ਕੀਤੀ ਜੋ ਹੁਣ ਵੀ ਬਾ-ਦਸਤੂਰ ਜਾਰੀ ਹੈ।
ਅੱਜ ਦੇ ਪ੍ਰਪੇਖ ਵਿੱਚ ਗੱਲ ਕੀਤੀ ਜਾਵੇ ਤਾਂ ਆਪਣੇ ਕੁੱਲੀ, ਗੁੱਲੀ ਤੇ ਜੁੱਲੀ ਦੇ ਨਾਲ-ਨਾਲ ਮੋਬਾਇਲ ਫੋਨ ਵੀ ਮੁਢਲੀ ਲੋੜ ਬਣ ਗਿਆ ਹੈ। ਆਰਥਿਕ ਪੱਧਰ ਜੇ ਇਜਾਜ਼ਤ ਦਿੰਦਾ ਹੈ ਤਾਂ ਪਰਿਵਾਰਿਕ ਮੈਂਬਰ ਆਪਣੀ ਕੁੱਲੀ ਭਾਵ ਘਰ ਤੋਂ ਬਾਹਰ ਨਿੱਕਲ ਕੇ ਕਿਤੇ ਘੁੰਮ-ਫਿਰ ਆਉਣ ਦੀ ਤਾਂਘ ਵੀ ਰੱਖਦੇ ਹਨ। ਵਿਦੇਸ਼ੀ ਲੋਕ ਭਾਰਤ ਵਿੱਚ ਘੁੰਮਣ-ਫਿਰਨ ਆਉਂਦੇ ਹਨ ਅਤੇ ਕਈ ਭਾਰਤੀ ਲੋਕ ਆਪਣੇ ਮੁਲਕ ਵਿੱਚ ਹੀ ਜਾਂ ਬਾਹਰਲੇ ਮੁਲਕਾਂ ਵਿੱਚ ਆਪਣੇ ਸਮੇਂ ਅਤੇ ਸਮਰੱਥਾ ਅਨੁਸਾਰ ਆਉਂਦੇ-ਜਾਂਦੇ ਰਹਿੰਦੇ ਹਨ। ਭਾਰਤੀ ਇਤਿਹਾਸ ਵਿੱਚ ਕਈ ਵਿਦੇਸ਼ੀ ਦਾਰਸ਼ਨਿਕ, ਵਪਾਰੀ ਭਾਰਤ ਵਿੱਚ ਆਏ ਹਨ ਜਿਵੇਂ ਮੈਗਸਥਨੀਜ਼, ਹਿਉ ਤਸਾਂਗ, ਵਾਸਕੋ ਡਿਗਾਮਾ, ਮਾਰਕੋ ਪੋਲੋ, ਅਲ ਸਮੂਦੀ, ਅਲ ਬਰੂਨੀ, ਅਬਦੁਲ ਰਜ਼ਾਕ, ਵਿਲੀਅਮ ਹੋਕਿੰਸ, ਸਰ ਥੋਮਸ ਰੋਏ ਆਦਿ। ਇਹਨਾਂ ਨੇ ਆਪਣੇ ਭਾਰਤ ਭਰਮਣ ਦੌਰਾਨ ਭਾਰਤ ਦੇ ਸੱਭਿਆਚਾਰ, ਭਾਸ਼ਾ, ਧਰਮ ਅਤੇ ਰਾਜਨੀਤੀ ਬਾਰੇ ਖੋਜ ਭਰਪੂਰ ਵੇਰਵੇ ਇਕੱਠੇ ਕੀਤੇ। ਭਾਰਤ ਤੋਂ ਬਾਹਰਲੇ ਸਮਾਜ ਨੂੰ ਭਾਰਤ ਬਾਰੇ ਜਾਣੂ ਕਰਵਾਇਆ। ਇਹਨਾਂ ਵਿੱਚੋਂ ਕੁਝ ਵਪਾਰੀ ਕਿਸਮ ਦੇ ਲੋਕ ਵੀ ਸਨ। ਉਸ ਸਮੇਂ ਆਵਾਜਾਈ ਅਤੇ ਸੰਚਾਰ ਦੇ ਸਾਧਨ ਸੀਮਤ ਸਨ। ਕਈ ਮੁਸ਼ਕਲਾਂ ਵਿੱਚੋਂ ਗੁਜਰਦਿਆਂ ਵੀ ਉਹਨਾਂ ਨੇ ਆਪਣੇ ਸੈਰ-ਸਪਾਟੇ ਤੋਂ ਪ੍ਰਾਪਤ ਗਿਆਨ ਅਤੇ ਤਜਰਬੇ ਨੂੰ ਕਲਮਬੱਧ ਕੀਤਾ। ਹੁਣ ਸਮਾਂ ਬਦਲ ਗਿਆ ਹੈ। ਸਾਹਿਤ ਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਸਾਡੇ ਸਮਾਜ ਵਿੱਚ ਵਿਸ਼ੇਸ਼ ਸਥਾਨ ਬਣ ਗਿਆ ਹੈ ਹੁਣ ਹਰ ਕੋਈ ਕਿਤੇ ਵੀ ਘੁੰਮਣਾ-ਫਿਰਨਾ ਚਾਹੁੰਦਾ ਹੈ ਤਾਂ ਨਾਲ ਦੀ ਨਾਲ ਉਸ ਜਗ੍ਹਾ ਵਿੱਚ ਆਪਣੀਆਂ ਤਸਵੀਰਾਂ ਜਲਦੀ ਤੋਂ ਜਲਦੀ ਇਹਨਾਂ ਸੋਸ਼ਲ ਸਾਈਟਸ ਉਪਰ ਸਾਂਝੀਆਂ ਕਰਨ ਨੂੰ ਤਰਜੀਹ ਦਿੰਦਾ ਹੈ। ਇਹ ਆਪਣੇ ਸ਼ੌਂਕ ਦੀ ਗੱਲ ਹੁੰਦੀ ਹੈ ਪਰ ਤਸਵੀਰਾਂ ਹੀ ਸਭ ਕੁਝ ਨਹੀਂ ਹਨ।
ਜਦੋਂ ਅਸੀਂ ਕਿਸੇ ਸੈਲਾਨੀ ਸਥਾਨ ਭਾਵ ਸੈਰ-ਸਪਾਟੇ ਵਾਲੇ ਸਥਾਨ ‘ਤੇ ਹੁੰਦੇ ਹਾਂ ਤਾਂ ਕੇਵਲ ਕੁਦਰਤੀ ਨਜ਼ਾਰੇ ਹੀ ਸਭ ਕੁਝ ਨਹੀਂ ਹੁੰਦੇ ਹਨ। ਉਸ ਇਲਾਕੇ ਦੀ ਆਬੋ-ਹਵਾ, ਲੋਕਾਂ ਦੀ ਭਾਸ਼ਾ, ਉਹਨਾਂ ਦੀ ਬੋਲ-ਚਾਲ ਦਾ ਤਰੀਕਾ ਤੇ ਵਿਵਹਾਰ, ਉੱਥੇ ਦਾ ਪਹਿਰਾਵਾ, ਭੋਜਨ ਆਦਿ ਬਾਰੇ ਰੌਚਕਤਾ ਰੱਖਣੀ ਚਾਹੀਦੀ ਹੈ। ਸਫਰ ਦੌਰਾਨ ਵੇਖਿਆ ਜਾਵੇ ਕਿ ਕਿਸ ਤਰ੍ਹਾਂ ਦੇ ਖੇਤ ਅਤੇ ਫ਼ਸਲਾਂ ਹਨ। ਖੇਤੀਬਾੜੀ ਅਤੇ ਹੋਰ ਕੰਮ ਧੰਦਿਆਂ ਦੇ ਕੀ ਢੰਗ-ਤਰੀਕੇ ਹਨ। ਘਰ-ਦੁਕਾਨਾਂ ਕਿਸ ਵੰਨਗੀ ਦੀਆਂ ਹਨ। ਅਸੀਂ ਇੱਕ ਸੈਲਾਨੀ ਵਾਲ਼ੀ ਖੁਸ਼ੀ ਤਾਂ ਲੈਣ ਹੀ ਰਹੇ ਹੁੰਦੇ ਹਾਂ ਨਾਲ ਦੀ ਨਾਲ ਇਹ ਸਭ ਸਾਡੇ ਗਿਆਨ ਵਿੱਚ ਵਾਧਾ ਵੀ ਕਰਦਾ ਹੈ। ਕਈ ਵਾਰ ਇਸ ਦੌਰਾਨ ਕੋਈ ਓਪਰਾ ਇਨਸਾਨ ਸਾਡਾ ਮਿੱਤਰ ਵੀ ਬਣ ਸਕਦਾ ਹੈ ਪਰ ਅਜਿਹੇ ਮੌਕੇ ਠੱਗੇ ਜਾਣ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਸੈਰ ਸਪਾਟਾ ਇੱਕ ਵਧੀਆ ਮੌਕਾ ਹੁੰਦਾ ਹੈ ਕਿ ਅਸੀਂ ਸਫ਼ਰਨਾਮੇ ਦੇ ਰੂਪ ਵਿੱਚ ਕੋਈ ਸਾਹਿਤਕ ਰਚਨਾ ਵੀ ਰਚ ਸਕਦੇ ਹਾਂ ਜਾਂ ਕਿਸੇ ਹੋਰ ਸਾਹਿਤਕ ਵਿਧਾ ਲਈ ਕੋਈ ਵਿਸ਼ਾ ਵੀ ਮਿਲ ਸਕਦਾ ਹੈ। ਅਦਾਕਾਰ ਤੇ ਸਾਹਿਤਕਾਰ ਸ੍ਰੀ ਬਲਰਾਜ ਸਾਹਨੀ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਏਨੀ ਯਥਾਰਥਵਾਦੀ ਸ਼ੈਲੀ ਵਿੱਚ ਲਿਖਿਆ ਗਿਆ ਕਿ ਇਸ ਤਰਾਂ ਲੱਗਦਾ ਹੈ ਕਿ ਅਸੀਂ ਆਪ ਹੀ ਉਸ ਇਲਾਕੇ ਵਿੱਚ ਘੁੰਮ ਰਹੇ ਹੋਈਏ।
ਜਦੋਂ ਕਦੀ ਵੀ ਕਿਸੇ ਜਗ੍ਹਾ ਜਾਣਾ ਹੋਵੇ ਤਾਂ ਉਸ ਦੇ ਰੂਪ ਰੇਖਾ ਇਕਦਮ ਜਾਂ ਰਾਤੋ-ਰਾਤ ਨਹੀਂ ਬਣਾ ਲੈਣੀ ਚਾਹੀਦੀ ਹੈ। ਸਾਨੂੰ ਉਸ ਸਥਾਨ, ਸਫਰ ਲਈ ਲੋੜੀਂਦਾ ਸਮਾਨ, ਉੱਥੇ ਰਿਹਾਈਸ਼ ਅਤੇ ਵਾਪਸੀ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਸਫ਼ਰ ਦੌਰਾਨ ਸਾਡਾ ਸੁਚੇਤ ਅਤੇ ਸੁਰੱਖਿਅਤ ਰਹਿਣਾ ਅਤਿਅੰਤ ਜਰੂਰੀ ਹੁੰਦਾ ਹੈ। ਜਦੋਂ ਕਿਸੇ ਓਪਰੀ ਜਗ੍ਹਾ ਹੁੰਦੇ ਹਾਂ ਤਾਂ ਸਾਡੇ ਉੱਪਰ ਆਪਣੇ ਪਰਿਵਾਰ, ਸਾਥੀਆਂ ਅਤੇ ਸਕੁਸ਼ਲ ਘਰ ਵਾਪਸੀ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ ਕੁਝ ਪਲ ਖੁਸ਼ੀਆਂ ਦੇ ਕੱਢਣ ਲਈ ਲੋਕ ਕਿਸੇ ਹੋਰ ਜਗ੍ਹਾ ਘੁੰਮਣ-ਫਿਰਨ ਜਾਂਦੇ ਹਨ। ਜੇ ਕਰ ਕੋਈ ਵੀ ਅਣ-ਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਜੀਵਨ ਦੁੱਖਦਾਈ ਮੋੜ ਦਾ ਸਬਬ ਬਣ ਸਕਦੀ ਹੈ।
ਸਫਰ ਦੌਰਾਨ ਕੁਦਰਤੀ ਆਫ਼ਤਾਂ ਜਿਵੇਂ ਭੁਚਾਲ, ਹੜ੍ਹ, ਜ਼ਮੀਨ ਖਿਸਕ ਜਾਣੀ ਆਦਿ ਵੱਡੀ ਤਬਾਹੀ ਲਿਆ ਸਕਦੇ ਹਨ। ਸਫ਼ਰ ਦੌਰਾਨ ਸੜਕੀ ਜਾਂ ਰੇਲ ਦੁਰਘਟਨਾ, ਚੋਰੀ, ਲੁੱਟ-ਖੋਹ, ਠੱਗੀ ਆਦਿ ਸੈਰ-ਸਪਾਟੇ ਦੌਰਾਨ ਸਮੱਸਿਆ ਵਿੱਚ ਪਾ ਸਕਦੇ ਹਨ। ਆਪਣੀ ਸਮਝ ਅਤੇ ਜਾਗਰੂਕਤਾ ਨਾਲ ਅਸੀਂ ਕਾਫੀ ਹੱਦ ਤੱਕ ਆਪਣਾ ਬਚਾਅ ਕਰ ਸਕਦੇ ਹਾਂ। ਅਜਿਹੀ ਸਥਿਤੀ ਵਿੱਚ ਘਬਰਾਹਟ ਸਾਡਾ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਦਿਮਾਗੀ ਸੰਤੁਲਨ ਅਤੇ ਆਪਸੀ ਏਕਾ ਬਣਾਈ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਸਾਡੇ ਕੋਲ ਅਪਾਤਕਾਲੀਨ ਸਹਾਇਤਾ ਨੰਬਰ ਹੋਣੇ ਚਾਹੀਦੇ ਹਨ ਜਿਸ ਵਿੱਚ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦਾ ਸੰਪਰਕ ਨੰਬਰ ਸ਼ਾਮਲ ਹੈ।
ਕਿਹਾ ਜਾਂਦਾ ਹੈ, ‘ਡੁੱਬਦੇ ਨੂੰ ਤਿਣਕੇ ਦਾ ਸਹਾਰਾ’। ਲੰਬੇ ਸਫਰ ਦੌਰਾਨ ਹੋਰ ਸਾਮਾਨ ਦੇ ਨਾਲ-ਨਾਲ ਕੁਝ ਜਰੂਰੀ ਵਸਤੂਆਂ ਜਿਵੇਂ ਟਾਰਚ, ਚਾਕੂ ਜਾਂ ਕਰਦ, ਰੱਸੀ, ਮੁਢਲੀ ਸਹਾਇਤਾ ਕਿੱਟ ਆਦਿ ਕੋਲ ਹੋਣੀਆਂ ਚਾਹੀਦੀਆਂ ਹਨ। ਜੇ ਕਰ ਆਪਣੀ ਗੱਡੀ ਜਾਂ ਟੈਕਸੀ ਵਿੱਚ ਜਾ ਰਹੇ ਹੋਈਏ ਤਾਂ ਅੱਗ ਬੁਝਾਊ ਯੰਤਰ ਵੀ ਲੋੜ ਪੈਣ ਤੇ ਬਹੁਤ ਸਹਾਈ ਹੁੰਦਾ ਹੈ। ਅੱਗ ਲੱਗਣ ਦੀ ਸਥਿਤੀ ਵਿੱਚ ਨੇੜੇ-ਤੇੜਿਓਂ ਪਾਣੀ, ਮਿੱਟੀ ਜਾਂ ਰੇਤ ਦਾ ਪ੍ਰਬੰਧ ਮੁਸ਼ਕਲ ਹੋ ਸਕਦਾ ਹੈ। ਇਹ ਯੰਤਰ ਬਹੁਤ ਵੱਡੀ ਅੱਗ ਲੱਗਣ ਵਾਲੀ ਦੁਰਘਟਨਾ ਤੋਂ ਬਚਾਅ ਕਰ ਸਕਦਾ ਹੈ।
ਸੈਰ-ਸਪਾਟਾ ਕਿਸੇ ਇਲਾਕੇ/ਦੇਸ਼ ਦੀ ਆਰਥਿਕਤਾ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਧੇਰੇ ਕਰ ਕੇ ਲੋਕ ਆਪਣੇ ਸੈਲਾਨੀਆਂ ਨੂੰ ਇੱਜ਼ਤ ਦਿੰਦੇ ਹਨ। ਲੋੜ ਪੈਣ ‘ਤੇ ਮਦਦ ਵੀ ਕਰਦੇ ਹਨ। ਕੁਝ ਮਾੜੇ ਇਨਸਾਨ ਕਦੀ-ਕਦਾਰ ਮਾੜੇ ਅਨੁਭਵ ਦਾ ਕਾਰਨ ਵੀ ਬਣ ਜਾਂਦੇ ਹਨ ਪਰ ਸੈਲਾਨੀਆਂ ਦੀ ਜਾਗਰੂਕਤਾ ਅਤੇ ਉਸ ਇਲਾਕੇ ਦਾ ਪ੍ਰਸ਼ਾਸਨ ਇਸ ਤੋਂ ਕਾਫੀ ਹੱਦ ਤੱਕ ਬਚਾਅ ਕਰਵਾ ਸਕਦਾ ਹੈ। ਇਸ ਲਈ ਖ਼ੁਸ਼ੀ, ਸ਼ਾਂਤੀ, ਰੋਮਾਂਚ, ਗਿਆਨ ਤੇ ਖੁੱਲ੍ਹ ਦੇ ਕੁਝ ਪਲਾਂ ਲਈ ਕਦੇ-ਕਦਾਰ ਸੈਰ-ਸਪਾਟਾ ਕਰ-ਕੁਰ ਲੈਣਾ-ਲੂਣਾ ਚਾਹੀਦਾ ਹੈ।
ਮਨਜੀਤ ਸਿੰਘ ਬੱਧਣ 9417635053



