ਜਲ ਸੈਨਾ ਦਿਵਸ: ਜਵਾਨਾਂ ਵੱਲੋਂ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ

ਵਿਸ਼ਾਖਾਪਟਨਮ (ਸਮਾਜ ਵੀਕਲੀ) : ਜਲ ਸੈਨਾ ਦਿਵਸ ਮੌਕੇ ਅੱਜ ਇੱਥੇ ਭਾਰਤੀ ਜਲ ਸੈਨਾ ਨੇ ਆਪਣੀ ਜੰਗੀ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਮੌਕੇ ਭਾਰਤ ਦੀ ਰਾਸ਼ਟਰਪਤੀ ਤੇ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ ਦਰੋਪਦੀ ਮੁਰਮੂ ਮੁੱਖ ਮਹਿਮਾਨ ਸਨ। ਜਲ ਸੈਨਾ ਦਿਵਸ ਪਹਿਲੀ ਵਾਰ ਦਿੱਲੀ ਤੋਂ ਬਾਹਰ ਇੱਥੇ ਰਾਮਕ੍ਰਿਸ਼ਨ ਬੀਚ (ਵਿਜ਼ਾਗ) ਉਤੇ ਮਨਾਇਆ ਗਿਆ। ਪਣਡੁੱਬੀਆਂ ਆਈਐੱਨਐੱਸ ਸਿੰਧੂਕੀਰਤੀ ਤੇ ਆਈਐੱਨਐੱਸ ਤਰੰਗਿਨੀ ਦੇ ਸੇਲਰਾਂ ਨੇ ਸਮਾਗਮ ਵਾਲੀ ਥਾਂ ਨੇੜਿਓਂ ਗੁਜ਼ਰਦਿਆਂ ਰਾਸ਼ਟਰਪਤੀ ਦਾ ਸਵਾਗਤ ਕੀਤਾ। ਨੇਵੀ ਕਮਾਂਡੋਜ਼ ਨੇ ਸੀਅ ਕਿੰਗ ਹੈਲੀਕੌਪਟਰ ਰਾਹੀਂ ਜ਼ਬਰਦਸਤ ਕਰਤੱਬ ਦਿਖਾਏ। ਇਸ ਤੋਂ ਬਾਅਦ ‘ਮਾਰਕੋਜ਼’ (ਮੈਰੀਨ ਕਮਾਂਡੋਜ਼) ਵੱਲੋਂ ਵੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਇਕ ਬਚਾਅ ਅਪਰੇਸ਼ਨ ਕਰ ਕੇ ਦਿਖਾਇਆ ਤੇ ਤੇਲ ਪਲੈਟਫਾਰਮ ਨੂੰ ਢਹਿ-ਢੇਰੀ ਕੀਤਾ। ਇਸੇ ਦੌਰਾਨ ਹਾਅਕ ਤੇ ਮਿੱਗ29ਕੇ ਜਹਾਜ਼ਾਂ ਨੇ ਵੀ ਹੈਰਤਅੰਗੇਜ਼ ਕਰਤੱਬ ਦਿਖਾਏ। ਜਲ ਸੈਨਾ ਦਿਵਸ ਮੌਕੇ ਮਿਜ਼ਾਈਲਾਂ ਨਾਲ ਲੈਸ ਜਲ ਸੈਨਾ ਦੇ ਜੰਗੀ ਬੇੜਿਆਂ ਆਈਐੱਨਐੱਸ ਖੰਜਰ, ਆਈਐੱਨਐੱਸ ਕਦਮਤ ਤੇ ਆਈਐੱਨਐੱਸ ਕਿਰਚ ਦਾ ਵੀ ਪ੍ਰਦਰਸ਼ਨ ਕੀਤਾ ਗਿਆ।

ਇਸ ਤੋਂ ਇਲਾਵਾ ਆਈਐੱਨਐੱਸ ਦਿੱਲੀ ਤੇ ਆਈਐੱਨਐੱਸ ਕੋਚੀ ਨੇ ਵੀ ਜਲ ਸੈਨਾ ਦਿਵਸ ਵਿਚ ਹਿੱਸਾ ਲਿਆ। ਜਲ ਸੈਨਾ ਦੇ ਹੈਲੀਕੌਪਟਰ ਚੇਤਕ ਤੇ ਵਿਕਸਿਤ ਹਲਕੇ ਹੈਲੀਕੌਪਟਰ ਏਐਲਐਚ ਮੈਕ-3 ਰਾਹੀਂ ਕਮਾਂਡੋਜ਼ ਨੇ ਵੱਖ-ਵੱਖ ਅਪਰੇਸ਼ਨ ਸਿਰੇ ਚੜ੍ਹਾ ਕੇ ਦਿਖਾਏ। ਚਾਰ ਹੈਲੀਕੌਪਟਰਾਂ ਨੇ ਸਮੁੰਦਰ ਵਿਚ ਜੰਗੀ ਬੇੜਿਆਂ ਉਤੇ ਸਟੀਕ ਲੈਂਡਿੰਗ ਕਰਕੇ ਦਿਖਾਈ। ਇਸ ਮੌਕੇ ਜੰਗੀ ਬੇੜਿਆਂ ਤੋਂ ਰਾਕੇਟ ਵੀ ਦਾਗੇ ਗਏ ਜੋ ਲੋਕਾਂ ਵਿਚ ਖਿੱਚ ਦਾ ਕੇਂਦਰ ਬਣੇ। ਜਲ ਸੈਨਾ ਦੇ ਜਹਾਜ਼ਾਂ ਨੇ ਇਸ ਮੌਕੇ ਫਲਾਈ-ਪਾਸਟ ਵੀ ਕੀਤਾ। ਸਕਾਈਡਾਈਵਰ ਅਨੂੁਪ ਸਿੰਘ ਨੇ ਉੱਡਦੇ ਜਹਾਜ਼ ਤੋਂ ਛਾਲ ਮਾਰ (ਫਰੀ ਫਾਲ) ਰਾਸ਼ਟਰਪਤੀ ਨੂੰ ‘ਹਿਸਟਰੀ ਆਫ ਇੰਡੀਅਨ ਨੇਵੀ’ ਕਿਤਾਬ ਭੇਂਟ ਕੀਤੀ। ਉੱਘੀ ਸੰਗੀਤਕਾਰ ਤਿਕੜੀ ਸ਼ੰਕਰ-ਅਹਿਸਾਨ-ਲੌਏ ਵੱਲੋਂ ਸੰਗੀਤਬੱਧ ਕੀਤਾ ਤੇ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਵੱਲੋਂ ਵਿਸ਼ੇਸ਼ ਤੌਰ ’ਤੇ ਜਲ ਸੈਨਾ ਲਈ ਲਿਖਿਆ ਗੀਤ ਇਸ ਮੌਕੇ ਰਿਲੀਜ਼ ਕੀਤਾ ਗਿਆ।

ਸ਼ੰਕਰ ਮਹਾਦੇਵਨ ਨੇ ਇਸ ਮੌਕੇ ਅਹਿਸਾਨ ਤੇ ਲੋਏ ਨਾਲ ਸੰਗੀਤਕ ਪੇਸ਼ਕਾਰੀ ਵੀ ਦਿੱਤੀ ਜਦਕਿ ਜੋਸ਼ੀ ਵੀ ਮੰਚ ਉਤੇ ਮੌਜੂਦ ਸਨ। ਰਾਸ਼ਟਰਪਤੀ ਤੋਂ ਇਲਾਵਾ ਇਸ ਮੌਕੇ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ, ਕੇਂਦਰੀ ਰਾਜ ਮੰਤਰੀ (ਰੱਖਿਆ) ਅਜੈ ਭੱਟ, ਕੇਂਦਰੀ ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਤੇ ਜਲ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਭਾਰਤੀ ਜਲ ਸੈਨਾ ਦੇ ਬੈਂਡ ਦੀ ਪੇਸ਼ਕਾਰੀ ਵੀ ਇਸ ਮੌਕੇ ਖਿੱਚ ਦਾ ਕੇਂਦਰ ਬਣੀ। ਸਮੁੰਦਰ ਵਿਚ ਜਹਾਜ਼ਾਂ ਦੀ ਫਾਰਮੇਸ਼ਨ ਨੂੰ ਵੀ ਬੀਚ ’ਤੇ ਮੌਜੂਦ ਲੋਕਾਂ ਨੇ ਦੇਖਿਆ। ਰਾਸ਼ਟਰਪਤੀ ਨੇ ਇਸ ਮੌਕੇ ਵਰਚੁਅਲ ਢੰਗ ਨਾਲ ਕਰਨੂਲ ਜ਼ਿਲ੍ਹੇ ਵਿਚ ਓਪਨ ਏਅਰ ਰੇਂਜ ਤੇ ਭਾਰਤ ਇਲੈਕਟ੍ਰੌਨਿਕਸ ਲਿਮਟਿਡ ਦੀ ਨਾਈਟ ਵਿਜ਼ਨ ਪ੍ਰੋਡਕਟਸ ਫੈਕਟਰੀ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਹੋਰ ਵੀ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਮੁਕਤਸਰ ਵਿੱਚ ਮਹਿਲਾ ਨੇ ਪੰਜ ਸਾਲਾ ਪੁੱਤ ਨਾਲ ਸਰਹਿੰਦ ਨਹਿਰ ’ਚ ਛਾਲ ਮਾਰੀ
Next article*ਪ੍ਰਾਇਮਰੀ ਰਾਜ ਪੱਧਰੀ ਸਕੂਲ ਖੇਡਾਂ ਲਈ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ* ।