ਨਜ਼ਮ

ਬਲਦੇਵ ਕ੍ਰਿਸ਼ਨ ਸ਼ਰਮਾ

(ਸਮਾਜ ਵੀਕਲੀ)

ਤੇਰੇ ਹੱਥੋਂ ਕਿਰਦਾ,ਮੈਂ ਜਾ ਰਿਹਾ ਹਾਂ ਦਿਨ-ਬ-ਦਿਨ,
ਅੱਖਾਂ ਦੇ ਸਾਮ੍ਹਣੇ ਹੀ ਧੋਖਾ,ਖਾ ਰਿਹਾ ਹਾਂ ਦਿਨ-ਬ-ਦਿਨ।
ਮਹਿਫਲ ਵਿੱਚ,ਤਨਹਾਈ ਦੇ ਬੜੇ ਹੀ ਰਾਗ ਔਖੇ ਨੇ,
ਹੌਸਲਾ ਰੱਖ ਫਿਰ ਵੀ,ਗਾ ਰਿਹਾ ਹਾਂ ਦਿਨ-ਬ-ਦਿਨ।
ਸੁਪਨੇ ਉਸਾਰੇ ਜੋ ਵੀ,ਮਹਿਲਾਂ ਦੇ ਚਿਣ ਚਿਣ,
ਆਪਣੇ ਹੀ ਹੱਥੀਂ ਹੁਣ,ਢਾਹ ਰਿਹਾ ਹਾਂ ਦਿਨ-ਬ-ਦਿਨ।
ਮੰਨਦਾ ਹਾਂ ਲੋਹਾ,ਬੇਤੋੜ ਤੇਰੇ ਜ਼ਹਿਰ ਦਾ,
ਮਿਕਦਾਰ  ਹੁਣ ਇਸਦੀ,ਵਧਾ ਰਿਹਾ ਹਾਂ ਦਿਨ-ਬ-ਦਿਨ।
ਸਮੀਕਰਨ ਕਸੂਤੀ ਇਹ,ਸੰਤੁਲਨ ਗੁਆ ਰਹੀ,
ਮਿਟਾ ਰਿਹਾ ਹਾਂ ਲੀਕਾਂ,ਕਦੇ ਵਾਹ ਰਿਹਾ ਹਾਂ ਦਿਨ-ਬ-ਦਿਨ।
ਹਾਸ਼ੀਏ ਤੇ ਹੋਂਦ ਕਾਰਨ,ਕਿਨਾਰਾ ਹੋ ਜਾਂਦੈ ਲਾਜ਼ਮੀ,
ਬੱਸ ਚੁੱਪ-ਚਾਪ,ਕਦਮ ਖਿਸਕਾ ਰਿਹਾ ਹਾਂ ਦਿਨ-ਬ-ਦਿਨ।
ਬਹੁਤੇ ਲਾਡ ਲਡਾਏ,ਕਦੇ ਆਉਂਦੇ ਨਾ ਰਾਸ ਵੀ,
ਰੁਵਾਏ ਦਾ ਇਲਜ਼ਾਮ ਹੁਣ,ਲਵਾ ਰਿਹਾ ਹਾਂ ਦਿਨ-ਬ-ਦਿਨ।
ਤੇਰੇ ਹੱਥੋਂ ਕਿਰਦਾ,ਮੈਂ ਜਾ ਰਿਹਾ ਹਾਂ ਦਿਨ-ਬ-ਦਿਨ,
ਅੱਖਾਂ ਦੇ ਸਾਮ੍ਹਣੇ ਹੀ ਧੋਖਾ,ਖਾ ਰਿਹਾ ਹਾਂ ਦਿਨ-ਬ-ਦਿਨ।
ਬਲਦੇਵ ਕ੍ਰਿਸ਼ਨ ਸ਼ਰਮਾ
9779070198
Previous articleਮਾਂ
Next articleਸਰਫ਼ਰੋਸ਼ੀ