ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਅੱਜ ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਅਤੇ ਪਰਚੀਆਂ ਕੱਟਣ ਦੇ ਨਵੇਂ ਨਿਯਮਾਂ ਖ਼ਿਲਾਫ਼ ਸਖ਼ਤ ਰੋਸ ਜਤਾਇਆ ਗਿਆ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ‘ਤੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਅਤੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਬਲਾਚੌਰ ਨੂੰ ਇੱਕ ਮੰਗ ਪੱਤਰ ਭੇਜ ਕੇ ਇਸ ਨਵੀਂ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਡਿਪੂ ਹੋਲਡਰਾਂ ਨੇ ਦੱਸਿਆ ਕਿ ਪਹਿਲਾਂ ਤਿੰਨ ਮਹੀਨਿਆਂ ਦਾ ਰਾਸ਼ਨ ਵੰਡਣ ਲਈ ਈ-ਪੋਸ ਮਸ਼ੀਨ ਰਾਹੀਂ ਸਿਰਫ਼ ਇੱਕ ਹੀ ਪਰਚੀ ਜਾਰੀ ਹੁੰਦੀ ਸੀ, ਜੋ ਕਿ ਬਹੁਤ ਸੁਖਾਲੀ ਪ੍ਰਕਿਰਿਆ ਸੀ। ਪਰ ਹੁਣ ਖ਼ੁਰਾਕ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੇ ਫ਼ਰਮਾਨ ਮੁਤਾਬਕ ਹਰ ਮਹੀਨੇ ਦੀ ਵੱਖਰੀ ਪਰਚੀ (ਯਾਨੀ 3 ਮਹੀਨਿਆਂ ਦੀਆਂ 3 ਪਰਚੀਆਂ) ਅਤੇ ਰਾਸ਼ਨ ਕਿੱਟ ਲਈ ਇੱਕ ਹੋਰ ਵੱਖਰੀ ਪਰਚੀ ਕੱਟਣ ਦੇ ਹੁਕਮ ਦਿੱਤੇ ਗਏ ਹਨ। ਐਸੋਸੀਏਸ਼ਨ ਦੇ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇੱਕ ਖਪਤਕਾਰ (ਕਾਰਡ ਹੋਲਡਰ) ਲਈ ਕੁੱਲ ਚਾਰ ਪਰਚੀਆਂ ਕੱਟਣੀਆਂ ਪੈਣਗੀਆਂ, ਜਿਸ ਕਾਰਨ ਸਮੇਂ ਦੀ ਭਾਰੀ ਬਰਬਾਦੀ ਹੋਵੇਗੀ। ਇੱਕ ਪਰਚੀ ਕੱਟਣ ਵਿੱਚ ਕਰੀਬ 8 ਤੋਂ 10 ਮਿੰਟ ਦਾ ਸਮਾਂ ਲੱਗਦਾ ਹੈ, ਜਿਸ ਨਾਲ ਡਿਪੂ ਹੋਲਡਰਾਂ ਦਾ ਕੰਮ ਚਾਰ ਗੁਣਾ ਵੱਧ ਗਿਆ ਹੈ ਅਤੇ ਲੰਮਾ ਸਮਾਂ ਲੱਗਣ ਕਾਰਨ ਡਿਪੂਆਂ ‘ਤੇ ਖਪਤਕਾਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਪਿੰਡਾਂ ਵਿੱਚ ਇੰਟਰਨੈੱਟ ਅਤੇ ਨੈੱਟਵਰਕ ਦੀ ਰੇਂਜ ਘੱਟ ਹੋਣ ਕਾਰਨ ਮਸ਼ੀਨਾਂ ਹੌਲੀ ਚੱਲਦੀਆਂ ਹਨ, ਜਿਸ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਭਿਆਨਕ ਗਰਮੀ ਦੇ ਇਸ ਮੌਸਮ ਵਿੱਚ ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਖਪਤਕਾਰਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਡਿਪੂ ਹੋਲਡਰਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਵੱਖ-ਵੱਖ ਪਰਚੀਆਂ ਕੱਟਣ ਕਾਰਨ ਰੋਲ ਪੇਪਰ (ਪਰਚੀ ਵਾਲਾ ਕਾਗਜ਼) ਅਤੇ ਸਟੇਸ਼ਨਰੀ ਦਾ ਖ਼ਰਚਾ ਵੀ ਤਿੰਨ ਤੋਂ ਚਾਰ ਗੁਣਾ ਵੱਧ ਗਿਆ ਹੈ। ਇਸ ਵਾਧੂ ਖ਼ਰਚੇ ਕਾਰਨ ਡਿਪੂ ਹੋਲਡਰਾਂ ‘ਤੇ ਵੱਡਾ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਮਾਰੂ ਨੀਤੀ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਲੋਕ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਨਵੇਂ ਤਜਰਬੇ ਨਹੀਂ ਕਰਨੇ ਚਾਹੀਦੇ। ਮੰਗ ਪੱਤਰ ਰਾਹੀਂ ਡਿਪੂ ਹੋਲਡਰ ਐਸੋਸੀਏਸ਼ਨ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਹਰ ਮਹੀਨੇ ਦੀਆਂ ਵੱਖ-ਵੱਖ ਪਰਚੀਆਂ ਜਾਰੀ ਕਰਨ ਦਾ ਇਹ ਨਵਾਂ ਸਿਸਟਮ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਦੀ ਜਗ੍ਹਾ ਪਹਿਲਾਂ ਵਾਂਗ ਹੀ ਇੱਕੋ ਪਰਚੀ ਰਾਹੀਂ ਤਿੰਨ ਮਹੀਨਿਆਂ ਦਾ ਰਾਸ਼ਨ ਅਤੇ ਕਿੱਟ ਵੰਡਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਅਤੇ ਡਿਪੂ ਹੋਲਡਰਾਂ ਦੋਵਾਂ ਨੂੰ ਰਾਹਤ ਮਿਲ ਸਕੇ। ਐਸੋਸੀਏਸ਼ਨ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸਮੇਤ ਹਲਕਾ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਵਿਧਾਇਕਾਂ ਨੂੰ ਵੀ ਮੰਗ ਪੱਤਰ ਦੀਆਂ ਕਾਪੀਆਂ ਭੇਜ ਕੇ ਇਸ ਮਸਲੇ ਨੂੰ ਸਰਕਾਰ ਦੇ ਉੱਚ ਪੱਧਰ ‘ਤੇ ਉਠਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਡਿਪੂ ਹੋਲਡਰਾਂ ਨੇ ਦਸਤਖ਼ਤ ਕਰਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



