(ਸਮਾਜ ਵੀਕਲੀ)
ਇਹ ਕੱਢਿਆ ਵੈਰ ਵੇ ਰੱਬਾ।
ਪੈ ਗਿਆਂ ਸਾਡੇ ਵੈਰ ਰੱਬਾ।
ਉਜੜੇ ਪਿੰਡ ਤੇ ਸ਼ਹਿਰ ਵੇ ਰੱਬਾ।
ਜਾਪੇ ਸੁੱਖ ਨਾ ਖੈਰ ਵੇ ਰੱਬਾ।
ਕਿਥੋਂ ਆਇਆ ਪਾਣੀ ਰੱਬਾ।
ਖੌਰੇ ਕੀ ਇਹ ਠਾਣੀ ਰੱਬਾ।
ਜਾਪੇ ਖਤਮ ਕਹਾਣੀ ਰੱਬਾ।
ਸੂਤ ਨੀ ਆਉਣੀ ਤਾਣੀ ਰੱਬਾ।
ਪੈਰੋਂ ਲੋਕੀਂ ਉਖੜ ਗਏ ਨੇ।
ਕੱਖੋਂ ਹੌਲੇ ਉਜੜ ਗਏ ਨੇ।
ਛੁੱਟ ਹੱਥੋਂ ਸਾਡੇ ਟੁੱਕੜ ਗਏ ਨੇ।
ਮਾੜੇ ਕਰਮ ਹੀ ਉੱਘੜ ਗਏ ਨੇ।
ਮਾਲ ਡੰਗਰ ਤੇ ਢਾਂਡੇ ਤਰ ਗਏ।
ਖੌਰੇ ਕਿੰਨੇ ਬੰਦੇ ਮਰ ਗਏ।
ਤੇਰੇ ਹੱਥੋਂ ਸਾਰੇ ਈ ਹਰ ਗਏ।
ਕੁੱਲੀਆਂ ਮਹਿਲ ਤੇ ਢਾਰੇ ਖਰ ਗਏ।
ਕਿੱਥੇ ਜਾ ਫ਼ਰਿਆਦਾਂ ਕਰੀਏ।
ਕਿੰਝ ਅੱਖੀਂ ਦੇਖ ਉਜਾੜਾ ਜਰੀਏ।
ਜਾ ਕਿੱਥੇ ਅਸੀਂ ਡੰਗੋਰੀ ਧਰੀਏ।
ਜਾਂ ਫਿਰ ਅਸੀਂ ਵੀ ਖਾ ਕੁੱਝ ਮਰੀਏ।
ਤੂੰ ਹੀ ਤਾਂ ਕੁੱਝ ਸੋਚ ਵੇ ਰੱਬਾ।
ਨਾ ਹੋਰ ਤਬਾਹੀ ਲੋਚ ਵੇ ਰੱਬਾ।
ਆਪਣਾ ਪੱਲਾ ਬੋਚ ਵੇ ਰੱਬਾ।
ਨਾ ਹੁਣ ਹੋਰ ਤੂੰ ਨੋਚ ਵੇ ਰੱਬਾ।
ਤਰਸ ਤਾਂ ਥੋੜ੍ਹਾ ਕਰ ਵੇ ਰੱਬਾ।
ਢਹਿ ਗਏ ਸਾਡੇ ਘਰ ਵੇ ਰੱਬਾ।
ਜਿਉਂਦੇ ਗਏ ਆਂ ਮਰ ਵੇ ਰੱਬਾ।
ਨਹੀਂ ਹੁੰਦਾ ਇਹ ਸਭ ਜਰ ਵੇ ਰੱਬਾ।
ਇਹ ਕਿਹੜੀ ਤੇਰੀ ਲ੍ਹੀਲਾ ਨਿਆਰੀ।
ਕੁਦਰਤ ਕਹਿਰ ਮਚਾਇਆ ਭਾਰੀ।
ਭੁੱਖ ਗਰੀਬੀ ਵਧੂ ਲਾਚਾਰੀ।
ਦੁਨੀਆਂ ਵੀ ਕੀ ਕਰੂ ਵਿਚਾਰੀ।
ਭੈਣੀ ਬਾਘੇ ਵਾਲਿਆ ਮਾਨਾਂ।
ਓਹੀ ਦੱਦਾ ਦਾਤਾ ਦਾਨਾ।
ਇਹ ਵੀ ਉਹਦਾ ਈ ਕੋਈ ਬਹਾਨਾ।
ਹੋ ਜਾ ਓਹਦੀ ਰਜ਼ਾ ਰਵਾਨਾ।
ਮਾਨ ਭੈਣੀ ਬਾਘੇ ਆਲ਼ਾ
9915545950
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly