“ਫਿਰ ਵੀ, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ”

ਕੁਲਦੀਪ ਸਿੰਘ ਸਾਹਿਲ 
(ਸਮਾਜ ਵੀਕਲੀ) ਭਾਰਤ ਨੂੰ ਇਥੋਂ ਦੀ ਭੂਗੋਲਿਕ ਸਥਿਤੀ ਕਰਕੇ ਹੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇਹੀ ਕਾਰਨ ਸੀ ਕਿ ਭਾਰਤ ਦੀ ਸਲਤਨਤ ਲਈ ਵਾਰ ਵਾਰ ਯੁੱਧ ਹੁੰਦੇ ਰਹੇ ਤੀਜ਼ੀ ਸ਼ਤਾਬਦੀ ਸਮੇਂ ਭਾਰਤ ਵਿਚ ਗੁਪਤ ਸਲਤਨਤ ਦਾ ਸ਼ਾਸਨ ਸੀ ਬਾਹਰਵੀਂ ਸ਼ਤਾਬਦੀ ਸਮੇਂ ਮੁਗਲਾਂ ਨੇ ਅਲੱਗ ਅਲੱਗ ਸਮੇਂ ਤੇ ਭਾਰਤ ਤੇ ਹਮਲੇ ਕਰਕੇ ਲੁੱਟਿਆ ਅਤੇ ਲੰਮਾ ਸਮਾਂ ਸ਼ਾਸਨ ਕੀਤਾ ਇਸ ਤੋਂ ਬਾਅਦ ਲੱਗਭੱਗ ਸਤਾਰਵੀਂ ਸ਼ਤਾਬਦੀ ਦੇ ਮੱਧ ਵਿੱਚ ਪੁਰਤਗਾਲ, ਡੱਚ ਫ਼ਰਾਂਸ, ਬ੍ਰਿਟੇਨ ਸਹਿਤ ਅਨੇਕਾਂ ਯੂਰਪੀ ਦੇਸ਼ਾਂ ਨੇ, ਜੋ ਭਾਰਤ ਨਾਲ ਵਪਾਰ ਕਰਨ ਦੇ ਇੱਛੁਕ ਸਨ, ਦੇਸ਼ ਦੀ ਅੰਦਰੂਨੀ ਸ਼ਾਸਕੀ ਅਰਾਜਕਤਾ ਦਾ ਫਾਇਦਾ ਚੁੱਕਿਆ। ਅੰਗਰੇਜ਼ ਦੂਜੇ ਦੇਸ਼ਾਂ ਨਾਲ ਵਪਾਰ ਦੇ ਇੱਛੁਕ ਲੋਕਾਂ ਨੂੰ ਰੋਕਣ ਵਿੱਚ ਸਫ਼ਲ ਰਹੇ ਅਤੇ 1840 ਤੱਕ ਲਗਭਗ ਪੂਰੇ ਭਾਰਤ ਉੱਤੇ ਸ਼ਾਸਨ ਕਰਨ ਵਿੱਚ ਸਫਲ ਹੋਏ। 1847 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਅਸਫਲ ਬਗ਼ਾਵਤ, ਜੋ ਭਾਰਤੀ ਸੁਤੰਤਰਤਾ ਦੀ ਪਹਿਲੀ ਲੜਾਈ ਵਜੋਂ ਵੀ ਜਾਣੀ ਜਾਂਦੀ ਹੈ, ਦੇ ਬਾਅਦ ਭਾਰਤ ਦਾ ਸਾਰਾ ਭਾਗ ਸਿੱਧੇ ਅੰਗਰੇਜ਼ੀ ਸ਼ਾਸਨ ਦੇ ਪ੍ਰਬੰਧਕੀ ਕਾਬੂ ਵਿੱਚ ਆ ਗਿਆ। ਵੀਹਵੀਂ ਸ਼ਤਾਬਦੀ ਦੇ ਅਰੰਭ ਵਿੱਚ ਲੰਬੇ ਸਮੇ ਤੱਕ ਅਜ਼ਾਦੀ ਪ੍ਰਾਪਤੀ ਲਈ ਵਿਸ਼ਾਲ ਅਹਿੰਸਾਵਾਦੀ ਸੰਘਰਸ਼ ਚੱਲਿਆ, ਮਹਾਤਮਾ ਗਾਂਧੀ, ਇਸ ਸੰਘਰਸ਼ ਦੇ ਨੇਤਾ ਮੰਨੇ ਜਾਂਦੇ ਸਨ । ਇਨਕਲਾਬੀ ਵਿਚਾਰਧਾਰਾ ਨਾਲ ਜੁੜੇ ਸ਼ਿਵ ਆਜ਼ਾਦ, ਸਰਦਾਰ ਭਗਤ ਸਿੰਘ, ਸੁਖਦੇਵ ਥਾਪਰ, ਰਾਜਗੁਰੂ, ਨੇਤਾਜੀ ਸੁਭਾਸ਼ ਚੰਦਰ ਬੋਸ, ਆਦਿ ਦੇ ਚਲੇ ਕ੍ਰਾਂਤੀਵਾਦੀ ਸੰਘਰਸ਼ ਦੇ ਫਲਸਰੂਪ 16 ਜੂਨ 1946  ਨੂੰ ਅੰਗਰੇਜ਼ਾਂ ਵਲੋਂ ਅੰਤ੍ਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਗਿਆ ਅਤੇ ਆਖਿਰ 15 ਅਗਸਤ ਨੂੰ 1947 ਨੂੰ ਦੇਸ਼ ਅਜ਼ਾਦ ਹੋ ਗਿਆ ਸੀ। ਅਜ਼ਾਦੀ ਤੋਂ ਬਾਅਦ ਦੁਨੀਆਂ ਦੇ ਇੱਕ ਵੱਡੇ ਮੁਲਕ ਨੂੰ ਬਟਵਾਰੇ ਦਾ ਸਾਹਮਣਾ ਕਰਨਾ ਜਿਸ ਵਿੱਚ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਜਿਸ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਭਾਰਤ ਵਿੱਚ ਪਹਿਲੀ ਵਾਰ ਨਹਿਰੂ ਦੀ ਅਗਵਾਈ ਵਿੱਚ ਅਜ਼ਾਦ ਮੁਲਕ ਦੀ ਸਰਕਾਰ ਬਣੀ। ਜਦੋਂ ਭਾਰਤ ਅਜ਼ਾਦ ਹੋਇਆ ਸੀ ਤਾਂ ਉਦੋਂ ਦੇਸ਼ ਦੀ ਕੁੱਲ ਆਬਾਦੀ 34 ਕਰੋੜ ਦੇ ਕਰੀਬ ਸੀ ਜੋਕਿ ਵਧਕੇ ਅੱਜ 144 ਕਰੋੜ ਦੀ ਹੱਦ ਪਾਰ ਚੁੱਕੀ ਹੈ ਅਤੇ ਭਾਰਤ ਜਨਸੰਖਿਆ ਚ ਪੂਰੀ ਦੁਨੀਆਂ ਵਿੱਚ ਨੰਬਰ ਇੱਕ ਬਣ ਚੁੱਕਾ ਹੈ ਦੂਜੇ ਪਾਸੇ ਅੱਜ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਵਧਦੀ ਆਬਾਦੀ, ਅਮੀਰੀ, ਗਰੀਬੀ ਦਾ ਪਾੜਾ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਮਜ਼ਦੂਰਾ ਦੀ ਮਾੜੀ ਹਾਲਤ, ਡੁੱਬ ਰਿਹਾ ਵਪਾਰ, ਕਾਰੋਬਾਰ ਵਿੱਚ ਖੜੋਤ ਆਦਿ ਵੱਡੀਆਂ ਮੁਸੀਬਤਾਂ ਹਨ ਜੋਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਅਜ਼ਾਦੀ ਤੋਂ 77 ਸਾਲਾਂ ਬਾਅਦ ਵੀ ਅਸੀਂ ਸਿਖਿਆ ਦੇ ਖੇਤਰ ਵਿੱਚ ਵੀ ਵੱਡਾ ਮਾਅਰਕਾ ਮਾਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਅੱਜ ਦੇਸ਼ ਦੀ ਸਿੱਖਿਆ ਦੇ ਖੇਤਰ ਵਿੱਚ ਵੱਡੀ ਗਿਰਾਵਟ ਆ ਚੁੱਕੀ ਹੈ। ਸਾਡੀਆਂ ਸਰਕਾਰਾਂ ਨੇ ਤਾਂ ਸਿੱਖਿਆ ਵਿਚ ਵੀ ਅਮੀਰੀ , ਗਰੀਬੀ ਦਾ ਪਾੜਾ ਪਾ ਦਿੱਤਾ ਹੈ। ਅਮੀਰਾਂ ਲਈ ਕਾਨਵੈਂਟ ਸਿੱਖਿਆ ਅਤੇ ਗਰੀਬਾਂ ਲਈ ਬੇਮਿਆਰੀ ਸਿੱਖਿਆ, ਵਿੱਦਿਆ ਵਿਚ ਪਏ ਪਾੜ੍ਹੇ ਕਾਰਨ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਆਮ ਗਰੀਬ ਅਤੇ ਪੇਂਡੂ ਪਰਿਵਾਰਾਂ ਦੇ ਬੱਚੇ ਬਹੁਤ ਪੱਛੜ ਗਏ ਹਨ। ਜੇਕਰ ਦੇਸ਼ ਦੇ ਲੋਕਾਂ ਦੀ ਸਿਹਤ ਦੀ ਗੱਲ ਕਰੀਏ, ਜੋਕਿ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਸਰਕਾਰਾਂ ਦਾ ਆਮ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਦਾ ਮੁੱਢਲਾ ਫਰਜ਼ ਬਣਦਾ ਹੈ, ਪਰ ਅੱਜ ਅਜ਼ਾਦ ਭਾਰਤ ਅੰਦਰ ਸਿਹਤ ਸੇਵਾਵਾਂ ਦਾ ਬਹੁਤ ਹੀ ਮਾੜਾ ਹਾਲ ਹੈ। ਦੇਸ਼ ਦੇ ਸਿਰਫ ਅਮੀਰ ਲੋਕ ਹੀ ਪੈਸੇ ਦੇ ਬਲਬੂਤੇ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਸਮਰੱਥ ਹਨ ਜਦੋਂ ਗਰੀਬ ਲੋਕਾਂ ਲਈ ਮਹਿੰਗੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਸਤਾਈ ਸਾਡੀ ਨਵੀਂ ਪੀੜ੍ਹੀ ਜ਼ਿੰਦਗੀ ਦੇ ਰਾਹ ਤੋਂ ਭਟਕ ਕੇ ਨਸ਼ਿਆਂ ਵਿਚ ਗੁਲਤਾਨ ਹੁੰਦੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧੱਕਣ ਲਈ ਸਾਡੇ ਦੇਸ਼ ਦਾ ਮਾੜਾ ਸਿਸਟਮ ਅਤੇ ਸਰਕਾਰੀ ਨੀਤੀਆਂ ਆਪਣੀ ਜ਼ਿਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੀਆਂ। ਅਜ਼ਾਦੀ ਤੋਂ ਬਾਅਦ ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ ਜੇਕਰ ਇਸ ਵਿਚ ਭਾਰਤ ਨੂੰ ਕੋਈ ਨੰਬਰ ਦੇਣ ਦੀ ਗੱਲ ਕਰੇ ਤਾਂ ਸ਼ਾਇਦ ਜਨਸੰਖਿਆ ਵਾਂਗ ਅਸੀਂ ਪਹਿਲੇ ਨੰਬਰ ਤੇ ਹੋਵਾਂਗੇ। ਇੱਥੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕੋਈ ਵਿਭਾਗ ਇਸਦੀ ਮਾਰ ਤੋਂ ਨਹੀਂ ਬਚਿਆ ਹੋਇਆ। ਬਿਨਾਂ ਰਿਸ਼ਵਤ ਤੋਂ ਬਹੁਤ ਸਾਰੇ ਕੰਮ ਸੰਭਵ ਨਹੀਂ ਸਾਡੇ ਦੇਸ਼ ਵਿੱਚ ਨੇਤਾ ਖਰੀਦ ਲਏ ਜਾਂਦੇ ਹਨ ਅਤੇ ਪੈਸੇ ਦੇ ਬਲਬੂਤੇ ਸਰਕਾਰਾ ਗਿਰਾ ਦਿਤੀਆਂ ਜਾਂਦੀਆਂ ਹਨ। ਸਾਡੇ ਦੇਸ਼ ਦੇ ਸ਼ਹੀਦਾਂ ਦੁਆਰਾ ਖੂਨ ਡੋਲ੍ਹ ਕੇ ਪ੍ਰਾਪਤ ਕੀਤੀ ਇਹ ਅਜ਼ਾਦੀ, ਉਨ੍ਹਾਂ ਦੇ ਸੁਪਨਿਆਂ ਤੋਂ ਕੋਹਾਂ ਦੂਰ ਹੈ । ਸਾਡੇ ਦੇਸ਼ ਭਗਤਾਂ ਨੇ ਤਾਂ ਦੇਸ਼ ਨੂੰ ਲੁੱਟਣ ਵਾਲੇ ਗੋਰੇ ਅੰਗਰੇਜ ਤਾਂ ਦੇਸ਼ ਵਿੱਚੋਂ ਭਜਾ ਦਿੱਤੇ ਸਨ। ਹੁਣ ਆਪਣੇ ਹੀ ਦੇਸ਼ ਨੂੰ ਲੁੱਟਣ ਵਾਲੇ ਇਨ੍ਹਾਂ ਸੁਆਰਥੀ ਕਾਲੇ ਅੰਗਰੇਜਾਂ ਨੂੰ ਅਸੀਂ ਕਿੱਧਰ ਨੂੰ ਭਜਾਈਏ। ਇਹ ਸੁਆਰਥੀ ਨੇਤਾ ਤਾਂ ਗੋਰੇ ਅੰਗਰੇਜਾਂ ਤੋਂ ਵੀ ਵੱਧ ਖਤਰਨਾਕ ਹਨ। ਬਹੁਤ ਸਾਰੇ ਪਰਵਾਸ ਕਰ ਰਹੇ ਨੌਜਵਾਨਾਂ ਦਾ ਮੰਨਣਾ ਹੈ ਕਿ ਕਾਸ਼ ਅੰਗਰੇਜ ਇਥੇ ਹੁੰਦੇ ਤਾਂ ਸ਼ਾਇਦ ਅੱਜ ਸਾਨੂੰ ਆਪਣਾ ਵਤਨ ਨਾ ਛੱਡਣਾ ਪੈਂਦਾ। ਜਦੋਂ ਤੱਕ ਅਸੀਂ ਪੁਰਾਣੇ ਸਿਸਟਮ ਨੂੰ ਬਦਲਕੇ ਵਿਕਸਤ ਦੇਸ਼ਾਂ ਦੇ ਰਾਹਾ ਤੇ ਨਹੀਂ ਤੁਰਦੇ, ਅੰਧਵਿਸ਼ਵਾਸੀ ਸੋਚ ਨੂੰ ਵਿਗਿਆਨਕ ਸੋਚ ਵਿਚ ਨਹੀਂ ਬਦਲਦੇ, ਧਰਮਾਂ, ਜ਼ਾਤ ਪਾਤ ਦੀ ਗੰਦੀ ਰਾਜਨੀਤੀ ਤੋਂ ਬਾਹਰ ਨਹੀਂ ਨਿਕਲਦੇ ਉਦੋਂ ਤੱਕ ਦੇਸ਼ ਦਾ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਦਾ ਸੁਪਨਾ ਨਾਮੁਮਕਿਨ ਲੱਗ ਰਿਹਾ ਹੈ ਇਸ ਲਈ ਜ਼ਰੂਰੀ ਹੈ ਕਿ ਦੇਸ਼ ਦੀ ਰਾਜਨੀਤੀ ਨੂੰ ਨਵਾਂ ਰੂਪ ਦਿੱਤਾ ਜਾਵੇ ਜਿਸ ਦੀ ਸ਼ੁਰੂਆਤ ਚੋਣ ਸਿਸਟਮ ਨੂੰ ਦਰੁਸਤ ਕਰਕੇ ਕੀਤੀ ਜਾ ਸਕਦੀ ਹੈ। ਇਸ ਵੇਲੇ ਦੇਸ਼ ਦੀਆਂ ਚੋਣਾਂ ਪੈਸੇ ਦੇ ਬਲਬੂਤੇ ਤੇ ਲੜੀਆਂ ਜਾਂਦੀਆਂ ਹਨ ਜਿਸ ਨੂੰ ਵੱਡੇ ਵੱਡੇ ਸਰਮਾਏਦਾਰਾਂ ਵਲੋਂ ਸਿਆਸੀ ਫੰਡ ਦੇ ਨਾਂ ਤੇ ਰਾਜਨੀਤਕ ਪਾਰਟੀਆਂ ਨੂੰ ਮੋਟਾ ਪੈਸਾ ਦਿਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਰਕਾਰਾਂ ਸਰਮਾਏਦਾਰੀ ਦੀ ਕਠਪੁਤਲੀਆਂ ਬਣ ਜਾਂਦੀਆਂ ਹਨ ਅਤੇ ਸਰਕਾਰਾਂ ਨੂੰ ਆਮ ਅਤੇ ਗਰੀਬ ਲੋਕ ਦਿਖਣੇ ਬੰਦ ਹੋ ਜਾਂਦੇ ਹਨ। ਫਿਰ ਵੀ ਸਾਡੇ ਦੇਸ਼ ਦੇ ਹਰ ਆਮ ਅਤੇ ਗਰੀਬ ਇਨਸਾਨ ਨੂੰ ਆਪਣੇ ਦੇਸ਼ ਨਾਲ ਪ੍ਰੇਮ ਹੈ ਇਸੇ ਲਈ ਅਜ਼ਾਦੀ ਦਿਵਸ ਤੇ ਉਰਦੂ ਸ਼ਾਇਰ ਮਹੁੰਮਦ ਇਕਬਾਲ ਦੀਆਂ ਇਹ ਲਾਇਨਾਂ ਉਹ ਗੁਣਗੁਣਾਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ।
ਫਿਰ ਵੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ
ਹਮ ਬੁਲਬੁਲੇਂ ਹੈਂ ਇਸਕੀ, ਯੇਹ ਗੁਲਿਸਤਾਂ ਹਮਾਰਾ
ਗੁਰਬਤ ਮੇਂ ਹੋਂ ਅਗਰ ਹਮ, ਰਹਤਾ ਹੈ ਦਿਲ ਵਤਨ ਮੇਂ
ਸਮਝੋ ਵਹੀਂ ਹਮੇਂ ਭੀ, ਦਿਲ ਹੋ ਜਹਾਂ ਹਮਾਰਾ।
ਕੁਲਦੀਪ ਸਿੰਘ ਸਾਹਿਲ 
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਿਆਰਿਆਂ ਦੀ ਲੋੜ
Next articleਜੀ ਡੀ ਗੋਇਨਕਾ ਸਕੂਲ ‘ਚ ਕਰਵਾਇਆ ਗਿਆ ”ਸ਼ੋਅ ਐਂਡ ਟੈੱਲ’ ਮੁਕਾਬਲਾ