(ਸਮਾਜ ਵੀਕਲੀ)
ਪਤਾ ਨਹੀਂ
ਮੈ ਆਪਣੇ ਪਿੰਡ ਵੱਲ
ਵਾਰ ਵਾਰ ਕਿਉਂ ਮੁੜਦਾ ਹਾਂ।
ਮੇਰੀ ਚੇਤਨਾ ਦੇ ਧਰਾਤਲ ਤੋਂ
ਇੱਹ ਕਦੀ ਮਨਫ਼ੀ ਨਹੀਂ ਹੁੰਦਾ।
ਉਹ ਪਿੰਡ ਜਿੱਥੇ
ਮੇਰੇ ਬਚਪਨ ਦੀ ਬੇਫਿਕਰੀ
ਅਤੇ ਮਾਸੂਮੀਅਤ ਨੂੰ ਪਤਾ ਹੀ ਨਾ ਲੱਗਾ
ਗਰੀਬੀ ਤੇ ਭੁੱਖ ਨਾਲ ਘੁਲ਼ਦਿਆਂ
ਕਦੋਂ ਮੂੰਹ ਤੇ ਉੱਗੀ ਲੂਈਂ ਸੰਗ
ਮੱਥੇ ਤੇ ਫਿਕਰਾਂ ਦੇ ਕਿੱਲ ਉੱਗ ਆਏ।
ਕਦੀ ਤਿੰਨ ਖਣਾਂ ਦੇ ਕੱਚੇ ਕੋਠੇ ਨੂੰ
ਦੇਖ ਕੇ ਝੂਰਦਾ
ਕਦੀ ਨੰਗੇ ਪੈਰਾਂ ਤੇ ਜੰਮੀ
ਰਾਹਾਂ ਦੀ ਧੂੜ ਨੂੰ ਨਿਹਾਰਦਾ
ਕਦੀ ਸਿਆਲਾਂ ਵਿੱਚ ਇੱਕੋ ਇੱਕ ਪੁਰਾਣਾ ਸੁਵੈਟਰ
ਇੱਕ ਵੱਡੀ ਦੌਲਤ ਜਾਪਦਾ,
ਬੇਬੇ ਬਾਪੂ ਰੱਬ ਵਰਗੇ ਲੱਗਦੇ।
ਭਾਦੋਂ ਦੀਆਂ ਦੁਪਹਿਰਾਂ ਦੀ ਮਾਰ ਵਿੱਚ
ਕਹਿੰਦੇ ਨੇ ਜੱਟ ਵੀ ਸਾਧ ਹੋ ਜਾਂਦੇ ਨੇ।
ਸੇਮ ਤੇ ਬੂਟੇ ਲਾਉਣ ਲਈ
ਟੋਏ ਪੁੱਟਦਿਆਂ
ਮੈਂ ਕਦੀ ਕਸੀਸ ਨਹੀਂ ਸੀ ਵੱਟੀ
ਮਹੀਨੇ ਬਾਅਦ ਮੇਰੀ ਹਥੇਲੀ ਤੇ
ਮੇਰੀਆਂ ਦਿਹਾੜੀਆਂ ਦੇ ਪੈਸੇ ਧਰਦਿਆਂ
ਜੰਗਲਾਤ ਮਹਿਕਮੇ ਦਾ ਕਲਰਕ
ਮੇਰੇ ਹੱਥ ‘ਚੋਂ ਪੈੱਨ ਖੋਹ
ਅਜੀਬ ਜਿਹੀ ਕੈਰੀ ਅੱਖ ਨਾਲ ਝਾਕਦਾ
ਰਜਿਸਟਰ ਤੇ ਗੂਠਾ ਲਾਉਣ ਲਈ ਕਹਿੰਦਾ।
ਪਰ ਮੇਰੀ ਮਾਸੂਮੀਅਤ
ਕੁੱਝ ਵੀ ਸਮਝ ਨਾ ਪਾਉਂਦੀ,
ਤੇ ਦੂਜੇ ਦਿਨ ਫਿਰ
ਮੈਂ ਉਸੇ ਕੰਮ ਤੇ ਜਾ ਹਾਜਿਰ ਹੁੰਦਾ।
ਪਿੰਡ ਦੀਆਂ ਸੱਥਾਂ ‘ਚ ਖੁੰਢਾ ਤੇ
ਖਨਕਦੇ ਹਾਸਿਆਂ ਦੀ ਥਾਂ
ਹਾੜ੍ਹੀ ਸਾਉਣੀ
ਮੰਡੀ ‘ਚ ਬੇਲਚਾ ਵਾਹੁੰਦਿਆਂ
ਪਤਾ ਨਹੀਂ ਕਦੋਂ
ਮਿੰਦੇ ਠੇਕੇਦਾਰ ਦੀਆਂ ਅੱਖਾਂ
ਮੇਰੇ ਪਿੰਡੇ ਤੇ ਭਾਦੋਂ ਦੀ ਪਿੱਤ ਵਾਂਗ
ਖੁੱਭ ਜਾਂਦੀਆਂ,
ਤੇ ਮੈਂ ਪ੍ਰੇਸ਼ਾਨ ਹੋ ਉੱਠਦਾ।
ਸ਼ਾਇਦ ਇਹ ਮੇਰਾ ਸਿਰੜ ਸੀ
ਜਾਂ ਮੇਰੀ ਮਜਬੂਰੀ
ਜਾਂ ਮਾਂ ਦੀਆਂ ਦੁਆਵਾਂ
ਜਾਂ ਬਾਪੂ ਦੀ ਮੋਹ ਭਰੀ ਝਿੜਕ
ਜਾਂ ਪਿੰਡ ਦੇ ਸਕੂਲ ਦੇ
ਮਾਸਟਰ ਦੇ ਮੂੰਹੋਂ ਸੁਣੇ
ਕੰਮੀ ਕਮੀਣ ਵਰਗੇ ਸੰਬੋਧਨ
ਕਿ ਕਿਰਤ ਦਾ ਲੜ੍ਹ ਫੜ
ਜ਼ਿਂੰਦਗੀ ਦੀ ਦੁਸ਼ਵਾਰੀਆਂ ਨੂੰ
ਆਪਣੇ ਅੰਗ ਸੰਗ
ਹੰਢਾਉਣਾ ਸਿੱਖ ਗਿਆ।
ਤੇ ਆਖਿਰ ਮੈਂ ਚਾਰ ਛਿੱਲੜਾਂ ਦੀ
ਪੱਕੀ ਨੌਕਰੀ ਜੋਗਾ ਹੋ ਗਿਆ।
ਜ਼ਿੰਦਗੀ ਦੀ ਸਿਤਮ ਜ਼ਰੀਫੀ ਦੇਖੋ
ਇਸ ਪੱਥਰਾਂ ਦੇ ਸ਼ਹਿਰ ਵਿੱਚ
ਆਪਣੀ ਜ਼ਿੰਮੇਵਾਰੀਆਂ ਨਾਲ ਦੋ ਚਾਰ ਹੁੰਦਿਆਂ
ਸੁਆਰਥਾਂ ਦੇ ਧੂੰਏਂ ਨਾਲ ਧੁਆਂਖੇ
ਗਿਰਗਿਟਾਂ ਵਰਗੇ ਯਾਰ ਮਿਲੇ
ਸਾਂਝਾ ਦੇ ਸੁਪਨਿਆਂ ਦੀ ਥਾਂ
ਲਾਰਿਆਂ ਦੇ ਹਾਰ ਮਿਲੇ।
ਕਈ ਵਾਰ ਸੋਚਦਾ ਹਾਂ
ਜੇ ਇਹ ਅੱਖਰਾਂ ਨਾਲ ਮੋਹ ਨਾ ਪੈਂਦਾ
ਅਣਜੰਮੇ ਮੋਏ ਸੁਪਨਿਆਂ ਤੇ
ਮਨ ਦੀ ਪੀੜ ਨੇ ਜੇ
ਕਵਿਤਾ ਦੀ ਉੰਗਲ਼ ਨਾ ਫੜੀ ਹੁੰਦੀ
ਹੋ ਸਕਦਾ ਹੈ ਮੇਰੀ ਹੋਂਦ ਤਿੜਕ ਗਈ ਹੁੰਦੀ
ਮੈਂ ਜੋ ਅੱਜ ਹਾਂ
ਉਹ ਨਾ ਹੁੰਦਾ
ਸਿਵਿਆਂ ‘ਚ
ਪਿੱਤਰਾਂ ਦੀ ਸਵਾਹ ਸੰਗ
ਸਵਾਹ ਬਣ ਰਲ਼ ਗਿਆ ਹੁੰਦਾ।
ਨਿੱਤ ਦੀਆਂ
ਇਹ ਸਭ ਦੁਸ਼ਵਾਰੀਆ ‘ਚ ਵੀ
ਬੀਵੀ ਦੀ ਮੁਸਕੁਰਾਹਟ
ਪੁੱਤਰਾਂ ਦੀਆਂ ਉਮੀਦਾਂ ਤੇ ਮੋਹ ਨੇ
ਮੈਂਨੂੰ ਕਦੀ ਕਮਜ਼ੋਰ ਨਹੀਂ ਪੈਣ ਦਿੱਤਾ।
ਐ ਜ਼ਿੰਦਗੀ ਮੈ ਤੇਰੇ ਨਾਲ ਨਰਾਜ਼ ਨਹੀਂ
ਬਸ ਮੇਰੇ ਅੰਗ ਸੰਗ ਰਹੀਂ ਤਾਂ ਜੋ
ਹਵਾ ‘ਚ ਕੋਈ ਇਬਾਰਤ ਲਿਖ ਜਾਵਾਂ।
ਉਂਝ, ਪਤਾ ਨਹੀਂ
ਮੈਂ ਆਪਣੇ ਪਿੰਡ ਵੱਲ
ਵਾਰ ਵਾਰ ਕਿਉਂ ਮੁੜਦਾ ਹਾਂ
ਮੇਰੀ ਚੇਤਨਾ ਦੇ ਧਰਾਤਲ ਤੋਂ
ਇਹ ਕਦੀ ਮਨਫੀ ਨਹੀਂ ਹੁੰਦਾ।
ਜਗਤਾਰ ਸਿੰਘ ਹਿੱਸੋਵਾਲ
# 98783-30324 #
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly