ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਭਾਈ ਜਸਵੰਤ ਸਿੰਘ ਖਾਲੜਾ ਦੀ ਤਰ੍ਹਾਂ ਹੀ ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਵਾਲੇ ਰੋਪੜ੍ਹ ਜ਼ਿਲ੍ਹੇ ਦੇ ਉੱਘੇ ਵਕੀਲ ਸਰਦਾਰ ਕੁਲਵੰਤ ਸਿੰਘ ਸੈਣੀ, ਉਨ੍ਹਾਂ ਦੀ ਪਤਨੀ ਅਤੇ ਮਹਿਜ਼ ਇੱਕ ਸਾਲ ਦੇ ਮਾਸੂਮ ਪੁੱਤਰ ਨੂੰ 25 ਜਨਵਰੀ 1993 ਨੂੰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਲਾਪਤਾ ਕਰਕੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤੇ ਜਾਣ ਦਾ ਗੰਭੀਰ ਮਾਮਲਾ ਇੱਕ ਵਾਰ ਫਿਰ ਭੱਖ ਗਿਆ ਹੈ।(ਪੁਨਰ ਸੁਰਜੀਤ) ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਡੈਲੀਗੇਟ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਇਸ ਦਰਦਨਾਕ ਕਾਂਡ ਉੱਪਰ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਦੇਰੀ ਨਾਲ ਹੀ ਸਹੀ, ਪਰ ਅਸਲ ਇਨਸਾਫ਼ ਨਸੀਬ ਹੋ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਅਖੌਤੀ ਪੁਲਿਸ ਮੁਕਾਬਲਿਆਂ ਅਤੇ ਜਬਰ ਦੇ ਉਸ ਦੌਰ ਵਿੱਚ ਹੱਕ-ਸੱਚ ਦੀ ਆਵਾਜ਼ ਚੁੱਕਣ ਵਾਲੇ ਬੇਗੁਨਾਹ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਕੀਲ ਕੁਲਵੰਤ ਸਿੰਘ ਸੈਣੀ ਦੇ ਪੂਰੇ ਪਰਿਵਾਰ ਨੂੰ ਜਿਸ ਬੇਰਹਿਮੀ ਨਾਲ ਖ਼ਤਮ ਕੀਤਾ ਗਿਆ, ਉਹ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਅਤੇ ਸ਼ਰਮਨਾਕ ਘਾਣ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਆਖਿਆ ਕਿ ਪੰਜਾਬ ਦੀ ਧਰਤੀ ‘ਤੇ ਸਾਲ 1984 ਦੇ ਦੌਰ ਤੋਂ ਲੈ ਕੇ ਅੱਜ 2026 ਤੱਕ ਮਨੁੱਖੀ ਹੱਕਾਂ ਨੂੰ ਕੁਚਲਣ ਦਾ ਇਹ ਸਿਲਸਿਲਾ ਕਿਸੇ ਨਾ ਕਿਸੇ ਰੂਪ ਵਿੱਚ ਲਗਾਤਾਰ ਜਾਰੀ ਹੈ। ਇਨ੍ਹਾਂ ਅੱਤਿਆਚਾਰਾਂ ਦਾ ਹਿਸਾਬ ਸਮੇਂ ਦੀਆਂ ਸਰਕਾਰਾਂ ਅਤੇ ਦੋਸ਼ੀ ਪ੍ਰਸ਼ਾਸਨਿਕ ਲੋਕਾਂ ਨੂੰ ਦੇਣਾ ਹੀ ਪਵੇਗਾ ਕਿਉਂਕਿ ਬੇਗੁਨਾਹਾਂ ਦਾ ਖ਼ੂਨ ਕਦੇ ਲੁਕਿਆ ਨਹੀਂ ਰਹਿੰਦਾ। ਇਸ ਮੌਕੇ ਜਥੇਦਾਰ ਦੋਭਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਇਸ ਇਨਸਾਫ਼ ਦੀ ਲੜਾਈ ਵਿੱਚ ਪੀੜਤਾਂ ਦੇ ਨਾਲ ਖੜ੍ਹੀ ਹੈ ਅਤੇ ਅਜਿਹੇ ਕਾਲੇ ਦੌਰ ਦੇ ਅਧੂਰੇ ਪਏ ਮਾਮਲਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਅਹਿਮ ਮੌਕੇ ‘ਤੇ ਉਨ੍ਹਾਂ ਦੇ ਨਾਲ ਠੇਕੇਦਾਰ ਗੁਰਚਰਨ ਸਿੰਘ, ਸੇਠੀ ਸਰਪੰਚ, ਵਰਕਿੰਗ ਕਮੇਟੀ ਮੈਂਬਰ ਮੇਜਰ ਸਿੰਘ ਆਜ਼ਾਦ, ਬਲਵੀਰ ਸਿੰਘ ਰੈਲਮਾਜਰਾ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਅਤੇ ਜੋਗਿੰਦਰ ਸਿੰਘ ਮਾਨ ਮਾਜਰਾ ਜੱਟਾਂ ਸਣੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਅਤੇ ਵਰਕਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਇੱਕਸੁਰ ਹੋ ਕੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਦਾ ਸਮਰਥਨ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






