ਪਰਵੀਨ ਕੌਰ ਸਿੱਧੂ
(ਸਮਾਜ ਵੀਕਲੀ) ਪੱਕੀ ਕਣਕ ਨੂੰ ਵੇਖ ਕੇ ਗੁਰਤੇਜ ਸਿੰਘ ਬੜਾ ਖੁਸ਼ ਹੋ ਰਿਹਾ ਸੀ। ਉਹ ਸੋਚ ਰਿਹਾ ਸੀ ਇਸ ਵਾਰ ਆੜਤੀਏ ਦੇ ਰਹਿੰਦੇ ਵਿਆਜ ਨੂੰ ਉਤਾਰ ਕੇ ਉਹ ਥੋੜਾ ਸੁਰਖਰੂ ਹੋ ਜਾਵੇਗਾ ਕਿਉਂਕਿ ਇਸ ਵਾਰ ਕਣਕ ਦਾ ਝਾੜ ਵੱਧ ਨਿਕਲਣ ਦੀ ਆਸ ਸੀ। ਤਿੰਨ ਕੁ ਕਿੱਲੇ ਆਪਣੇ ਸਨ ਅਤੇ ਬਾਕੀ ਪੰਜ ਕਿਲੇ ਉਸਨੇ ਠੇਕੇ ‘ਤੇ ਲਏ ਸਨ। ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਖਰਚੇ ਹੀ ਇੰਨੇ ਸਨ ਕਿ ਮਸਾਂ ਹੀ ਝੱਟ ਟੱਪਦਾ ਸੀ। ਖੇਤੀਬਾੜੀ ਦੇ ਨਾਲ-ਨਾਲ ਉਹ ਸਹਾਇਕ ਧੰਦੇ ਵਜੋਂ ਦੁੱਧ ਵੀ ਵੇਚਦਾ ਸੀ.. ਤਾਂ ਕਿ ਗੁਜ਼ਾਰਾ ਕੁਝ ਸੁਖਾਲਾ ਹੋ ਜਾਵੇ। ਗੁਰਤੇਜ ਅਤੇ ਉਸ ਦੀ ਪਤਨੀ ਪਤਾ ਨਹੀਂ ਆਪਣੀਆਂ ਕਿੰਨੀਆਂ ਕੁ ਸੱਧਰਾਂ ਨੂੰ ਮਾਰ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਦਿਨ-ਰਾਤ ਲੱਗੇ ਹੋਏ ਸਨ। ਉਸ ਦੀ ਵੱਡੀ ਧੀ ਸੀਰਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹੁਣ ਚੰਡੀਗੜ੍ਹ ਵਿੱਚ ਇੰਜੀਨੀਅਰ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ। ਗੁਰਤੇਜ ਸਿੰਘ ਸੋਚਦਾ ਕਿ ਚਲੋ ਵੱਡੀ ਧੀ ਜੇਕਰ ਕਿਤੇ ਵਧੀਆ ਸੈਟ ਹੋ ਜਾਵੇਗੀ ਤਾਂ ਉਸ ਦੀ ਗ਼ਰੀਬੀ ਨਿਕਲ ਜਾਵੇਗੀ। ਛੋਟੀ ਧੀ ਨੂੰ ਵੀ ਹੋਰ ਵਧੀਆ ਪੜ੍ਹਾਈ ਕਰਨ ਵਿੱਚ ਮਦਦ ਮਿਲ ਜਾਵੇਗੀ। ਸਾਰਾ ਕੁਝ ਸਹੀ ਚੱਲ ਰਿਹਾ ਸੀ.. ਆਪਣੀ ਲਹਿ ਲਹਿਰਾਉਂਦੀ ਫ਼ਸਲ ਵੇਖ ਕੇ ਉਹ ਖੁਸ਼ ਸੀ। ਕੋਲ ਹੀ ਦੋ-ਤਿੰਨ ਕੰਬਾਈਨਾਂ ਚੱਲ ਰਹੀਆਂ ਸਨ , ਉਸ ਨੇ ਇੱਕ ਵਾਕਿਫ਼ ਕੰਬਾਈਨ ਵਾਲੇ ਨਾਲ਼ ਗੱਲ ਕੀਤੀ ਅਤੇ ਉਸ ਕੋਲੋਂ ਸ਼ਾਮ ਨੂੰ ਕਣਕ ਵਢਾਉਣ ਦਾ ਟਾਈਮ ਲਿਆ। ਦੋਵੇਂ ਜੀਅ ਬੜੇ ਖੁਸ਼ ਸਨ ਕਿ ਅਚਾਨਕ ਰੌਲੇ ਦੀ ਆਵਾਜ਼ ਆਈ। ਉਹਨਾਂ ਦਾ ਘਰ ਖੇਤਾਂ ਦੇ ਵਿੱਚ ਹੀ ਸੀ। ਜਿਉਂ ਹੀ ਗੁਰਤੇਜ ਸਿੰਘ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਦੂਰੋਂ ਅੱਗ ਦੀਆਂ ਲਪਟਾਂ ਉੱਚੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਸਨ। ਉਸ ਦਾ ਤਾਂ ਜਿਵੇਂ ਦਿਲ ਹੀ ਦਹਿਲ ਗਿਆ। ਸਾਰੇ ਲੋਕ ਅਤੇ ਲਾਗੇ ਦੇ ਪਿੰਡਾਂ ਵਾਲੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਅੱਗ ਸੀ ਕਿ ਕਾਬੂ ਵਿਚ ਹੀ ਨਹੀਂ ਸੀ ਆ ਰਹੀ। ਦੇਖਦਿਆਂ ਹੀ ਦੇਖਦਿਆਂ ਗੁਰਤੇਜ ਦੀ ਫ਼ਸਲ ਵੀ ਸੜ ਕੇ ਸੁਆਹ ਹੋ ਚੁੱਕੀ ਸੀ। ਉਸ ਫ਼ਸਲ ਦੇ ਨਾਲ-ਨਾਲ ਉਸ ਦੇ ਚਾਅ.. ਉਸ ਦੀਆਂ ਖੁਸ਼ੀਆਂ.. ਉਸ ਦੇ ਬੱਚਿਆਂ ਦੀ ਪੜ੍ਹਾਈ ਅਤੇ ਉਨਾਂ ਦੇ ਸੁਨਹਿਰੀ ਭਵਿੱਖ ਦੀਆਂ ਆਸਾਂ ਅਤੇ ਉਮੀਦਾਂ… ਸਭ ਸੜ ਕੇ ਸਵਾਹ ਹੋ ਗਈਆਂ ਸਨ। ਰੋ-ਰੋ ਕੇ ਸਾਰਿਆਂ ਦਾ ਬੁਰਾ ਹਾਲ ਸੀ। ਕੋਲ ਛੋਟੀ ਕੁੜੀ ਰਮਨ ਨੇ ਹੌਂਸਲਾ ਦਿੱਤਾ ਕਿ ਪਾਪਾ ਜੀ ਕੋਈ ਗੱਲ ਨਹੀਂ.. ਜੋ ਹੋਣਾ ਸੀ ਉਹ ਤਾਂ ਹੋ ਗਿਆ। ਅਸੀਂ ਕਰ ਲਵਾਂਗੇ ਗੁਜ਼ਾਰਾ ਜਿਵੇਂ ਕਿਵੇਂ ਹੋਵੇਗਾ। ਹੁਣ ਇਸ ਤਰ੍ਹਾਂ ਝੂਰਨ ਨਾਲ ਕੁਝ ਫ਼ਾਇਦਾ ਨਹੀਂ ਹੋਣਾ। ਦੁੱਖ ਤਾਂ ਸਾਰਿਆਂ ਨੂੰ ਬਹੁਤ ਸੀ, ਕਿਉਂਕਿ ਕਈਆਂ ਦਾ ਇੱਕ ਕਿੱਲਾ ਜਾਂ ਦੋ ਕਿੱਲੇ ਸਾੜੇ ਸਨ, ਪਰ ਗੁਰਤੇਜ ਦੇ ਪੂਰੇ ਅੱਠ ਕਿੱਲੇ ਕਣਕ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਅੱਧਾ ਠੇਕਾ ਵੀ ਦੇਣ ਵਾਲਾ ਸਿਰ ਉੱਪਰ ਸੀ…! ਘਰ ਵਿੱਚ ਮਾਤਮ ਵਰਗਾ ਮਾਹੌਲ ਛਾਇਆ ਹੋਇਆ ਸੀ। ਸਾਰਾ ਟੱਬਰ ਚੁੱਪ ਚਾਪ ਬੈਠਾ ਸੀ। ਭਵਿੱਖ ਦੀਆਂ ਚਿੰਤਾਵਾਂ ਅਤੇ ਖ਼ਰਚੇ ਉਹਨਾਂ ਵੱਢ-ਵੱਢ ਖਾ ਰਹੇ ਸਨ। ਛੇ ਮਹੀਨਿਆਂ ਦੀ ਕੀਤੀ ਮਿਹਨਤ ਉੱਪਰ ਕੁਝ ਪਲਾਂ ਵਿੱਚ ਪਾਣੀ ਫਿਰ ਚੁੱਕਾ ਸੀ। ਇਸ ਵਕਤ ਪਰਿਵਾਰ ਨੂੰ ਕੁਝ ਵੀ ਸੁੱਝ ਔੜ ਨਹੀਂ ਰਿਹਾ ਸੀ। ਉਸ ਪਿੰਡ ਦਾ ਸਰਪੰਚ ਬਹੁਤ ਚੰਗਾ, ਪੜ੍ਹਿਆ ਲਿਖਿਆ ਅਤੇ ਸੁਲਝਿਆ ਹੋਇਆ ਬੰਦਾ ਸੀ। ਉਸ ਨੇ ਆਪਣੇ ਮੈਂਬਰਾਂ ਨਾਲ਼ ਸਲਾਹ ਕੀਤੀ ਕਿ ਜਿਨਾਂ ਦੀ ਕਣਕ ਦਾ ਨੁਕਸਾਨ ਹੋਇਆ ਹੈ ਸਾਨੂੰ ਰਲ ਮਿਲ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਚੰਗੀ ਸੋਚ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਸਾਰਿਆਂ ਨੇ ਹਾਂ ਵਿੱਚ ਹਾਂ ਮਿਲਾਈ ਅਤੇ ਜਿਨਾਂ ਦੀ ਵੀ ਕਣਕ ਸੜੀ ਸੀ ਉਹਨਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਕਈਆਂ ਦੇ ਬੱਚੇ ਬਾਹਰ ਵਧੀਆ ਕਮਾਈ ਕਰ ਰਹੇ ਸਨ। ਸਰਪੰਚ ਦੀ ਛੋਟੀ ਜਿਹੀ ਕੋਸ਼ਿਸ਼ ਨਾਲ ਸਾਰੇ ਇੱਕ ਦੂਜੇ ਦੀ ਮਦਦ ਕਰਨ ਲਈ ਨਾਲ ਖੜੇ ਹੋ ਗਏ। ਸਾਰਿਆਂ ਨੇ ਥੋੜਾ-ਥੋੜਾ ਕਰਕੇ.. ਜਿਨਾਂ ਦੀ ਕਣਕ ਸੜੀ ਸੀ ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ। ਏਨੇ ਨੂੰ ਪਿੰਡ ਦਾ ਲੰਬੜਦਾਰ ਵੀ ਆ ਕੇ ਖਲੋ ਗਿਆ। ਉਸ ਨੇ ਕਿਹਾ ਕਿ ਮੇਰਾ ਵੱਡਾ ਪੁੱਤਰ ਵਿਦੇਸ਼ ਵਿੱਚ ਚੰਗੀ ਕਮਾਈ ਕਰਦਾ ਹੈ। ਮੈਂ ਉਸਨੂੰ ਸਾਰੀ ਗੱਲ ਦੱਸੀ ਸੀ, ਉਸ ਨੇ ਕਿਹਾ ਕਿ ਗੁਰਤੇਜ ਸਿੰਘ ਦੀਆਂ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਇਸ ਸਾਲ ਉਹ ਆਪ ਦੇਵੇਗਾ। ਪਿੰਡ ਦੀਆਂ ਧੀਆਂ- ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ। ਇਹ ਸੁਣ ਕੇ ਸਾਰਿਆਂ ਨੂੰ ਬੜਾ ਵਧੀਆ ਲੱਗਾ। ਗੁਰਤੇਜ ਨੂੰ ਤਾਂ ਜਿਵੇਂ ਰੱਬ ਆਪ ਆ ਕੇ ਬਹੁੜਿਆ ਸੀ। ਉਸ ਨੇ ਲੰਬੜਦਾਰ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਲੰਬੜਦਾਰ ਨੇ ਉਸਨੂੰ ਪਿਆਰ ਨਾਲ ਗਲਵੱਕੜੀ ਪਾ ਲਈ ਅਤੇ ਕਿਹਾ.. ਕਿ ਭਰਾ ਪੈਰਾਂ ਨੂੰ ਹੱਥ ਨਹੀਂ ਲਾਉਂਦੇ.. ਗਲਵੱਕੜੀ ਪਾਉਂਦੇ ਹਨ ਅਤੇ ਮੁਸੀਬਤ ਵੇਲੇ ਇੱਕ ਦੂਜੇ ਦੀਆਂ ਬਾਹਾਂ ਬਣਦੇ ਹਨ। ਇਸ ਕਰਕੇ ਤੇਰੀ ਥਾਂ ਪੈਰਾਂ ਵਿੱਚ ਨਹੀਂ ਬਾਹਾਂ ਦੀ ਗਲਵੱਕੜੀ ਵਿੱਚ ਹੈ। ਕੋਲ ਖੜੇ ਸਾਰੇ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਸਾਰਿਆਂ ਦੇ ਚਿਹਰੇ ਉੱਤੇ ਨਵੀਂ ਉਮੀਦ ਦੀ ਖੁਸ਼ੀ ਸੀ ਅਤੇ ਅੱਖਾਂ ਦੇ ਉਦਾਸ ਹੰਝੂਆਂ ਵਿੱਚ ਆਸ ਦਾ ਪਾਣੀ ਚਮਕ ਰਿਹਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



