ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਲੜੇ ਗਏ ਲੰਬੇ ਅਤੇ ਜ਼ੋਰਦਾਰ ਸੰਘਰਸ਼ਾਂ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕੀਤੇ ਵਾਧੇ ਦਾ ਰੋਕਿਆ ਹੋਇਆ ਨੋਟੀਫਿਕੇਸ਼ਨ ਆਖ਼ਰਕਾਰ ਜਾਰੀ ਕਰ ਦਿੱਤਾ। ਇਹ ਜਾਣਕਾਰੀ ਯੂਨੀਅਨ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਾਥੀ ਤਰਸੇਮ ਜੋਧਾ ਅਤੇ ਸੂਬਾਈ ਆਗੂ ਕਰਨ ਸਿੰਘ ਰਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਿੱਤੀ।ਆਗੂਆਂ ਨੇ ਦੱਸਿਆ ਕਿ 1 ਮਈ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਵਿੱਚ ਸਾਰੇ ਮਜ਼ਦੂਰਾਂ ਦੇ ਰੇਟਾਂ ਅਤੇ ਉਜਰਤਾਂ ਵਿੱਚ 15 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਅਫ਼ਸੋਸ ਦੀ ਗੱਲ ਸੀ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੱਖਾਂ ਭੱਠਾ ਮਜ਼ਦੂਰਾਂ ਨਾਲ ਕੀਤੇ ਇਸ ਵਾਅਦੇ ਦਾ ਨੋਟੀਫਿਕੇਸ਼ਨ ਰੋਕ ਲਿਆ ਗਿਆ ਸੀ। ਇਸ ਅਨਿਆਂ ਖ਼ਿਲਾਫ਼ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਨੇ ਤਿੱਖਾ ਸੰਘਰਸ਼ ਵਿੱਢਿਆ, ਜਿਸ ਦੇ ਦਬਾਅ ਸਦਕੇ ਬੀਤੇ ਕੱਲ੍ਹ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ।ਸਾਥੀ ਤਰਸੇਮ ਜੋਧਾ ਅਤੇ ਕਰਨ ਸਿੰਘ ਰਾਣਾ ਨੇ ਅੱਗੇ ਦੱਸਿਆ ਕਿ ਜਥੇਬੰਦੀ ਦੇ ਵਧਦੇ ਸੰਘਰਸ਼ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਲੇਬਰ ਸਕੱਤਰ ਕਿਰਤ ਸਕੱਤਰ ਨੇ 20 ਮਈ ਨੂੰ ਚੰਡੀਗੜ੍ਹ ਦੇ ਲੇਬਰ ਭਵਨ ਵਿਖੇ ਯੂਨੀਅਨ ਦੇ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨੂੰ ਹੁਣ ਪੂਰਾ ਕਰਵਾ ਲਿਆ ਗਿਆ ਹੈ।”ਇਹ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਮਜ਼ਦੂਰਾਂ ਦੀ ਇੱਕਜੁੱਟਤਾ ਦੀ ਜਿੱਤ ਹੈ। ਅਸੀਂ ਸਾਰੇ ਭੱਠਾ ਮਜ਼ਦੂਰਾਂ ਨੂੰ ਇਸ ਇਤਿਹਾਸਕ ਜਿੱਤ ਦੀ ਵਧਾਈ ਦਿੰਦੇ ਹਾਂ ਅਤੇ ਸੱਦਾ ਦਿੰਦੇ ਹਾਂ ਕਿ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਰੱਖਣ ਤਾਂ ਜੋ ਰਹਿੰਦੀਆਂ ਮੰਗਾਂ ਨੂੰ ਵੀ ਜ਼ੋਰਦਾਰ ਸੰਘਰਸ਼ਾਂ ਰਾਹੀਂ ਪੂਰਾ ਕਰਵਾਇਆ ਜਾ ਸਕੇ।”ਇਸ ਮੌਕੇ ਮਜ਼ਦੂਰਾਂ ਦੀ ਚੜ੍ਹਦੀ ਕਲਾਂ ਅਤੇ ਅਗਲੀ ਰਣਨੀਤੀ ਲਈ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਇਸ ਪੱਤਰਕਾਰ ਵਾਰਤਾ ਦੌਰਾਨ ਪ੍ਰਕਾਸ਼ ਸਿੰਘ ਹਿਸੋਵਾਲ, ਚਰਨਜੀਤ ਸਿੰਘ, ਕੇਵਲ ਹਜ਼ਾਰਾ, ਰਣਜੀਤ ਸਿੰਘ ਸਮੇਤ ਯੂਨੀਅਨ ਦੇ ਅਨੇਕਾਂ ਸਥਾਨਕ ਅਤੇ ਸੂਬਾਈ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



