ਚਲਦੇ ਸਾਹ ਸਿਲੰਡਰ ਤੇ।

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਜ਼ਿੰਦਗੀ ਵਿੱਚ ਕਈ ਵਾਰ ਹੱਡਬੀਤੀਆਂ ਹਕੀਕਤਾਂ ਹੁੰਦੀਆਂ ਹਨ। ਜਿਨ੍ਹਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ । ਅਗਸਤ 2002 ਵਿੱਚ ਮੈਂ ਤੇ ਮੇਰਾ ਵੀਰ ਆਪਣੀ ਮਾਂ ਨੂੰ ਲੈ ਕੇ ਓਸਵਾਲ ਹਸਪਤਾਲ ਲੁਧਿਆਣਾ ਗਏ ਹਸਪਤਾਲ ਜਾ ਕੇ ਪਤਾ ਲੱਗਾ, ਕਿ ਸਾਡੀ ਮੰਮੀ ਨੂੰ ਲਿਵਰ ਕੈਂਸਰ ਦੀ ਆਖ਼ਰੀ ਸਟੇਜ ਸੀ ਕਈ ਦਿਨ ਆਈਸੀਯੂ ਵਿੱਚ ਰੱਖਣ ਤੋਂ ਬਾਅਦ ਡਾਕਟਰਾਂ ਨੇ ਆਖ ਦਿੱਤਾ ਘਰ ਲੈ ਜਾਵੋ ਤੇ ਸੇਵਾ ਕਰ ਲਵੋ ।

ਮੇਰੇ ਵੀਰੇ ਨੇ ਪਿੰਡ ਕਟਾਣੀ ਆ ਕੇ ਡਾ ਸੁਖਵਿੰਦਰ ਮਾਂਗਟ ਨਾਲ ਗੱਲਬਾਤ ਕੀਤੀ ਕਿ ਹੁਣ ਕੀ ਕੀਤਾ ਜਾਵੇ ਤਾਂ ਡਾ ਮਾਂਗਟ ਨੇ ਕਿਹਾ ਕਿ ਆਕਸੀਜਨ ਤਾਂ ਆਪਾਂ ਘਰ ਵੀ ਲਗਾ ਸਕਦੇ ਹਨ ।ਇਸ ਨਾਲ ਜੋ ਬਾਕੀ ਰਹਿੰਦਾ ਸਮਾਂ ਹੈ ਉਹ ਸੌਖਾ ਕੱਟ ਜਾਵੇਗਾ ।ਡਾ ਮਾਂਗਟ ਨੇ ਸਾਨੂੰ ਆਕਸੀਜਨ ਸਿਲੰਡਰ ਉਪਲੱਬਧ ਕਰਾਇਆ ਜੋ ਉਸ ਸਮੇਂ ਛੇ ਸੌ ਸੱਤਰ ਰੁਪਏ ਦਾ ਭਰਿਆ ਸੀ ( ਲੁਧਿਆਣੇ ਤੋਂ )। ਅਸੀਂ ਆਪਣੀ ਮਾਂ ਨੂੰ ਲੈ ਕੇ ਘਰ ਆ ਗਏ ਤੇ ਆਕਸੀਜਨ ਲਗਾ ਦਿੱਤੀ।

31ਅਗਸਤ ਨੂੰ ਸਾਨੂੰ ਸਾਡੀ ਮਾਂ ਸਦਾ ਲਈ ਛੱਡ ਕੇ ਪਰਮਾਤਮਾ ਦੇ ਚਰਨਾਂ ਚਲੀ ਗਈ । ਜਿੰਨੇ ਦਿਨ ਮੰਮੀ ਨੂੰ ਆਕਸੀਜਨ ਘਰ ਦੇ ਵਿੱਚ ਲੱਗੀ ਰਹੀ ਡਾ ਸਾਹਿਬ ਸਾਡੇ ਘਰ ਸਵੇਰੇ ਸ਼ਾਮ ਆਉਂਦੇ ਮੇਰੇ ਹਜ਼ਾਰਾਂ ਹੀ ਸਵਾਲਾਂ ਦੇ ਜਵਾਬ ਬੜੇ ਪਿਆਰ ਨਾਲ ਦਿੰਦੇ ਤੇ ਸਮਝਾਉਂਦੇ. ਕਿਉਕਿ ਉਹ ਸਮਝ ਰਹੇ ਸੀ ਕਿ ਜਿਨ੍ਹਾਂ ਬੱਚਿਆਂ ਦੇ ਸਿਰ ਤੇ ਪਿਉ ਨਹੀਂ ਹੈ ਤੇ ਮਾਂ ਵੀ ਆਖ਼ਰੀ ਸਾਹਾਂ ਤੇ ਹੈ ਉਨ੍ਹਾਂ ਦੀ ਮਨੋ ਸਥਿਤੀ ਕੀ ਹੈ ।

ਮੈਨੂੰ ਅੱਜ ਵੀ ਯਾਦ ਹੈ ਮੇਰੇ ਸਵਾਲ — ਅੰਕਲ ਜੀ ਆਕਸੀਜਨ ਤਾਂ ਦਰੱਖਤਾਂ ਤੋਂ ਮਿਲਦੀ ਹੈ ਫਿਰ ਸਿਲੰਡਰਾਂ ਚ ਕਿਵੇਂ ਆ ਜਾਂਦੀ ਉਨ੍ਹਾਂ ਨੇ ਬਹੁਤ ਹੀ ਵਿਸਥਾਰਪੂਰਵਕ ਸਮਝਾਇਆ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਜੇ ਲੋਕਾਂ ਨੇ ਪੈਸੇ ਦੇ ਲਾਲਚ ਦੇ ਵਿਚ ਆ ਕੇ ਦਰੱਖਤਾਂ ਨੂੰ ਵੱਢਣਾ ਬੰਦ ਨਾ ਕੀਤਾ ਤਾਂ ਇਹ ਜੋ ਸਿਲੰਡਰਾਂ ਦੇ ਵਿਚ ਆਕਸੀਜਨ ਹੈ, ਇਹ ਸੋਨੇ ਚਾਂਦੀ ਤੋਂ ਵੀ ਮਹਿੰਗੀ ਹੋ ਜਾਵੇਗੀ ।ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਆਕਸੀਜਨ ਦੀ ਕਮੀ ਨਾਲ ਚਲੀਆਂ ਗਈਆਂ। ਤਾਂ ਮੈਨੂੰ ਯਕੀਨ ਹੈ ਕਿ ਡਾਕਟਰ ਸਾਹਿਬ ਇਸੇ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਸੀ।

ਕੱਚੇ ਵਿਹੜਿਆਂ ਦੇ ਵਿਚ ਸੋਹਣੀਆਂ ਟਾਈਲਾਂ ਲਗਵਾ ਕੇ ,ਵਿਹੜੇ ਵਿੱਚ ਪੱਤੇ ਨਾ ਡਿੱਗਣ ਇਸ ਲਈ ਖੜ੍ਹੀਆਂ ਟਾਹਲੀਆਂ ਤੇ ਨਿੰਮਾ ਦੀਆਂ ਚੁਗਾਠਾਂ ਘਰ ਨੂੰ ਲਵਾ ਕੇ ਗਮਲਿਆਂ ਦੇ ਵਿਚ ਫੁੱਲ ਲਾ ਕੇ ਹਰ ਇਨਸਾਨ ਸੋਚਦਾ ਹੈ ਕਿ ਉਸ ਨੇ ਬਹੁਤ ਤਰੱਕੀ ਕਰ ਲਈ ।

ਰੁੱਖ ਸਾਨੂੰ ਨਿਰੋਗ ਰਹਿਣ ਵਿੱਚ ਮਦਦ ਕਰਦੇ ਹਨ। ਸਰਵ-ਸ਼ਕਤੀਮਾਨ ਮੌਲਾ ਦੇ ਪਹਿਲੇ ਨਿਯਮ ਵੰਡ ਕੇ ਛਕਣ ਅਤੇ ਨਿਮਰਤਾ ਵਿੱਚ ਰਹਿਣਾ ਸਾਨੂੰ ਦਰਖ਼ਤ ਸਿਖਾਉਂਦੇ ਨੇ ,ਤਪਦੀਆਂ ਧੁੱਪਾਂ ਦੇ ਵਿਚ ਸਾਨੂੰ ਠੰਢੀਆਂ ਛਾਵਾਂ ਨਾਲ ਠਾਰਦੇ ਨੇ ਆਪਣੇ ਫੁੱਲਾਂ ਨਾਲ ਸਾਡੇ ਘਰ ਨੂੰ ਸ਼ਿੰਗਾਰਦੇ ਨੇ ਆਪਣੇ ਫਲਾਂ ਦੇ ਨਾਲ ਸਾਡੇ ਪੇਟ ਦੀ ਭੁੱਖ ਮਿਟਾਉਂਦੇ ਨੇ ਤੇ ਸਾਡੀ ਅੰਤਿਮ ਯਾਤਰਾ ਦੇ ਲਈ ਆਪਣੀ ਲੱਕੜੀ ਵੀ ਦਿੰਦੇ ਨੇ ਬਿਨਾਂ ਕਿਸੇ ਨਸਲ ਰੰਗ ਦੇ ਭੇਦਭਾਵ ਤੋਂ ਹਮੇਸ਼ਾਂ ਨੀਂਵੇ ਹੋ ਕੇ ਰਹਿੰਦੇ ਨੇ । ਆਓ ਕਰਤੇ ਦੀ ਮਹਿਮਾ ਨੂੰ ਪਛਾਣਦੇ ਹੋਏ ਰੁੱਖਾਂ ਦੇ ਨਾਲ ਦੁੱਖ ਸੁੱਖ ਵੰਡੀਏ ।

ਸੁਖਦੀਪ ਕੌਰ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਵਾਸੀਰ ਲਈ ਘਰੇਲੂ ਇਲਾਜ
Next articleਬੇਨਤੀ