ਘੱਗਰ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਰੂੜੀਵਾਦੀ ਤੇ ਗੁੰਮਰਾਹਕੁੰਨ ਰਵਾਇਤ

*ਹੜ੍ਹ ਨੱਥ ਚੂੜਿਆਂ ਨਾਲ ਨਹੀਂ ਲੋਕ ਪੱਖੀ ਨੀਤੀਆਂ ਨਾਲ ਰੁਕਣਗੇ*- ਤਰਕਸ਼ੀਲ
*ਹੜ੍ਹਾਂ ਲਈ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ : ਤਰਕਸ਼ੀਲ ਆਗੂ*

ਸੰਗਰੂਰ (ਸਮਾਜ ਵੀਕਲੀ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸ਼ੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਚਰਨ ਕਮਲ ਸਿੰਘ, ਪ੍ਰਗਟ ਸਿੰਘ ਬਾਲੀਆਂ ਤੇ ਰਘਵੀਰ ਸਿੰਘ ਨੇ ਸੰਸਦ ਮੈਂਬਰ ਪਰਨੀਤ ਕੌਰ ਅਤੇ ਉਸਦੀ ਪੁੱਤਰੀ ਜੈ ਇੰਦਰ ਕੌਰ ਵਲੋਂ ਘੱਗਰ ਨਦੀ ਨੂੰ ਨੱਥ- ਚੂੜਾ ਚੜ੍ਹਾਉਣ ਦੀ ਰੂੜੀਵਾਦੀ ਰਵਾਇਤ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸਨੂੰ ਪੰਜਾਬ ਦੇ ਲੋਕਾਂ ਵਿਚ ਅੰਧ ਵਿਸ਼ਵਾਸ ਫੈਲਾਉਣ ਵਾਲੀ ਲੋਕ ਵਿਰੋਧੀ ਅਤੇ ਗੈਰ ਕਾਨੂੰਨੀ ਕਾਰਵਾਈ ਕਰਾਰ ਦਿੱਤਾ ਹੈ।

ਤਰਕਸ਼ੀਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਘੱਗਰ ਨਦੀ ਵਿਚ ਹਰ ਸਾਲ ਨੱਥ ਚੂੜਾ ਚੜ੍ਹਾਉਣ ਅਤੇ ਮੰਤਰਾਂ, ਅਰਦਾਸਾਂ ਦਾ ਜਾਪ ਕਰਨ ਨਾਲ ਅੱਜ ਤਕ ਕਦੇ ਵੀ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੇ ਜਾਨ ਮਾਲ ਦੇ ਭਾਰੀ ਨੁਕਸਾਨ ਤੋਂ ਨਹੀਂ ਬਚਾਇਆ ਜਾ ਸਕਿਆ। ਇਸ ਘਰਾਣੇ ਵਲੋਂ ਕਈ ਸਾਲਾਂ ਤੋਂ ਅਜਿਹਾ ਕਰਨ ਦੇ ਬਾਵਜੂਦ ਘੱਗਰ ਨਦੀ ਦਾ ਪਾਣੀ ਲਗਾਤਾਰ ਲੋਕਾਂ ਦਾ ਵੱਡਾ ਨੁਕਸਾਨ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਸੰਸਦ ਮੈਂਬਰ ਵਲੋਂ ਸਿਰੇ ਦੀ ਇਸ ਰੂੜੀਵਾਦੀ ਕਾਰਵਾਈ ਰਾਹੀਂ ਨਾ ਸਿਰਫ ਪੰਜਾਬ ਅਤੇ ਦੇਸ਼ ਦੇ ਲੋਕਾਂ ਵਿਚ ਘੋਰ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਬਲਕਿ ਹੁਕਮਰਾਨਾਂ ਨੂੰ ਸਵਾਲ ਕਰਨ ਦੀ ਬਜਾਏ ਲੋਕਾਂ ਨੂੰ ਸਭ ਕੁਝ ਕਿਸੇ ਅਦਿੱਖ ਸ਼ਕਤੀ ਉਤੇ ਟੇਕ ਰੱਖਣ ਲਈ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਸਖ਼ਤ ਨੋਟਿਸ ਲੈਣ ਅਤੇ ਲੋਕਾਂ ਨੂੰ ਡਟਵਾਂ ਵਿਰੋਧ ਕਰਨ ਦੀ ਲੋੜ ਹੈ।

ਤਰਕਸ਼ੀਲ ਆਗੂਆਂ ਨੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕਰਦਿਆਂ ਸਪੱਸ਼ਟ ਕੀਤਾ ਕਿ ਹੜ੍ਹਾਂ ਦਾ ਆਉਣਾ ਇਕ ਕੁਦਰਤੀ ਤਰਾਸਦੀ ਹੈ ਪਰ ਸਾਮਰਾਜ ਪੱਖੀ ਹਕੂਮਤਾਂ ਵਲੋਂ ਕਾਰਪੋਰੇਟ ਪੱਖੀ ਮੁਨਾਫ਼ਾਖੋਰ ਨੀਤੀਆਂ ਹੇਠ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਗੈਰ ਯੋਜਨਾਬੱਧ ਪ੍ਰੋਜੈਕਟ, ਵੱਡੇ ਕਾਰਖਾਨਿਆਂ ਅਤੇ ਅੰਧ ਵਿਸ਼ਵਾਸੀ ਲੋਕਾਂ ਰਾਹੀਂ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਗੰਦਾ ਪਾਣੀ ਤੇ ਧਾਰਮਿਕ ਸਮੱਗਰੀ ਅਤੇ ਉਨ੍ਹਾਂ ਦੀ ਨਿਯਮਤ ਸਫਾਈ ਨਾ ਹੋਣ, ਹੜ੍ਹਾਂ ਦੀ ਰੋਕਥਾਮ ਲਈ ਠੋਸ ਯੋਜਨਾਬੰਦੀ ਦੀ ਘਾਟ ਅਤੇ ਮੌਜੂਦਾ ਭ੍ਰਿਸ਼ਟ ਰਾਜ ਪ੍ਰਬੰਧ ਆਦਿ ਅਜਿਹੇ ਕਾਰਨ ਜ਼ਿੰਮੇਵਾਰ ਹਨ ਜਿਨ੍ਹਾਂ ਕਰਕੇ ਹਰ ਸਾਲ ਪੰਜਾਬ ਅਤੇ ਦੇਸ਼ ਦੇ ਲੋਕਾਂ ਦਾ ਕੀਮਤੀ ਜਾਨੀ ਅਤੇ ਅਰਬਾਂ ਰੁਪਏ ਦਾ ਆਰਥਿਕ ਨੁਕਸਾਨ ਕੀਤਾ ਜਾਂਦਾ ਹੈ ਜਿਸ ਲਈ ਕੋਈ ਦੈਵੀ ਸ਼ਕਤੀ ਨਹੀਂ ਬਲਕਿ ਮੌਜੂਦਾ ਹਕੂਮਤਾਂ ਜ਼ਿੰਮੇਵਾਰ ਹਨ।

ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਾਜ ਭਾਗ ਉਤੇ ਲੰਬਾ ਸਮਾਂ ਕਾਬਜ ਰਹੇ ਪਟਿਆਲੇ ਦੇ ਇਸ ਸ਼ਾਹੀ ਘਰਾਣੇ ਵਲੋਂ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਕਦੇ ਕੋਈ ਠੋਸ ਯੋਜਨਾਬੰਦੀ ਅਮਲ ਵਿਚ ਨਹੀਂ ਲਿਆਂਦੀ ਗਈ ਅਤੇ ਉਲਟਾ ਪੰਜਾਬ ਦੇ ਲੋਕਾਂ ਦੇ ਸਰਮਾਏ ਦੀ ਅੰਨ੍ਹੀ ਲੁੱਟ ਕਰਕੇ ਲੋਕਾਂ ਨੂੰ ਗਰੀਬੀ, ਬੇਰੁਜ਼ਗਾਰੀ ਆਰਥਿਕ ਮੰਦਹਾਲੀ ਅਤੇ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਕਰਨ ਅਤੇ ਨੱਥ ਚੂੜੇ ਸੁੱਟਣ ਅਤੇ ਅਰਦਾਸਾਂ ਕਰਨ ਜਿਹੇ ਅੰਧ ਵਿਸ਼ਵਾਸਾਂ ਵਿੱਚ ਫਸਾਉਣ ਦੀਆਂ ਸਾਜਿਸ਼ਾਂ ਕਰਕੇ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸਤੋਂ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੁਚੇਤ ਹੋਣ ਅਤੀ ਲੋੜ ਹੈ।

ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਹੋਏ ਘਰਾਂ, ਫਸਲਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ ਸਮੇਤ ਹਰ ਵਰਗ ਦੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਵਿਚ ਅਜਿਹੇ ਗੰਭੀਰ ਹਾਲਾਤਾਂ ਵਿੱਚ ਅਜਿਹੀਆਂ ਰੂੜੀਵਾਦੀ ਰਵਾਇਤਾਂ ਰਾਹੀਂ ਅੰਧ ਵਿਸ਼ਵਾਸ ਫੈਲਾਉਣ ਵਾਲੇ ਜ਼ਿੰਮੇਵਾਰ ਆਗੂਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ

ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

Previous articleTrump loses immunity shield in defamation lawsuit
Next articleਹਕੀਕਤ ਨਾਮਾ