ਆਰੀਅਨ ਦੀ ਰਿਹਾਈ ਲਈ ਐਨਸੀਬੀ ਅਧਿਕਾਰੀ ਅਤੇ ਹੋਰਾਂ ਨੇ 25 ਕਰੋੜ ਮੰਗੇ: ਗਵਾਹ

Aryan Khan(photo:instagram)

ਮੁੰਬਈ (ਸਮਾਜ ਵੀਕਲੀ) : ਮੁੰਬਈ ਵਿਚ ਕਰੂਜ਼ ’ਚੋਂ ਮਿਲੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਇਕ ਆਜ਼ਾਦ ਗਵਾਹ ਨੇ ਅੱਜ ਦਾਅਵਾ ਕੀਤਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਅਧਿਕਾਰੀ ਤੇ ਕੁਝ ਹੋਰਨਾਂ ਨੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਗ੍ਰਿਫ਼ਤਾਰ ਪੁੱਤਰ ਆਰੀਅਨ ਖਾਨ ਨੂੰ ਰਿਹਾਅ ਕਰਨ ਲਈ 25 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਾਮਲੇ ਵਿਚ ਗਵਾਹ ਪ੍ਰਭਾਕਰ ਸੈਲ ਨੇ ਮੀਡੀਆ ਨੂੰ ਦੱਸਿਆ ਕਿ ਐਨਸੀਬੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸ ਕੋਰੇ ਕਾਗਜ਼ਾਂ ਉਤੇ ਹਸਤਾਖ਼ਰ ਕਰਨ ਲਈ ਵੀ ਕਿਹਾ। ਹਾਲਾਂਕਿ ਐਨਸੀਬੀ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ‘ਪੂਰੀ ਤਰ੍ਹਾਂ ਝੂਠੇ ਤੇ ਮੰਦਭਾਵਨਾ ਤੋਂ ਪ੍ਰੇਰਿਤ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਏਜੰਸੀ ਨੇ ਕਰੂਜ਼ ’ਤੇ ‘ਨਸ਼ਿਆਂ’ ਦਾ ਪਰਦਾਫਾਸ਼ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਵਿਚ ਤਿੰਨ ਅਕਤੂਬਰ ਨੂੰ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰੀਅਨ ਇਸ ਵੇਲੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਹੈ। ਹਾਲ ਹੀ ਵਿਚ ਪੁਣੇ ਪੁਲੀਸ ਨੇ ਇਸ ਮਾਮਲੇ ਵਿਚ ਐਨਸੀਬੀ ਦੇ ਇਕ ਗਵਾਹ ਕੇ.ਪੀ. ਗੋਸਾਵੀ ਖ਼ਿਲਾਫ਼ ਲੁੱਕਆਊਟ ਨੋਟਿਸ ਕੱਢਿਆ ਸੀ ਜੋ ਸਾਲ 2018 ਦੇ ਧੋਖਾਧੜੀ ਦੇ ਮਾਮਲੇ ਵਿਚ ਕਥਿਤ ਤੌਰ ’ਤੇ ਲੋਕਾਂ ਨੂੰ ਵਿਦੇਸ਼ ਵਿਚ ਨੌਕਰੀ ਦਾ ਲਾਲਚ ਦਿੰਦਾ ਸੀ। ਸੈਲ ਨੇ ਦੋਸ਼ ਲਾਇਆ ਕਿ ਐਨਸੀਬੀ ਦੇ ਅਧਿਕਾਰੀ, ਗੋਸਾਵੀ ਤੇ ਸੈਮ ਡਿਸੂਜ਼ਾ ਨਾਂ ਦੇ ਇਕ ਹੋਰ ਵਿਅਕਤੀ ਨੇ ਸ਼ਾਹਰੁਖ ਖਾਨ ਤੋਂ ਉਨ੍ਹਾਂ ਦੇ ਬੇਟੇ ਨੂੰ ਛੱਡਣ ਬਦਲੇ 25 ਕਰੋੜ ਰੁਪਏ ਮੰਗੇ ਸਨ। ਸੈਲ, ਗੋਸਾਵੀ ਦੇ ਬਾਡੀਗਾਰਡ ਵਜੋਂ ਕੰਮ ਕਰਦਾ ਸੀ ਤੇ ਛਾਪੇ ਵਾਲੀ ਰਾਤ ਉਸ ਦੇ ਨਾਲ ਸੀ। ਉਸ ਨੇ ਦਾਅਵਾ ਕੀਤਾ ਕਿ ਆਰੀਅਨ ਨੂੰ ਐਨਸੀਬੀ ਦੇ ਦਫ਼ਤਰ ਲਿਆਂਦੇ ਜਾਣ ਤੋਂ ਬਾਅਦ ਗੋਸਾਵੀ ਨੇ ਡਿਸੂਜ਼ਾ ਨਾਲ ਮੁਲਾਕਾਤ ਕੀਤੀ।

ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਗੋਸਾਵੀ ਨੂੰ ਫੋਨ ਉਤੇ ਡਿਸੂਜ਼ਾ ਨਾਲ 25 ਕਰੋੜ ਰੁਪਏ ਦੀ ਮੰਗ ਦੇ ਬਾਰੇ ਗੱਲ ਕਰਦਿਆਂ ਸੁਣਿਆ ਸੀ ਤੇ ਮਾਮਲਾ 18 ਕਰੋੜ ਉਤੇ ਤੈਅ ਹੋਇਆ ਸੀ ਕਿਉਂਕਿ ਉਨ੍ਹਾਂ ‘ਅੱਠ ਕਰੋੜ ਰੁਪਏ ਸਮੀਰ ਵਾਨਖੇੜੇ ਨੂੰ ਦੇਣੇ ਸਨ।’ ਇਸੇ ਦੌਰਾਨ ਐਨਸੀਬੀ ਨੇ ਕਿਹਾ ਕਿ ਵਾਨਖੇੜੇ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਤੇ ਸੈਲ ਨੇ ਜੇ ਕੁਝ ਕਹਿਣਾ ਹੈ ਤਾਂ ਅਦਾਲਤ ਵਿਚ ਅਰਜ਼ੀ ਦੇਣੀ ਚਾਹੀਦੀ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਸੈਲ ਦਾ ਦਾਅਵਾ ‘ਬਹੁਤ ਗੰਭੀਰ’ ਹੈ ਤੇ ਉਨ੍ਹਾਂ ਇਸ ਦੀ ਜਾਂਚ ਐੱਸਆਈਟੀ ਤੋਂ ਕਰਾਉਣ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਗਵਾਹ ਤੋਂ ਕੋਰੇ ਕਾਗਜ਼ ਉਤੇ ਸਾਈਨ ਕਰਾਉਣਾ ਹੈਰਾਨ ਕਰਨ ਵਾਲਾ ਮਾਮਲਾ ਹੈ।

ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਸੀ ਕਿ ਇਹ ਮਾਮਲੇ ਮਹਾਰਾਸ਼ਟਰ ਨੂੰ ਬਦਨਾਮ ਕਰਨ ਲਈ ਬਣਾਏ ਗਏ ਹਨ ਤੇ ਜਾਪਦਾ ਹੈ ਕਿ ਇਹ ਹੁਣ ਸੱਚ ਸਾਬਿਤ ਹੋ ਰਿਹਾ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਦਾ ਬਚਾਅ ਕਰਦਿਆਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੁੰਬਈ ਪੁਲੀਸ ਦੇ ਕਮਿਸ਼ਨਰ ਕੋਲ ਪਹੁੰਚ ਕਰ ਕੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਅਣਪਛਾਤਿਆਂ ਵੱਲੋਂ ਕਾਨੂੰਨੀ ਕਾਰਵਾਈ ਦੀ ‘ਯੋਜਨਾ ਬਣਾਈ ਜਾ ਰਹੀ ਹੈ’, ਉਨ੍ਹਾਂ ਨੂੰ ਬਚਾਇਆ ਜਾਵੇ। ਵਾਨਖੇੜੇ ਨੇ ਕਿਹਾ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਡੇਂਗੂ ਹੋਇਆ
Next articleਬੇਅਦਬੀ ਕਾਂਡ: ਡੇਰੇ ਦੇ ਕੌਮੀ ਕਮੇਟੀ ਮੈਂਬਰਾਂ ਖ਼ਿਲਾਫ਼ ‘ਲੁੱਕ ਆਊਟ’ ਨੋਟਿਸ ਜਾਰੀ