ਅੱਧ-ਅਧੂਰੇ ਕਦੇ ਨਾ ਪੂਰੇ !

(ਜਸਪਾਲ ਜੱਸੀ)
(ਸਮਾਜ ਵੀਕਲੀ)-ਅੱਧੇ ਅਧੂਰੇ ਕੰਮ ਦੀ ਜਾਣਕਾਰੀ ਤਾਂ ਸਮਾਜ ਨੂੰ ਤੰਗ ਕਰਦੀ ਹੀ ਹੈ ਪਰ ਜਦੋਂ ਅੱਧ-ਅਧੂਰੇ ਇਤਿਹਾਸ ਦੀ ਜਾਣਕਾਰੀ ਜਦੋਂ ਅਸੀਂ ਸਮਾਜ ਵਿਚ ਲੈ ਕੇ ਜਾਂਦੇ ਹਾਂ ਤਾਂ ਇਹ ਸਮਾਜ ਲਈ ਹੋਰ ਵੀ ਖ਼ਤਰਨਾਕ ਤੇ ਘਾਤਕ ਹੋ ਜਾਂਦੀ ਹੈ।
                   ਇਤਿਹਾਸਕ/ਮਿਥਿਹਾਸਕ ਪਾਤਰਾਂ ਦੀ ਜਾਣਕਾਰੀ ਜਦੋਂ ਅਣਸਿਖੀਆ ਮਨੁੱਖ/ ਲੇਖਕ ਪੇਸ਼ ਕਰਦਾ ਹੈ ਉਹ ਉਸ ਦੇ ਸਿੱਟਿਆਂ ਤੋਂ ਵਾਕਿਫ਼ ਨਹੀਂ ਹੁੰਦਾ। ਕਈ ਵਾਰ ਤਾਂ ਉਹ ਇਹ ਕੰਮ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ, ਕਿਸੇ ਇੱਕ ਕਾਰਨ ਕਰਕੇ ਉਦਾਰਵਾਦੀ ਹੋ ਕੇ ਕਰਦਾ ਹੈ ਪਰ ਜਦੋਂ ਉਹ ਇਸ ਨੂੰ ਸੁਚੇਤ ਪੱਧਰ ਤੇ ਕਰਦਾ ਹੈ ਤਾਂ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ। ਹਾਲਾਂ ਕਿ ਉਸ ਦਾ ਦੰਭ ਲੋਕਾਂ ਨੂੰ ਪਤਾ ਹੁੰਦਾ ਹੈ।
ਪਿਛਲੇ ਦਿਨਾਂ ਵਿਚ ਕੁਝ ਇਤਿਹਾਸਕ ਤੇ ਆਜ਼ਾਦੀ ਘੁਲਾਟੀਆਂ ਬਾਰੇ ਪੜ੍ਹ ਰਿਹਾ ਸੀ ਉਹਨਾਂ ਨੂੰ ਅਣਸਿਖੀਏ ਕੱਚ ਘਰੜ ਬੰਦੇ ਇਸ ਤਰ੍ਹਾਂ ਪੇਸ਼ ਕਰ ਰਹੇ ਸਨ ਜਿਵੇਂ ਉਹ ਉਹਨਾਂ ਨਾਲ ਵਿਚਰੇ ਹੋਣ। ਭਾਸ਼ਾ,ਧਰਮ, ਜਾਤੀ ਤੇ ਇਲਾਕੇ ਦੀ ਮਰਿਆਦਾ ਉਹਨਾਂ ਛਿੱਕੇ ਉੱਪਰ ਟੰਗੀ ਹੋਈ ਸੀ।
ਅਸਲ ਵਿਚ ਕੁਝ ਲੋਕ ਇਤਿਹਾਸਕ/ ਮਿਥਿਹਾਸਕ ਪਾਤਰਾਂ ਦੀਆਂ ਕਮੀਆਂ ਵਾਲੀਆਂ ਗੱਲਾਂ ਦੀ ਜ਼ਿਆਦਾ ਪੜਚੋਲ ਕਰ ਰਹੇ ਸਨ ਜਦੋਂ ਕਿ ਉਹ ਉਹਨਾਂ ਵਿਚ ਨਾਂਮਾਤਰ ਹੀ ਸਨ ਪਰ ਉਹਨਾਂ ਦੇ ਸਮਾਜ ਪ੍ਰਤੀ ਕੀਤੇ ਕੰਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ। ਭਾਵੇਂ ਇਸ ਨਾਲ ਸੰਜਮੀ ਤੇ ਸਮਾਜ ਪ੍ਰਤੀ ਸੁਹਿਰਦ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ ਪਰ ਸਾਧਾਰਨ ਲੋਕ/ਪਾਠਕ ਇਸ ਦਾ ਪ੍ਰਭਾਵ ਵੀ ਕਬੂਲ ਲੈਂਦੇ ਹਨ। ਜਦੋਂ ਉਹ ਉਸੇ ਗੱਲ ਨੂੰ ਆਪਣੇ ਤਰੀਕੇ ਨਾਲ ਅੱਗੇ ਆਪਣੇ ਆਲੇ ਦੁਆਲੇ ਦੇ ਸਮਾਜ ਵਿਚ ਮਸਾਲਾ ਲਾ ਕੇ ਪੇਸ਼ ਕਰਦੇ ਹਨ ਤਾਂ ਇਸ ਦੇ ਨਤੀਜੇ ਹਾਂ ਪੱਖੀ ਨਹੀਂ ਨਿਕਲਦੇ। ਇਹੀ ਸਾਡੇ ਸਮਾਜ ਦੀ ਸਭ ਤੋਂ ਵੱਡੀ ਘਾਟ ਬਣ ਜਾਂਦੀ ਹੈ। ਇਹ ਹੀ ਅੱਗੇ ਜਾ ਕੇ ਕੌਮਾਂ, ਜਾਤੀਆਂ, ਧਰਮਾਂ ਵਿਚ ਲੜਾਈ ਦਾ ਆਧਾਰ ਬਣ ਜਾਂਦੀ ਹੈ।
ਇਸ ਤਰ੍ਹਾਂ ਦੀ ਘਾਟ ਦੂਜੇ ਸਮਾਜਾਂ,ਪ੍ਰਦੇਸਾਂ, ਜਾਤੀਆਂ ਤੇ ਧਰਮਾਂ ਵਿਚ ਵੀ ਹੋਵੇਗੀ ਪਰ ਸਾਡੇ ਪੰਜਾਬੀ ਸਮਾਜ ਵਿਚ ਇਹ ਪੂਰਨ ਰੂਪ ਵਿਚ ਘਰ ਕਰ ਚੁੱਕੀ ਹੈ। ਭਾਵੇਂ ਇਸ ਬਾਰੇ ਭਾਈ ਗੁਰਦਾਸ ਜੀ ਨੇ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਕਿਹਾ ਹੈ,*ਬੁਰਾ ਨਾ ਕੋਈ ਯੁਧਿਸ਼ਟਰੇ ਦੁਰਯੋਧਨ ਕੋ ਭਲਾ ਨਾ ਦੇਖੇ*
ਇਹ ਸਾਡੀ ਅੱਖ਼ ਉੱਪਰ ਵੀ ਨਿਰਭਰ ਕਰਦਾ ਹੈ ਅਸੀਂ ਕਿਸੇ ਗੱਲ ਨੂੰ ਕਿਸ ਨਜ਼ਰੀਏ ਨਾਲ ਲੈਂਦੇ ਹਾਂ। ਇਸ ਬਾਰੇ ਭਾਵੇਂ ਸਾਨੂੰ ਗੁਰਬਾਣੀ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਸੁਚੇਤ ਕਰਦੀ ਹੈ,
*ਗੁਣਾਂ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ
ਜੇ ਗੁਣ ਹੋਵਣ ਸਾਜਣਾ ਮਿਲ ਸਾਝ ਕਰੀਜੈ*
                          ਕੋਸ਼ਿਸ਼ ਤਾਂ ਰਹਿੰਦੀ ਹੈ ਕਿ ਗੁਣਾਂ ਦੇ ਵਾਸੁਲੇ ( ਡੱਬੇ) ਦੇ ਵਿੱਚੋਂ ਗੁਣ ਹੀ ਚੁਰਾਏ ਜਾਣ।‌ਸਾਰੇ ਸੱਜਣਾਂ, ਮਿੱਤਰਾਂ ਪਿਆਰਿਆਂ ਤੋਂ ਉਹਨਾਂ ਦੀਆਂ ਚੱਜ ਦੀਆਂ ਗੱਲਾਂ ਗ੍ਰਹਿਣ ਕਰ ਲਈਆਂ ਜਾਣ ਪਰ ਸੋਸ਼ਲ ਮੀਡੀਆ ‘ਤੇ ਬਣੀ ਮਿੱਤਰਾਂ ਦੀ ਭੀੜ, ਕੀ ਕੁਝ ਲਿਖਦੀ ਹੈ, ਬੋਲਦੀ ਕਈ ਵਾਰ ਪੜ੍ਹ,ਸੁਣ ਕੇ ਹੈਰਾਨੀ ਵੀ ਹੁੰਦੀ ਹੈ,ਜਦੋਂ ਉਹ ਇਤਿਹਾਸ ਤੇ ਮਿਥਿਹਾਸ ਦੇ ਪਾਤਰਾਂ ਦੀਆਂ  ਕੇਵਲ ਸੰਗਤੀਆਂ ਘਾਟਾਂ ਦੀ ਹੀ ਨਜ਼ਰਸਾਨੀ ਕਰਦੇ ਹਨ।
ਕਰੋ ਪਰ ਮਰਿਆਦਾ ਵਿਚ ਰਹਿ ਕੇ। ਘਾਟਾਂ/ਵਿਸੰਗਤੀਆਂ ਦੀ ਨਜ਼ਰਸਾਨੀ ਇਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਸ ਨਾਲ ਕੌਮਾਂ,ਜਾਤਾਂ ਤੇ ਧਰਮਾਂ ਵਿੱਚ ਕੋਈ ਕਲੈਸ਼ ਨਾ ਹੋ ਜਾਵੇ।
ਇਹੀ ਦਿਆਨਤਦਾਰੀ ਤੇ ਸੱਭਿਅਕ ਮਨੁੱਖ ਦੀ ਨਿਸ਼ਾਨੀ ਹੈ।
 ਪਿਛਲੇ ਦਿਨਾਂ ਵਿਚ ਇੱਕ ਬਹੁਤ ਵੱਡੇ ਸਨਮਾਨਿਤ ਲੇਖਕ ਵੱਲੋਂ ਜਦੋਂ ਧਾਰਮਿਕ ਟਿੱਪਣੀ ਕੀਤੀ ਗਈ ਮੈਂ ਹੈਰਾਨ ਸਾਂ ਕਿ ਉਸ ਵੱਲੋਂ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ।
ਉਸ ਤੋਂ ਤਾਂ ਕੀ ਨੌ ਸਿੱਖੀਏ ਤੇ ਕੱਚ ਘਰੜ ਲੇਖਕ ਤੋਂ ਵੀ ਇਸ ਤਰ੍ਹਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ।
ਸੰਸਾਰ ਦੀ ਗਹਿਰਾਈ ਸਮੁੰਦਰ ਦੀ ਗਹਿਰਾਈ ਤੋਂ ਵੀ ਡੂੰਘੀ ਹੈ।
ਹਰੇਕ ਵਿਅਕਤੀ ਦੇ ਆਪਣੇ ਵਚਨ ਤੇ ਪ੍ਰਵਚਨ ਹਨ। ਤੁਹਾਡਾ ਇੱਕ ਵਚਨ ਕਿਸੇ ਦਾ ਦਿਲ ਦੁਖਾ ਸਕਦਾ ਹੈ ਤੇ ਇੱਕ ਹੀ ਵਚਨ ਲੋਕਾਂ ਨੂੰ ਜ਼ਿੰਦਗੀ ਦੀ ਨਵੀਂ ਦਿਸ਼ਾ ਪ੍ਰਦਾਨ ਕਰ ਸਕਦਾ ਹੈ।
ਸੋ ਇਤਿਹਾਸ/ਮਿਥਿਹਾਸ ਤੇ ਸਮਾਜਿਕ ਪੱਖ ਨਸ਼ਰ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਇਸ ਦਾ ਸਮਾਜ ਉੱਪਰ ਕੀ ਅਸਰ ਹੋਵੇਗਾ ?
ਧੰਨਵਾਦ ਪਿਆਰਿਓ !
(ਜਸਪਾਲ ਜੱਸੀ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,      *ਹਾੜੇ ਪੜ੍ਹਿਓ ਜਰੂਰ ਜੀ…*
Next articleSamaj Weekly = 28/03/2024