- ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੂੰ ਸੂਚੀ ’ਚੋਂ ਰਾਤੋਂ-ਰਾਤ ਬਾਹਰ ਕਰਕੇ ਕਾਕਾ ਰਣਦੀਪ ਸਿੰਘ ਦਾ ਨਾਂ ਕੀਤਾ ਸ਼ਾਮਲ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਅੱਜ ਹਲਫ਼ ਲੈ ਲਿਆ| ਨਵੀਂ ਕੈਬਨਿਟ ’ਚ ਅੱਜ ਸੱਤ ਨਵੇਂ ਚਿਹਰੇ ਸ਼ਾਮਿਲ ਹੋਏ ਹਨ ਜਦੋਂ ਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ| ਇੱਥੇ ਰਾਜ ਭਵਨ ’ਚ ਅੱਜ ਸਹੁੰ ਚੁੱਕ ਸਮਾਰੋਹ ਹੋਇਆ ਜਿਸ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ| ਸਾਰੇ ਵਜ਼ੀਰਾਂ ਨੇ ਮਾਂ ਬੋਲੀ ’ਚ ਹਲਫ਼ ਲਿਆ| ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਹਲਫ਼ਦਾਰੀ ਸਮਾਗਮ ਦਾ ਸੰਚਾਲਨ ਕੀਤਾ|
ਰਾਜ ਭਵਨ ’ਚ ਕਰੀਬ ਪੌਣਾ ਘੰਟਾ ਚੱਲੇ ਇਨ੍ਹਾਂ ਸਮਾਰੋਹਾਂ ’ਚ ਸਭ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਨੇ ਹਲਫ਼ ਲਿਆ। ਉਸ ਮਗਰੋਂ ਮਨਪ੍ਰੀਤ ਬਾਦਲ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਹੁੰ ਚੁੱਕੀ| ਅਖੀਰ ਵਿਚ ਗੁਰਕੀਰਤ ਕੋਟਲੀ ਨੇ ਹਲਫ਼ ਲਿਆ| ਨਵੀਂ ਕੈਬਨਿਟ ਦੇ ਕਪਤਾਨ ਚੰਨੀ ਦੀ ਟੀਮ ’ਚ ਨਵੇਂ ਚਿਹਰਿਆਂ ਵਜੋਂ ਪਦਮ ਸ੍ਰੀ ਪਰਗਟ ਸਿੰਘ, ਵਿਧਾਇਕ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਤੇ ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਸਹੁੰ ਚੁੱਕੀ| ਵਿਧਾਇਕ ਵੇਰਕਾ ਨੇ ਸਹੁੰ ਚੁੱਕਣ ਸਮੇਂ ਲਿਖਤ ਹਲਫ਼ ਤੋਂ ਇਲਾਵਾ ਡਾ. ਅੰਬੇਦਕਰ ਦਾ ਵੀ ਆਪਣੀ ਸਹੁੰ ਵਿਚ ਜ਼ਿਕਰ ਕੀਤਾ|
ਅਮਰਿੰਦਰ ਵਜ਼ਾਰਤ ’ਚ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ, ਜਿਨ੍ਹਾਂ ਦੀ ਛਾਂਟੀ ਕਰ ਦਿੱਤੀ ਗਈ ਹੈ ਜੋ, ਵਿੱਚੋਂ ਧਰਮਸੋਤ ਤੋਂ ਇਲਾਵਾ ਬਾਕੀ ਸਾਰੇ ਸਮਾਰੋਹ ’ਚੋਂ ਗੈਰਹਾਜ਼ਰ ਰਹੇ| ਪੁਰਾਣੀ ਕੈਬਨਿਟ ’ਚ ਮੰਤਰੀ ਰਹੇ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ, ਭਾਰਤ ਭੂਸ਼ਨ ਆਸ਼ੂ ਅਤੇ ਵਿਜੈਇੰਦਰ ਸਿੰਗਲਾ ਨੇ ਨਵੀਂ ਕੈਬਨਿਟ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ| ਪੁਰਾਣੀ ਕੈਬਨਿਟ ਦੇ 11 ਮੰਤਰੀ ਹੁਣ ਚੰਨੀ ਦੀ ਟੀਮ ’ਚ ਵੀ ਸ਼ਾਮਿਲ ਹਨ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly