ਲੋਕ-ਸਾਂਝ ਲਈ ਖ਼ਤਰਾ ਬਣਿਆ ਖ਼ਬਰੀ ਚੈਨਲਾਂ ਦਾ ਸਾਈਕੋ ਡਰਾਮਾ ਤੇ ਫ਼ਿਰਕੂ ਬਹਿਸਾਂ

(ਸਮਾਜ ਵੀਕਲੀ)

#ਯਾਦਵਿੰਦਰ* 00919465329617

ਅਖੌਤੀ ‘ਜਾਗਰੂਕਤਾ’ ਫੈਲਾਉਣ ਦੇ ਮਕ਼ਸਦ ਦਾ ਬਹਾਨਾ ਘੜ੍ਹ ਕੇ, ਇਸ਼ਤਿਹਾਰ-ਲੋਭੀ ਖ਼ਬਰੀ ਚੈਨਲਾਂ ਦੀ ਕਾਵਾਂ ਰੌਲੀ ਲਗਾਤਾਰ ਜਾਰੀ ਹੈ। ਲੰਘੇ 11-12 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਨਿਰੋਲ ਵਪਾਰੀ ਅਦਾਵਾਂ ਵਾਲੇ ਅਤੇ ਲਿਖਣ -ਪੜ੍ਹਣ ਦੇ ਗੁਣਾਂ ਤੋਂ ਸੱਖਣੇ ਅਨੇਕਾਂ ਪੁਜਾਰੀ, ਭਾਈ, ਮੌਲਵੀ ਚੈਨਲਾਂ ਵਾਲਿਆਂ ਨੇ ਪੱਕੇ ਕੰਮ ਉੱਤੇ ਰੱਖੇ ਹਨ। ਰਹੀ ਸਹੀ ਕ਼ਸਰ ਓਹ ਕੁੜੀਆਂ ਤੇ ਮੁੰਡੇ ਪੂਰੀ ਕਰ ਦਿੰਦੇ ਨੇ, ਜਿਨ੍ਹਾਂ ਨੇ ਸ਼ਾਇਦ ਈ ਜ਼ਿੰਦਗੀ ਵਿਚ ਕੋਈ ਗੰਭੀਰ ਕਿਤਾਬ ਪੜ੍ਹੀ ਹੋਵੇ ਪਰ, ਰੱਟੇ ਮਾਰ ਕੇ, ਪੱਤਰਕਾਰੀ ਦੀ ਡਿਗਰੀ ਹਾਸਲ ਕਰਕੇ, ਐਂਕਰ ਬਣ ਕੇ ਪੱਤਰਕਾਰੀ ਦੇ ਮਿਆਰਾਂ ਦੀਆਂ ਧੱਜੀਆਂ ਉਡਾ ਦਿੰਦੇ ਨੇ। ਖ਼ਬਰੀ ਮੀਡੀਆ ਦੇ ਬਹਾਨੇ ਖੂਹ ਦੇ ਡੱਡੂਪੁਣੇ ਤੇ ਟੁੱਚੇ ਪਣ ਦੇ ਜਸ਼ਨ ਮਨਾਏ ਜਾ ਰਹੇ ਹਨ।?

ਇਨ੍ਹਾਂ ਸਰੋਕਾਰਾਂ ਤੋਂ ਸੱਖਣੇ ਕੁੜੀਆਂ ਮੁੰਡਿਆਂ ਕਾਰਨ ਹੀ ਫਜ਼ੂਲ ਕਿਸਮ ਦੇ ਬੁਲਾਰਿਆਂ ਕਾਰਨ ਅਨਾੜੀ ਐਂਕਰ ਪੱਤਰਕਾਰ ਦੀ ਬਜਾਏ ਮਸਖ਼ਰੇ ਬਣ ਕੇ ਪੇਸ਼ ਆਉਂਦੇ ਨੇ। ਅਸੀਂ ਆਪਣੇ ਹੁਣ ਤਕ ਦੇ ਪੱਤਰਕਾਰੀ ਕਰੀਅਰ ਵਿਚ ਦੇਖਿਆ ਹੈ ਕਿ ਢੇਰ ਸਾਰੀਆਂ ਕਿਤਾਬਾਂ ਪੜ੍ਹੇ ਬਗੈਰ ਕੱਤਈ ਤੌਰ ਉੱਤੇ ਮਨ ਵਿਚ ਗਿਆਨ ਤੇ ਚਾਨਣ ਦਾ ਵਾਸ ਹੋ ਹੀ ਨਹੀਂ ਸਕਦਾ ਹੈ। ਇਹੀ ਕਾਰਨ ਹੈ ਕਿ ਮਸਾਂ ਸਿਲੇਬਸ ਦੀਆਂ ਕਿਤਾਬਾਂ ਪੜ੍ਹ ਕੇ, ਰੱਟਾਲੌਜੀ ਉੱਤੇ ਚੱਲਦਿਆਂ ਜੇ ਅਸੀਂ ਪੱਤਰਕਾਰੀ ਕਰਾਂਗੇ ਤਾਂ ਨਤੀਜਤਨ ਇਹੀ ਹੋਵੇਗਾ ਕਿ ਭਾਸ਼ਾ ਬਾਰੇ ਸੋਝੀ ਨਹੀਂ ਹੋਵੇਗੀ, ਸ਼ਬਦਾਵਲੀ ਅਮੀਰ ਹੋਣ ਦੀ ਬਜਾਏ ਗ਼ਰੀਬ ਹੋਵੇਗੀ। ਇਹੀ ਬੁਨਿਆਦੀ ਵਜ੍ਹਾ ਹੈ ਕਿ ਤੜਕਾ ਲਾਊ ਖ਼ਬਰੀ ਚੈਨਲਾਂ ਦੇ ਬਹੁਤੇ ਐਂਕਰ ਆਪਣੀਆਂ ਨਿੱਜੀ ਕਮਜ਼ੋਰੀਆਂ ਉੱਤੇ ਪੜ੍ਹਦਾ ਪਾਈ ਰੱਖਣ ਲਈ ਫ਼ਿਰਕੂ ਪੱਤਾ ਖੇਡਦੇ ਹਨ. ਪੱਤਰਕਾਰ ਨੇ ਤਾਂ ਸਮਾਜ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣਾ ਹੁੰਦਾ ਹੈ ਪਰ ਸਨਸਨੀਖੇਜ਼ ਖ਼ਬਰੀ ਚੈਨਲਾਂ ਦੇ ਇਹੋ ਜਿਹੀ ਕਿਸਮ ਦੇ ਐਂਕਰ, ਲੋਕਾਂ ਨੂੰ ਹਿੰਦੂ ਮੁਸਲਿਮ ਦੇ ਨਾਂ ਉੱਤੇ ਤਕਸੀਮ ਕਰਦੇ ਹਨ। ਖੂਹ ਦਾ ਡੱਡੂਪੁਣਾ ਨਾ ਆਖੀਏ ਤਾਂ ਕੀ ਕਹੀਏ??

ਫਜ਼ੂਲ ਦੀਆਂ ਟੀ ਵੀ ਬਹਿਸਾਂ ਦੀ ਅਸਲੀਅਤ ਇਹੀ ਹੈ ਕਿ ਸਮਾਜ ਵਿਚ ਜਿਹੜੇ ਬੰਦੇ ਆਪਣੇ ਇਲਾਕੇ ਵਿਚ ਵੀ ਗੁੰਮਨਾਮ ਤੇ ਨਾ-ਪਸੰਦ ਹੁੰਦੇ ਹਨ, ਇਹੋ ਜਿਹੇ ਬੰਦੇ ਚੈਨਲ ਦੀ ਫ਼ਿਰਕੂ ਡੀਬੇਟ ਵਿਚ ਮੁੱਖ ਬਹਿਸਕਾਰ ਦੇ ਤੌਰ ਉੱਤੇ ਗਾਲੀ ਗਲੋਚ ਕਰਾਉਣ ਲਈ ਬਿਠਾਏ ਹੁੰਦੇ ਹਨ, ਏਸ ਪੂਰੇ ਮਾਮਲੇ ਵਿਚ ਸ਼ੱਕੀ ਪਹਿਲੂ ਇਹ ਹੈ ਕਿ 5 ਤੋਂ 6 ਬੰਦਿਆਂ ਨਾਲ ਹੀ ਇਹ ਸੌਦਾ ਮਾਰਿਆ ਗਿਆ ਹੁੰਦਾ ਹੈ ਤੇ ਊਲ ਜਲੂਲ ਬੁਲਾਰਿਆਂ ਤੋਂ ਬਿਨਾਂ ਸਮਾਜ ਦਾ ਕੋਈ ਸਿਆਣਾ ਬੁਲਾਰਾ ਚੈਨਲ ਦੀਆਂ ਬਹਿਸਾਂ ਵਿਚ ਨਜ਼ਰੀਂ ਨਹੀਂ ਪਵੇਗਾ। ਲੋਕਾਂ ਨੂੰ ਇਹੋ ਜਿਹੇ ਖ਼ਬਰੀ ਚੈਨਲਾਂ ਦੀਆਂ ਫ਼ਿਰਕੂ ਬਹਿਸਾਂ ਪਿਛਲੀ ਬਦਨੀਤੀ ਨੂੰ ਸਮਝ ਕੇ ਆਪਣਾ ਵਕਤ ਕਿਤਾਬ ਪੜ੍ਹਣ ਜਾਂ ਕਿਸੇ ਸਿਆਣੇ ਬੰਦੇ ਦੀ ਸੰਗਤ ਕਰਨ ਵਿਚ ਲਾਉਣਾ ਚਾਹੀਦਾ ਹੈ।?

ਸਮਾਜ ਵਿਚ

 

ਯਾਦਵਿੰਦਰ
+91 94653 29617,
ਸਰੂਪ ਨਗਰ, ਰਾਓਵਾਲੀ,
ਨੇੜੇ ਹੇਮਕੁੰਟ ਸਕੂਲ, ਜਲੰਧਰ

Previous articleDeaths spike as heatwave scorches parts of US, Canada
Next article3 LeT terrorists killed in Kashmir encounter