HOME ਨੱਥੂ ਰਾਮ ਗੋਡਸੇ ਦੇ ਆਤਮ ਸਮਰਪਣ ਦੇ ਮਿੱਥਕ ਨੂੰ ਤੋੜਦਾ ਸੱਚ

ਨੱਥੂ ਰਾਮ ਗੋਡਸੇ ਦੇ ਆਤਮ ਸਮਰਪਣ ਦੇ ਮਿੱਥਕ ਨੂੰ ਤੋੜਦਾ ਸੱਚ

1
   (ਸਮਾਜ ਵੀਕਲੀ)   ਮਹਾਤਮਾ ਗਾਂਧੀ ਦੀ ਹੱਤਿਆ ਦੀ ਘਟਨਾ ਭਾਰਤ ਦੇ ਇਤਿਹਾਸ ਦਾ ਇੱਕ ਦੁਖਦ ਅਧਿਆਏ ਹੈ। ਇਸ ਘਟਨਾ ਨੂੰ ਲੈ ਕੇ ਕਈ ਗ਼ਲਤ ਫਹਿਮੀਆਂ ਅਤੇ ਅਫਵਾਹਾਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਇੱਕ ਹੈ ਨੱਥੂਰਾਮ ਗੋਡਸੇ ਦੇ ਤਥਾਕਥਿਤ “ਆਤਮਸਮਰਪਣ” ਦੀ ਕਹਾਣੀ। ਕੁਝ ਲੋਕ ਦਾਅਵਾ ਕਰਦੇ ਹਨ ਕਿ ਗੋਡਸੇ ਨੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਉਹ “ਵੀਰਤਾ” ਦਾ ਪ੍ਰਤੀਕ ਮੰਨਦੇ ਹਨ। ਪਰ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ, ਅਤੇ ਇਸ ਦਾ ਸਬੂਤ ਉਸ ਸ਼ਖਸ ਦੀ ਗਵਾਹੀ ਅਤੇ ਯੋਗਦਾਨ ਵਿੱਚ ਸਮਾਇਆ ਹੋਇਆ ਹੈ ਜਿਸਦਾ ਨਾਂ ਹੈ ਰਘੂਨਾਥ ਨਾਇਕ।
     30 ਜਨਵਰੀ 1948 ਨੂੰ, ਜਦੋਂ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ‘ਤੇ ਬਿਰਲਾ ਹਾਊਸ ਵਿੱਚ ਗੋਲੀਆਂ ਚਲਾਈਆਂ, ਉਸਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਉਸ ਦੇ ਇਸ ਨਾਪਾਕ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਬਿਰਲਾ ਹਾਊਸ ਦੇ ਮਾਲੀ, ਰਘੂਨਾਥ ਨਾਇਕ ਨੇ। ਰਘੂਨਾਥ ਨਾਇਕ, ਜੋ ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੇ ਜਗੁਲੀਪਾੜਾ ਪਿੰਡ ਦੇ ਵਸਨੀਕ ਸਨ, ਨੇ ਬਹਾਦਰੀ ਨਾਲ ਗੋਡਸੇ ਨੂੰ ਧਰ ਦਬੋਚਿਆ। ਉਸਨੇ ਬੰਦੂਕਧਾਰੀ ਗੋਡਸੇ ਨੂੰ ਜ਼ਮੀਨ ‘ਤੇ ਪਟਕ ਕੇ ਉਦੋਂ ਤੱਕ ਦਬਾਈ ਰੱਖਿਆ ਜਦੋਂ ਤੱਕ ਪੁਲਿਸ ਨਹੀਂ ਪਹੁੰਚ ਗਈ। ਇਸ ਤਰ੍ਹਾਂ, ਰਘੂਨਾਥ ਨਾਇਕ ਦੀ ਸੂਝ-ਬੂਝ ਅਤੇ ਨਿਡਰਤਾ ਨੇ ਗੋਡਸੇ ਨੂੰ ਭੱਜਣ ਤੋਂ ਰੋਕਿਆ ਅਤੇ ਦੇਸ਼ ਨੂੰ ਇੱਕ ਵੱਡੀ ਤਰਾਸਦੀ ਤੋਂ ਬਚਾਇਆ।
          ਇਹ ਵੀ ਦੱਸਿਆ ਜਾਂਦਾ ਹੈ ਕਿ ਗੋਡਸੇ ਨੇ ਗਾਂਧੀ ਜੀ ਦੀ ਹੱਤਿਆ ਲਈ ਇੱਕ ਜਾਅਲੀ ਮੁਸਲਿਮ ਨਾਮ ਵਰਤਣ ਦੀ ਸਾਜ਼ਿਸ਼ ਰਚੀ ਸੀ। ਜੇਕਰ ਉਹ ਭੱਜਣ ਵਿੱਚ ਕਾਮਯਾਬ ਹੋ ਜਾਂਦਾ, ਤਾਂ ਇਸ ਨਾਲ ਹਿੰਦੂ-ਮੁਸਲਿਮ ਦੰਗਿਆਂ ਦੀ ਇੱਕ ਵੱਡੀ ਲਹਿਰ ਉੱਠ ਸਕਦੀ ਸੀ, ਜਿਸ ਨਾਲ ਦੇਸ਼ ਵਿੱਚ ਵਿਆਪਕ ਤਬਾਹੀ ਮੱਚ ਜਾਂਦੀ। ਰਘੂਨਾਥ ਨਾਇਕ ਦੀ ਤੁਰੰਤ ਕਾਰਵਾਈ ਨੇ ਨਾ ਸਿਰਫ਼ ਗੋਡਸੇ ਨੂੰ ਫੜਿਆ, ਸਗੋਂ ਦੇਸ਼ ਨੂੰ ਇੱਕ ਵੱਡੇ ਸੰਕਟ ਤੋਂ ਬਚਾਇਆ।
       ਰਘੂਨਾਥ ਨਾਇਕ ਦੀ ਇਸ ਬਹਾਦਰੀ ਦੀ ਸ਼ਲਾਘਾ ਸਵੈ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਕੀਤੀ। ਉਨ੍ਹਾਂ ਨੇ ਨਾਇਕ ਨੂੰ ਇੱਕ ਪੱਤਰ ਲਿਖ ਕੇ ਉਸਦੀ ਸਰਾਹਨਾ ਕੀਤੀ ਅਤੇ 500 ਰੁਪਏ ਦੀ ਸਨਮਾਨ ਰਾਸ਼ੀ ਵੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ, ਓਡੀਸ਼ਾ ਸਰਕਾਰ ਅਤੇ ਕਾਂਗਰਸ ਕਮੇਟੀ ਨੇ ਵੀ ਨਾਇਕ ਦੇ ਪਰਿਵਾਰ ਨੂੰ ਸਮੇਂ-ਸਮੇਂ ‘ਤੇ ਸਹਾਇਤਾ ਪ੍ਰਦਾਨ ਕੀਤੀ। ਓਡੀਸ਼ਾ ਦੇ ਤਤਕਾਲੀ ਮੁੱਖ ਮੰਤਰੀ ਜੇ.ਬੀ. ਪਟਨਾਇਕ ਅਤੇ ਵਰਤਮਾਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਨਾਇਕ ਦੇ ਪਰਿਵਾਰ ਦੀ ਸਹਾਇਤਾ ਕੀਤੀ। ਨਾਇਕ ਦੇ ਪਿੰਡ ਜਗੁਲੀਪਾੜਾ ਵਿੱਚ ਗਾਂਧੀ ਜੀ ਦੇ ਨਾਲ-ਨਾਲ ਉਸਦੀ ਇੱਕ ਮੂਰਤੀ ਵੀ ਸਥਾਪਿਤ ਹੈ ਅਤੇ ਹਰ ਸਾਲ 30 ਜਨਵਰੀ ਨੂੰ ਗਾਂਧੀ ਜੀ ਦੇ ਨਾਲ-ਨਾਲ ਰਘੂਨਾਥ ਨਾਇਕ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
       ਰਘੂਨਾਥ ਨਾਇਕ, ਜੋ ਗਾਂਧੀ ਜੀ ਦੇ ਪ੍ਰਸੰਸਕ ਸਨ, ਇਸ ਘਟਨਾ ਤੋਂ ਬਾਅਦ ਗਹਿਰੇ ਸਦਮੇ ਵਿੱਚ ਚਲੇ ਗਏ। ਉਹ ਇਸ ਗੱਲੋਂ ਸਦਾ ਦੁਖੀ ਰਹੇ ਕਿ ਉਹ ਬਾਪੂ ਨੂੰ ਬਚਾ ਨਹੀਂ ਸਕੇ। ਇਸ ਦੁੱਖ ਦੇ ਕਾਰਨ ਉਨ੍ਹਾਂ ਨੇ ਬਿਰਲਾ ਹਾਊਸ ਦੀ ਨੌਕਰੀ ਛੱਡ ਦਿੱਤੀ ਅਤੇ ਓਡੀਸ਼ਾ ਵਾਪਸ ਚਲੇ ਗਏ। ਹੱਤਿਆ ਦੇ ਮੁਕੱਦਮੇ ਦੌਰਾਨ ਉਹ ਗਵਾਹ ਦੇ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੁੰਦੇ ਰਹੇ। 1983 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਜਿਉਂਦੀ ਹੈ।
          ਗੋਡਸੇ ਦੇ “ਆਤਮਸਮਰਪਣ” ਦੀ ਕਹਾਣੀ ਨੂੰ ਕੁਝ ਲੋਕਾਂ ਨੇ ਫੈਲਾਇਆ, ਪਰ ਸਵਾਲ ਇਹ ਹੈ ਕਿ ਜੇ ਉਹ ਸੱਚਮੁੱਚ “ਵੀਰ” ਸੀ ਅਤੇ ਆਤਮਸਮਰਪਣ ਕਰਨਾ ਚਾਹੁੰਦਾ ਸੀ, ਤਾਂ ਉਸਨੇ ਦੋ ਵਾਰ ਰਾਸ਼ਟਰਪਤੀ ਨੂੰ ਮਾਫੀਨਾਮਾ ਕਿਉਂ ਲਿਖਿਆ? ਉਸਨੇ ਮੁਕੱਦਮਾ ਲੜਨ ਲਈ ਵਕੀਲ ਕਿਉਂ ਕੀਤਾ ਅਤੇ ਸਜ਼ਾ ਤੋਂ ਬਚਣ ਲਈ ਹਾਈ ਕੋਰਟ ਵਿੱਚ ਅਪੀਲ ਕਿਉਂ ਕੀਤੀ? ਇਹ ਸਾਰੇ ਸਵਾਲ ਉਸ ਦੀ ਕਥਿਤ “ਵੀਰਤਾ” ਅਤੇ “ਆਤਮਸਮਰਪਣ” ਦੀ ਪੋਲ ਖੋਲ੍ਹਦੇ ਹਨ।
            ਰਘੂਨਾਥ ਨਾਇਕ ਦੀ ਇਸ ਬਹਾਦਰੀ ਦੀ ਕਹਾਣੀ ਓਡੀਸ਼ਾ ਦੇ ਅਖਬਾਰਾਂ ਅਤੇ ਅੰਗਰੇਜ਼ੀ ਮੀਡੀਆ ਵਿੱਚ ਸੁਤੰਤਰਤਾ ਦੇ ਸਮੇਂ ਤੋਂ ਹੀ ਪ੍ਰਕਾਸ਼ਿਤ ਹੁੰਦੀ ਰਹੀ ਹੈ। ਮਹਾਤਮਾ ਗਾਂਧੀ ਦੇ ਸਕੱਤਰ ਪਿਆਰੇ ਲਾਲ ਨਾਇਰ ਨੇ ਵੀ ਆਪਣੀ ਕਿਤਾਬ “ਮਹਾਤਮਾ: ਦ ਲਾਸਟ ਫੇਜ” ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਪਰ ਹਿੰਦੀ ਭਾਸ਼ੀ ਖੇਤਰਾਂ ਵਿੱਚ ਇਸ ਸੱਚਾਈ ਨੂੰ ਪੂਰੀ ਤਰ੍ਹਾਂ ਸਾਹਮਣੇ ਨਹੀਂ ਲਿਆਂਦਾ ਗਿਆ। ਅੱਜ ਸਮੇਂ ਦੀ ਮੰਗ ਹੈ ਕਿ ਰਘੂਨਾਥ ਨਾਇਕ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਦਿੱਤੀ ਜਾਵੇ ਅਤੇ ਗੋਡਸੇ ਦੇ ਝੂਠੇ “ਆਤਮਸਮਰਪਣ” ਦੀ ਅਫਵਾਹ ਨੂੰ ਸਬੂਤਾਂ ਸਮੇਤ ਤੋੜਿਆ ਜਾਵੇ।
         ਰਘੂਨਾਥ ਨਾਇਕ ਨੇ ਨਾ ਸਿਰਫ਼ ਗੋਡਸੇ ਨੂੰ ਫੜ ਕੇ ਦੇਸ਼ ਨੂੰ ਇੱਕ ਵੱਡੀ ਤਬਾਹੀ ਤੋਂ ਬਚਾਇਆ, ਸਗੋਂ ਗਾਂਧੀ ਜੀ ਦੇ ਸਿਧਾਂਤਾਂ ਪ੍ਰਤੀ ਆਪਣੀ ਨਿਸ਼ਠਾ ਵੀ ਸਾਬਤ ਕੀਤੀ। ਅਸੀਂ ਰਘੂਨਾਥ ਨਾਇਕ ਨੂੰ  ਨਮਨ ਕਰਦੇ ਹਾਂ, ਜਿਨ੍ਹਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਲਾਲ ਸਿੰਘ ਸੁਲਹਾਣੀ 
 9872155120
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਸੂਰ ਵਿੱਚ ”ਬਜ਼ਮ-ਏ-ਕਦਰ ਦਾਨ” ਦਾ ਰੰਗਾਰੰਗ ਮੁਸ਼ਾਇਰਾ
Next article” ਆਖ਼ਿਰੀ ਬਾਰ ਤੁਮਕੋ ਦੇਖ ਲਿਆ ਆਜ ਹਮ ਆਂਖੇਂ ਦਾਨ ਕਰਤੇ ਹੈਂ “