(ਸਮਾਜ ਵੀਕਲੀ)
ਕਿਸਾਨਾਂ ਦੇ ਸੰਘਰਸ਼ ਦੀ ਅੱਜ ਪੂਰੀ ਦੁਨੀਆ ਵਿੱਚ ਚਰਚਾ ਹੈ।ਉਸ ਤੋਂ ਵੀ ਵੱਧ ਪੰਜਾਬ ਦੇ ਕਿਸਾਨਾਂ ਦੀ ਦੁਨੀਆ ਭਰ ਵਿੱਚ ਸਿਫ਼ਤ ਹੋ ਰਹੀ ਹੈ। ਉਹਨਾਂ ਦੀ ਤਾਕਤ, ਜਜ਼ਬੇ ਅਤੇ ਸਿਰੜ ਦੇ ਅੱਗੇ ਸਰਕਾਰਾਂ ਨੇ ਵੀ ਲੋਹਾ ਮੰਨ ਲਿਆ ਹੈ। ਕਿੰਨੇ ਸਬਰ ਨਾਲ ਉਹਨਾਂ ਨੇ ਸੰਘਰਸ਼ ਦੌਰਾਨ ਆਈਆਂ ਔਕੜਾਂ ਆਪਣੇ ਤੇ ਹੰਢਾਈਆਂ ਹਨ।ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਉਹਨਾਂ ਨੇ ਕਿੰਨੀ ਬਹਾਦਰੀ ਨਾਲ ਸਾਹਮਣਾ ਕੀਤਾ। ਇੱਕ ਨਵਾਂ ਇਤਿਹਾਸ ਸਿਰਜਿਆ ਗਿਆ। ਪਹਿਲਾਂ ਜਿਹੜੀਆਂ ਤਾਕਤਾਂ ਦੀਆਂ ਬਾਤਾਂ ਇਤਿਹਾਸ ਵਿੱਚ ਪੜ੍ਹੀਆਂ ਸਨ ਉਹ ਅੱਜ ਦੀ ਪੀੜ੍ਹੀ ਨੇ ਪ੍ਰਤੱਖ ਰੂਪ ਵਿੱਚ ਵੇਖੀਆਂ। ਇਹ ਉਸੇ ਪੰਜਾਬ ਦੀ ਗੱਲ ਹੋ ਰਹੀ ਹੈ ਜਿਸ ਨੂੰ ਦੁਨੀਆ ਨਸ਼ੇੜੀਆਂ ਦਾ ਪੰਜਾਬ ਕਹਿਕੇ ਵੀ ਬਦਨਾਮ ਕਰ ਰਹੀ ਹੈ।
ਸਿਆਣੇ ਕਹਿੰਦੇ ਹਨ ਕਿ ਜਿੱਥੇ ਅੱਗ ਲੱਗਦੀ ਹੈ ਧੂੰਆਂ ਉੱਥੇ ਹੀ ਨਿਕਲਦਾ ਹੈ।ਜੇ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ,ਜੇ ਨੌਜਵਾਨਾਂ ਵਿੱਚ ਨਸ਼ੇ ਲੈਣ ਦਾ ਰੁਝਾਨ ਵਧ ਰਿਹਾ ਹੈ ਤਾਂ ਹੀ ਤਾਂ ਉਹਨਾਂ ਬਾਰੇ ਗੱਲਾਂ ਹੋ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਪੰਜ ਆਬ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ।ਇਸ ਦਰਿਆ ਨੂੰ ਠੱਲ੍ਹ ਕਿਸ ਨੇ ਪਾਉਣੀ ਹੈ? ਇਹ ਪੰਜਾਬ ਦੇ ਸਾਰੇ ਵਾਸੀਆਂ ਦਾ ਮਸਲਾ ਹੈ ,ਸੋ ਇਸ ਨੂੰ ਠੱਲ੍ਹ ਪਾਉਣ ਦਾ ਜ਼ਿੰਮਾ ਵੀ ਪੰਜਾਬ ਦੇ ਵਾਸੀਆਂ ਦਾ ਹੀ ਹੈ। ਅੱਜ ਹਰ ਮਾਂ-ਬਾਪ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਿਆ ਜਾਵੇ।ਇਸ ਦੀ ਖਾਤਰ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਿਸ ਵਿੱਚੋਂ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਭੇਜਣਾ ਮੁੱਖ ਹੈ। ਜਿਹੜੇ ਮਾਪੇ ਬੱਚਿਆਂ ਨੂੰ ਵਿਦੇਸ਼ ਨਹੀਂ ਭੇਜ ਸਕਦੇ ਉਹਨਾਂ ਵਿੱਚੋਂ ਜੋ ਬੱਚੇ ਪੜ੍ਹ ਲਿਖ ਵੀ ਜਾਂਦੇ ਹਨ ਉਹਨਾਂ ਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲਦੀ। ਨੌਕਰੀ ਨਾ ਮਿਲਣ ਕਰਕੇ ਅਤੇ ਮਾਪਿਆਂ ਦੀਆਂ ਆਸਾਂ ਤੇ ਪਾਣੀ ਫਿਰ ਜਾਣ ਕਾਰਨ ਬੱਚਿਆਂ ਵਿੱਚ ਮਾਨਸਿਕ ਤਣਾਓ ਵੱਧਦਾ ਹੈ ਜਿਸ ਕਰਕੇ ਬਹੁਤੇ ਨੌਜਵਾਨ ਨਸ਼ਿਆਂ ਦੇ ਦਰਿਆ ਵਿੱਚ ਗੋਤੇ ਖਾਣ ਲੱਗਦੇ ਹਨ।
ਸਾਡੇ ਸਮਾਜ ਵਿੱਚ ਵਿਚਰਦਿਆਂ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਬਹੁਤਿਆਂ ਘਰਾਂ ਵਿੱਚ ਵੱਡੇ ਬਜ਼ੁਰਗ ਪਹਿਲਾਂ ਹੀ ਨਸ਼ਿਆਂ ਦੇ ਆਦੀ ਹੁੰਦੇ ਹਨ। ਜਦ ਬੱਚਿਆਂ ਨੂੰ ਸ਼ੁਰੂ ਤੋਂ ਹੀ ਘਰਾਂ ਦਾ ਮਾਹੌਲ ਨਸ਼ਿਆਂ ਵਾਲ਼ਾ ਮਿਲਿਆ ਹੋਵੇ, ਜਿਹੜੇ ਬੱਚਿਆਂ ਦਾ ਸੁਰਤ ਸੰਭਾਲਦੇ ਹੀ ਇੱਕ ਸ਼ਰਾਬੀ ਬਾਪ ਦੀ ਗੋਦੀ ਵਿੱਚ ਬਚਪਨ ਬੀਤਿਆ ਹੋਵੇ, ਉਸ ਤੋਂ ਮਾਪੇ ਨਸ਼ਿਆਂ ਤੋਂ ਸਿਵਾਏ ਹੋਰ ਆਸ ਵੀ ਕੀ ਰੱਖ ਸਕਦੇ ਹਨ। ਉਹ ਬਾਪ ਨਸ਼ਿਆਂ ਬਾਰੇ ਕਿਸ ਮੂੰਹ ਨਾਲ ਕਿਵੇਂ ਆਪਣੇ ਬੱਚਿਆਂ ਨੂੰ ਸਮਝਾਏਗਾ? ਜੇ ਨਜ਼ਰ ਮਾਰੀਏ ਤਾਂ ਸਾਡੇ ਸਮਾਜ ਵਿੱਚ ਨਸ਼ਿਆਂ ਨਾਲ ਸਬੰਧਤ ਵੱਡਾ ਹਿੱਸਾ ਪੇਂਡੂ ਖੇਤਰਾਂ ਵਿੱਚੋਂ ਆਉਂਦਾ ਹੈ। ਖੇਤਾਂ ਵਿੱਚ ਸਰੀਰਕ ਤੌਰ ਤੇ ਸਖ਼ਤ ਮਿਹਨਤ ਕਰਨ ਕਰਕੇ ਆਪਣੀ ਥਕਾਵਟ ਦੂਰ ਕਰਨ ਲਈ ਦਵਾਈ ਦੇ ਤੌਰ ਤੇ ਥੋੜ੍ਹਾ ਥੋੜ੍ਹਾ ਲਿਆ ਨਸ਼ਾ ਕਦ ਆਦਤ ਬਣ ਜਾਂਦਾ ਹੈ,ਇਸ ਗੱਲ ਦਾ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਦਾ।
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਨਸ਼ਿਆਂ ਦੀ ਤਸਕਰੀ ਦੀਆਂ ਘਟਨਾਵਾਂ ਵੀ ਦਿਨ-ਬ-ਦਿਨ ਵਧ ਰਹੀਆਂ ਹਨ।ਜਿਸ ਕਰਕੇ ਪਿੰਡਾਂ ਵਿੱਚ ਨਸ਼ਿਆਂ ਦੀ ਸਪਲਾਈ ਬਹੁਤ ਆਸਾਨੀ ਨਾਲ ਹੋ ਰਹੀ ਹੈ ਅਤੇ ਵਰਤੋਂ ਵੀ ਬਹੁਤ ਵਧ ਰਹੀ ਹੈ। ਪਹਿਲਾਂ ਤਾਂ ਸਿਰਫ਼ ਨਸ਼ਿਆਂ ਦੀ ਸੀਮਾ ਸ਼ਰਾਬ, ਅਫ਼ੀਮ ਅਤੇ ਡੋਡਿਆਂ ਤੱਕ ਹੀ ਸੀਮਤ ਹੁੰਦੀ ਸੀ ਪਰੰਤੂ ਅੱਜ ਦੀ ਨੌਜਵਾਨ ਪੀੜ੍ਹੀ ਜਾਅਲੀ (ਸਿੰਥੈਟਿਕ) ਨਸ਼ਿਆਂ ਦਾ ਸੇਵਨ ਕਰਨ ਦੀ ਆਦੀ ਹੋ ਰਹੀ ਹੈ। ਇਹਨਾਂ ਵਿੱਚ ਹੈਰੋਇਨ,ਸਮੈਕ ਅਤੇ ਨਸ਼ਿਆਂ ਦੀਆਂ ਗੋਲੀਆਂ ਅਤੇ ਟੀਕੇ ਸ਼ਾਮਲ ਹੁੰਦੇ ਹਨ ਜੋ ਸਿੱਧਾ ਹੀ ਮੌਤ ਦੇ ਮੂੰਹ ਵਿੱਚ ਸੁੱਟਦੇ ਹਨ। ਅੱਜ ਕੱਲ੍ਹ ਕੋਈ ਵਿਰਲਾ ਹੀ ਦਿਨ ਭਾਗਾਂ ਵਾਲਾ ਹੁੰਦਾ ਹੈ ਜਿਸ ਦਿਨ ਨਸ਼ਿਆਂ ਨਾਲ ਕੋਈ ਮੌਤ ਨਹੀਂ ਹੁੰਦੀ। ਘਰ ਘਰ ਵਿੱਚ ਨਸ਼ਾ ਪਹੁੰਚਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਜ਼ਬਰਦਸਤੀ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ। ਇਸ ਸਭ ਦੇ ਪਿੱਛੇ ਸਮਾਜ ਵਿਰੋਧੀ ਅਨਸਰਾਂ ਨੇ ਜਾਲ਼ ਵਿਛਾਇਆ ਹੋਇਆ ਹੈ।ਇਹ ਜਾਲ਼ ਕਿਸ ਨੇ ਤੋੜਨਾ ਹੈ? ਆਮ ਵਰਗ ਇਸ ਦਾ ਸ਼ਿਕਾਰ ਹੋ ਰਿਹਾ ਹੈ,ਸੋ ਆਮ ਲੋਕਾਂ ਨੂੰ ਹੀ ਬੀੜਾ ਚੁੱਕਣਾ ਪਵੇਗਾ।
ਇਹ ਗੱਲ ਧਿਆਨ ਗੋਚਰੇ ਰੱਖੋ ਕਿ ਉਹੀ ਕਿਸਾਨ , ਮਜ਼ਦੂਰ ਅਤੇ ਪੇਂਡੂ ਵਰਗ ਇਸ ਕੋਹੜ ਦੀ ਬਿਮਾਰੀ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਿਸ ਨੇ ਐਨੀ ਹਿੰਮਤ ਕਰਕੇ ਮੋਰਚਾ ਫ਼ਤਿਹ ਕੀਤਾ ਹੈ।ਤੁਹਾਡੇ ਕੋਲ ਐਨਾ ਵੱਡਾ ਸੰਘਰਸ਼ ਜਿੱਤਣ ਲਈ ਤਾਕਤ ਹੈ, ਏਕਾ ਹੈ । ਹੁਣ ਲੋੜ ਹੈ ਆਪਣੀ ਉਹੀ ਤਾਕਤ ਇਸ ਗੋਰਖ ਧੰਦੇ ਦੇ ਖਿਲਾਫ ਵਰਤਣ ਦੀ, ਹਿੰਮਤ ਦਿਖਾ ਕੇ ਉਹਨਾਂ ਤਸਕਰਾਂ ਦਾ ਵਿਰੋਧ ਕਰਨ ਦੀ। ਆਪਣੇ ਆਪਣੇ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕਰਕੇ , ਉਹਨਾਂ ਖਿਲਾਫ ਕਾਰਵਾਈਆਂ ਕਰੋ।ਜੇ ਤੁਸੀਂ ਰਾਜਿਆਂ ਨੂੰ ਈਨ ਮੰਨਣ ਲਈ ਮਜ਼ਬੂਰ ਕਰ ਸਕਦੇ ਹੋ ਤਾਂ ਇਹ ਤਸਕਰਾਂ ਨੂੰ ਕਿਉਂ ਨਹੀਂ?ਉੱਠੋ! ਜਾਗੋ! ਜਿਵੇਂ ਮੋਰਚਾ ਫ਼ਤਿਹ ਕੀਤਾ ਹੈ ਉਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਹੰਭਲਾ ਮਾਰ ਕੇ ਇਹ ਮੋਰਚਾ ਵੀ ਫਤਿਹ ਕਰੋ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly