ਬੁਢਾਪਾ ਇੰਜ ਬਿਤਾਈਏ!

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਅਲਗ ਅਲਗ ਦਿਵਸ ਮਨਾਏ ਜਾਂਦੇ ਨੇ। ਜਿਵੇਂ ਬਾਲ ਦਿਵਸ, ਅਧਿਆਪਕ ਦਿਵਸ, ਪਿਤਾ ਦਿਵਸ ਆਦੀ। ਇਸੇ ਤਰੀਕੇ ਨਾਲ ਸਾਡੇ ਦੇਸ਼ ਵਿੱਚ ਸੀਨੀਅਰ ਸਿਟੀਜਨ ਡੇ ਵੀ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਬਜ਼ੁਰਗਾਂ ਨੂੰ ਮਾਨ ਸਨਮਾਨ ਦਿੱਤੇ ਜਾਣ ਦੀ ਗੱਲ ਤੇ ਜੋਰ ਦਿੰਦਾ ਹੈ। ਸਾਰੀ ਉਮਰ ਪਰਿਵਾਰ ਅਤੇ ਦੁਨੀਆਦਾਰੀ ਦੇ ਝਮੇਲਿਆਂ ਤੋਂ ਵੇਲਾ ਹੋ ਕੇ ਬੰਦਾ ਵਰਿਸ਼ਟ ਨਾਗਰਿਕ ਜਾਂ ਸੀਨੀਅਰ ਸਿਟੀਜਨ ਜਾਂ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਬੁਢਾਪੇ ਦੀ ਪੋਜੀਸ਼ਨ ਵਿੱਚ ਪਹੁੰਚ ਜਾਂਦਾ ਹੈ। ਕਿਹਾ ਵੀ ਜਾਂਦਾ ਹੈ,,,, ਜੋ ਜਾ ਕੇ ਨਾ ਆਵੇ, ਉਹ ਜਵਾਨੀ ਦੇਖੀ। ਜੋ ਆ ਕੇ ਨਾ ਜਾਵੇ, ਉਹ ਬੁਢਾਪਾ ਦੇਖਿਆ। ਜਦੋਂ ਆਦਮੀ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਵੱਖ ਵੱਖ ਅੰਗ ਠੀਕ ਤਰਹਾਂ ਨਾਲ ਕੰਮ ਨਹੀਂ ਕਰਦੇ। ਉਸ ਨੂੰ ਦਿਖਣਾ ਘਟ ਜਾਂਦਾ ਹੈ, ਗੋਡਿਆਂ ਵਿੱਚ ਕੋਈ ਨਾ ਕੋਈ ਤਕਲੀਫ ਹੋਣ ਕਰਕੇ ਚੱਲਣ ਵਿੱਚ ਵੀ ਦਿੱਕਤ ਹੁੰਦੀ ਹੈ, ਉੱਚੀ ਸੁਣਦਾ ਹੈ, ਸਰੀਰ ਵਿੱਚ ਇਤਨੀ ਤਾਕਤ ਨਹੀਂ ਹੁੰਦੀ। ਕਮਾਈ ਨਾ ਦੇ ਬਰਾਬਰ ਹੋ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਸਾਰਾ ਦਿਨ ਘਰ ਵਿੱਚ ਵਿਹਲਾ ਬਹਿ ਕੇ ਸਭ ਨੂੰ ਰੜਕਦਾ ਰਹਿੰਦਾ ਹੈ। ਹਰ ਵੇਲੇ ਬੰਦੇ ਨੂੰ ਸਿਰ ਤੇ ਮੌਤ ਚੜੀ ਹੋਈ ਦਿਖਦੀ ਹੈ। ਚਾਹੇ ਕੁਛ ਵੀ ਹੋਵੇ, ਇਹ ਬੁਢਾਪਾ ਬਿਤਾਣਾ ਤਾਂ ਹੈ। ਬੁੱਢੇ ਆਦਮੀ ਕੀ ਕਰਨ ਕਿ ਉਹਨਾਂ ਦਾ ਬੁੜਾਪਾ ਠੀਕ ਠਾਕ ਤਰੀਕੇ ਨਾਲ ਬੀਤ ਜਾਏ।
ਜੇਕਰ ਇਹਨਾਂ ਗੱਲਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਸਾਡਾ ਬੁਢਾਪਾ ਠੀਕ ਠਾਕ ਬੀਤ ਸਕਦਾ ਹੈ। ਹਰ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਵਾਨੀ ਵਿੱਚ ਹੀ ਬੁੜਾਪੇ ਦੀ ਯੋਜਨਾ ਬੰਦੀ ਕਰ ਲਵੇ। ਮਤਲਬ ਬੁੜਾਪੇ ਵਿੱਚ ਪੈਸਾ ਬਹੁਤ ਕੰਮ ਆਉਂਦਾ ਹੈ। ਹਰ ਬੰਦੇ ਨੂੰ ਆਪਣੇ ਬੁਢਾਪੇ ਵਾਸਤੇ ਕੁਝ ਨਾ ਕੁਝ ਪੈਸਾ ਜੋੜ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਸਨੂੰ ਆਪਣੇ ਘਰ ਵਾਲਿਆਂ ਉੱਤੇ ਨਿਰਭਰ ਨਾ ਰਹਿਣਾ ਪਵੇ। ਕਿਹਾ ਜਾਂਦਾ ਹੈ,,,,, ਪਹਿਲਾ ਸੁਖ ਸੁਖ ਨਿਰੋਗੀ ਕਾਇਆ,,,,। ਜੇਕਰ ਤੁਸੀਂ ਆਪਣਾ ਬੁਢਾਪਾ ਠੀਕ ਠਾਕ ਬਿਤਾਨਾ ਚਾਹੁੰਦੇ ਹੋ ਤਾਂ ਆਪਣੇ ਸਿਹਤ ਦਾ ਧਿਆਨ ਰੱਖੋ। ਆਪਣੀਆਂ ਜਰੂਰਤਾਂ ਪੂਰੀਆਂ ਕਰਨ ਵਾਸਤੇ ਖੁਦ ਇਹ ਕੰਮ ਕਰੋ। ਸਵੇਰੇ ਸ਼ਾਮ ਸੈਰ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖੋ। ਖਾਣ ਪੀਣ ਵਿੱਚ ਵੀ ਜਿਆਦਾ ਲਾਲਚ ਨਾ ਕਰੋ। ਯਾਦ ਰੱਖੋ ਜੇਕਰ ਤੁਸੀਂ ਬਿਮਾਰ ਪੈ ਗਏ ਤਾਂ ਘਰ ਵਾਲਿਆਂ ਨੇ ਤੁਹਾਡਾ ਉਸੇ ਤਰੀਕੇ ਨਾਲ ਧਿਆਨ ਨਹੀਂ ਰੱਖਣਾ ਜਿਵੇਂ ਕਿ ਉਹ ਆਪਣੇ ਬੱਚਿਆਂ ਦਾ ਰੱਖਦੇ ਹਨ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ। ਚੰਗੀ ਸਿਹਤ ਇੱਕ ਬਹੁਤ ਵੱਡੀ ਨੇਮਤ ਹੈ। ਜੇਕਰ ਤੁਸੀਂ ਆਪਣਾ ਬੁਢਾਪਾ ਹਸੀਂ ਖੁਸ਼ੀ ਨਾਲ ਬਿਤਾਣਾ ਚਾਹੁੰਦੇ ਹੋ ਤਾਂ ਘਰ ਵਾਲਿਆਂ ਤੋਂ ਕਿਸੇ ਗੱਲ ਦੀ ਉਮੀਦ ਨਾ ਰੱਖੋ। ਉਹਨਾਂ ਨੂੰ ਉਹਨਾਂ ਦੀ ਹਾਲਤ ਤੇ ਛੱਡ ਦਿਓ। ਜਦੋਂ ਤੁਹਾਡਾ ਜਮਾਨਾ ਸੀ ਤਾਂ ਤੁਹਾਡੀ ਚੱਲਦੀ ਸੀ। ਹੁਣ ਵੇਲਾ ਬਦਲ ਗਿਆ ਹੈ। ਘਰ ਬਾਰ ਚਲਾਉਣ ਦੀ ਜਿੰਮੇਦਾਰੀ ਤੁਹਾਡੇ ਬੱਚਿਆਂ ਦੇ ਸਿਰ ਤੇ ਹੈ। ਉਹਨਾਂ ਨੂੰ ਕੋਈ ਸਲਾਹ ਦੇਣ ਦੀ ਜਰੂਰਤ ਨਹੀਂ। ਬਿਨਾਂ ਮੰਗੀ ਹੋਈ ਸਲਾਹ ਤਾਂ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇਕਰ ਤੁਹਾਡੇ ਪੁੱਤਰਾਂ ਅਤੇ ਨੂੰਹਾਂ ਵਿਚਕਾਰ ਕੋਈ ਗਰਮਾ ਗਰਮੀ ਹੋ ਜਾਏ ਤਾਂ ਤੁਹਾਨੂੰ ਜੱਜ ਬਣ ਕੇ ਦਖਲ ਅੰਦਾਜੀ ਕਰਨ ਦੀ ਕੋਈ ਜਰੂਰਤ ਨਹੀਂ। ਤੁਹਾਡੇ ਦਖਲ ਦਾ ਮਤਲਬ ਗਲਤ ਸਮਝਿਆ ਜਾਏਗਾ। ਪਤੀ ਪਤਨੀ ਥੋੜੀ ਦੇਰ ਲੜ ਝਗੜ ਕੇ ਫੇਰ ਪਹਿਲਾਂ ਦੀ ਤਰ੍ਹਾਂ ਹੋ ਜਾਣਗੇ ਤੁਸੀਂ ਚਿੰਤਾ ਨਾ ਕਰੋ। ਜੇਕਰ ਘਰ ਵਿੱਚ ਅਖਬਾਰ ਆਉਂਦਾ ਹੈ ਤਾਂ ਤੁਸੀਂ ਭੱਜ ਕੇ ਪਹਿਲਾਂ ਪੜਨ ਦੀ ਕੋਸ਼ਿਸ਼ ਨਾ ਕਰੋ। ਜਦੋਂ ਸਾਰੇ ਪੜ੍ਹ ਲੈਣ ਉਸਦੇ ਬਾਅਦ ਹੀ ਤੁਸੀਂ ਆਰਾਮ ਨਾਲ ਅਖਬਾਰ ਪੜ ਸਕਦੇ ਹੋ। ਜੇ ਡਰਾਇੰਗ ਰੂਮ ਵਿੱਚ ਬੈਠ ਕੇ ਸਾਰੇ ਟੀਵੀ ਦੇਖਦੇ ਹਨ ਤਾਂ ਕਦੇ ਵੀ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਟੀਵੀ ਦਾ ਕੋਈ ਚੈਨਲ ਲਗਾਉਣ ਵਾਸਤੇ ਨਾ ਕਹੋ। ਜਿਹੜਾ ਚੈਨਲ ਚੱਲ ਰਿਹਾ ਹੈ ਉਹੀ ਦੇਖੋ ਅਤੇ ਜੇਕਰ ਪਸੰਦ ਨਹੀਂ ਤਾਂ ਤੁਸੀਂ ਉੱਠ ਕੇ ਆਪਣੇ ਕਮਰੇ ਵਿੱਚ ਆ ਜਾਓ। ਜੇਕਰ ਆਪਣਾ ਬੁੜਾਪਾ ਬੇਫਿਕਰੀ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਆਪਣੀ ਉਮਰ ਦੇ ਬੁੱਢਿਆਂ ਨਾਲ ਜਾਣ ਪਛਾਣ ਅਤੇ ਦੋਸਤੀ ਬਣਾਓ। ਸਮੇਂ ਸਮੇਂ ਤੇ ਉਹਨਾਂ ਦੇ ਨਾਲ ਵੱਖ ਵੱਖ ਮਾਮਲਿਆਂ ਤੇ ਵਿਚਾਰ ਵਟਾਂਦਰਾ ਕਰਦੇ ਰਹੋ। ਜੇਕਰ ਕਦੇ ਕੋਈ ਦਿੱਕਤ ਆ ਜਾਏ ਤਾਂ ਤੁਸੀਂ ਆਪਣੇ ਇਹਨਾਂ ਮਿੱਤਰਾਂ ਵਿੱਚੋਂ ਕਿਸੇ ਮਿੱਤਰ ਨੂੰ ਮੋਬਾਈਲ ਤੇ ਆਪਣੇ ਕੋਲ ਬੁਲਾ ਸਕਦੇ ਹੋ। ਜੇਕਰ ਤੁਹਾਡੀ ਸਾਹਿਤ ਵਿੱਚ ਰੁਚੀ ਹੈ ਤਾਂ ਤੁਸੀਂ ਆਪਣਾ ਸਮਾਂ ਬਿਤਾਉਣ ਵਾਸਤੇ ਆਪਣੇ ਪਸੰਦ ਦਾ ਲਿਟਰੇਚਰ ਪੜ ਸਕਦੇ ਹੋ। ਜੇਕਰ ਥੋੜੀ ਬਹੁਤ ਤਕਲੀਫ ਹੋ ਜਾਏ ਤਾਂ ਉਸਨੂੰ ਸਹਿਣ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਤੁਸੀਂ ਘਰ ਦੇ ਬਜ਼ੁਰਗ ਹੋ। ਤੁਹਾਡੇ ਵਾਸਤੇ ਤਕਲੀਫ ਨੂੰ ਸਹਿਣਾ ਘਰ ਦੇ ਦੂਜੇ ਮੈਂਬਰਾਂ ਨੂੰ ਨਸੀਹਤ ਦੇਣ ਦੀ ਬਰਾਬਰ ਹੋਏਗਾ। ਇੱਕ ਗੱਲ ਹੋਰ ਯਾਦ ਰੱਖੋ। ਘਰ ਵਾਲੇ ਜੋ ਕੰਮ ਤੁਹਾਨੂੰ ਕਰਨ ਵਾਸਤੇ ਕਹਿਣ ਉਸਨੂੰ ਜੇਕਰ ਆਪ ਕਰ ਸਕਦੇ ਹੋ ਤਾਂ ਕਰ ਦੇਣਾ ਚਾਹੀਦਾ ਹੈ ਜੇ ਨਹੀਂ ਹੁੰਦਾ ਤਾਂ ਮਨਾ ਕਰ ਦੇਣਾ ਚਾਹੀਦਾ। ਭੁੱਲ ਕੇ ਵੀ ਘਰ ਦੇ ਕਿਸੇ ਬੱਚੇ ਨੂੰ ਜਾਂ ਵੱਡੇ ਨੂੰ ਤੁਹਾਡੇ ਦੁਆਰਾ ਗੁਜ਼ਾਰੇ ਹੋਏ ਚੰਗੇ ਸਮੇ ਬਾਰੇ ਬਿਲਕੁਲ ਨਾ ਦੱਸੋ। ਬੁੱਢਾ ਬੰਦਾ ਉਖੜਨ ਵਾਲੇ ਬੋਹੜ ਦੇ ਦਰਖਤ ਦੀ ਤਰਾਂ ਹੁੰਦਾ ਹੈ ਜਿਹੜਾ ਕਦੇ ਵੀ ਡਿੱਗ ਸਕਦਾ ਹੈ। ਬੁੜਾਪਾ ਪੁਰਾਣੇ ਅਖਬਾਰ ਦੀ ਤਰ੍ਹਾਂ ਹੁੰਦਾ ਹੈ  ਜਿਸ ਨੂੰ ਕੋਈ ਵੀ ਨਹੀਂ ਪੜਨਾ ਚਾਹੁੰਦਾ। ਉਹ ਰੱਦੀ ਪੇਪਰ ਦੀ ਤਰ੍ਹਾਂ ਹੁੰਦਾ ਹੈ। ਜੇਕਰ ਤੁਹਾਡੀ ਰੁਚੀ ਅਧਿਆਤਮਿਕ ਹੈ ਤਾਂ ਤੁਸੀਂ ਆਪਣੇ ਪਰਮੇਸ਼ਵਰ ਨੂੰ ਸਮੇਂ ਸਮੇਂ ਤੇ ਯਾਦ ਕਰਕੇ ਉਹ ਸਦਾ ਸ਼ੁਕਰੀਆ ਅਦਾ ਕਰ ਸਕਦੇ ਹੋ। ਜਿਸ ਤਰੀਕੇ ਨਾਲ ਪਰਮਾਤਮਾ ਨੇ ਪਹਿਲੇ ਦੀ ਜ਼ਿੰਦਗੀ ਦਾ ਸਮਾਂ ਇੱਜਤ ਨਾਲ ਕੱਟਿਆ ਹੈ ਉਸੇ ਤਰੀਕੇ ਨਾਲ ਬੁਢਾਪਾ ਵੀ ਕਟ ਜਾਏਗਾ। ਇਹ ਗੱਲ ਯਾਦ ਰੱਖੋ ਕਿ ਘਰ ਆਏ ਮਹਿਮਾਨ ਨੂੰ ਭੱਜ ਕੇ ਬਿਨਾਂ ਬੁਲਾਏ ਕਦੇ ਵੀ ਮਿਲਣ ਨਾ ਜਾਓ।। ਘਰ ਵਾਲੇ ਇਹ ਪਸੰਦ ਨਹੀਂ ਕਰਨਗੇ। ਜੇਕਰ ਘਰ ਵਾਲੇ ਜਾਂ ਘਰ ਵਿੱਚ ਆਇਆ ਹੋਇਆ ਮਹਿਮਾਨ ਤੁਹਾਨੂੰ ਬੁਲਾਉਂਦਾ ਹੈ ਤਾਂ ਤੁਸੀਂ ਜਾ ਸਕਦੇ ਹੋ ਲੇਕਿਨ ਭੁੱਲ ਕੇ ਵੀ ਉਸਦੇ ਸਾਹਮਣੇ ਆਪਣੇ ਘਰ ਦੇ ਕਿਸੇ ਬੰਦੇ ਦੀ ਸ਼ਿਕਾਇਤ, ਚੁਗਲੀ ਜਾਂ ਬੁਰਾਈ ਨਹੀਂ ਕਰਨੀ। ਨਹੀਂ ਤਾਂ ਸਿਆਪਾ ਛਿੜ ਜਾਊਗਾ। ਹਮੇਸ਼ਾ ਬੁੜਾਪੇ ਵਿੱਚ ਸਕਾਰਾਤਮਕ ਪੱਖ ਨੂੰ ਸਾਹਮਣੇ ਰੱਖੋ। ਨਿਰਾਸ਼ਾ ਨੂੰ ਨੇੜੇ ਨਾ ਆਉਣ ਦਿਓ, ਸਭ ਦੇ ਨਾਲ ਮਿੱਠਾ ਬੋਲੋ ਅਤੇ ਥੋੜਾ ਬੋਲੋ। ਬੁਢਾਪਾ ਤੁਹਾਡੇ ਧੀਰਜ ਅਤੇ ਅਕਲਮੰਦੀ ਦਾ ਇਮਤਿਹਾਨ ਦਾ ਸਮੇਂ ਹੈ ਅਤੇ ਤੁਸੀਂ ਇਸ ਇਮਤਿਹਾਨ ਨੂੰ ਬਹੁਤ ਚੰਗੇ ਨੰਬਰਾਂ ਨਾਲ ਪਾਸ ਕਰਨਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ| 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਖੜਕਾ ਦੜਕਾ ਹੋਣ ਲੱਗਿਆ, ਆਪਸੀ ਲੜਾਈ ਵਿੱਚ ਇੱਟਾਂ ਰੋੜੇ ਤੇ ਗੋਲੀਆਂ ਚੱਲਣ ਦੀਆਂ ਖਬਰਾਂ
Next articleਜੀ ਡੀ ਗੋਇਨਕਾ ਸਕੂਲ ਵਿਖੇ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੱਛਤਾ ਦਿਵਸ ਮਨਾਇਆ ਗਿਆ