HOME ਨਰਿੰਦਰਦੀਪ ਹਿਰਾਸਤੀ ਕਤਲ: ਐਕਸ਼ਨ ਕਮੇਟੀ ਨੇ ਕੀਤਾ ਲੁਧਿਆਣਾ ਮਾਰਚ

ਨਰਿੰਦਰਦੀਪ ਹਿਰਾਸਤੀ ਕਤਲ: ਐਕਸ਼ਨ ਕਮੇਟੀ ਨੇ ਕੀਤਾ ਲੁਧਿਆਣਾ ਮਾਰਚ

* ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਇਨਸਾਫ ਦਾ ਭਰੋਸਾ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)-ਨਰਿੰਦਰਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਵਿਸ਼ਾਲ ਗਿਣਤੀ ਚ ਲੁਧਿਆਣਾ ਵਿਖੇ ਰੋਸ ਧਰਨਾ ਦੇਣ ਤੋਂ ਇਲਾਵਾ ਮਾਰਚ ਵੀ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਨਰਿੰਦਰਦੀਪ ਸਿੰਘ ਦੀ ਪਤਨੀ ਨੈਨਸੀ, ਪਿਤਾ ਡਾ: ਰਣਜੀਤ ਸਿੰਘ, ਨਰਿੰਦਰਦੀਪ ਦੇ ਮਾਮਾ ਡਾ: ਨਵਦੀਪ ਸਿੰਘ, ਐਕਸ਼ਨ ਕਮੇਟੀ ਅਤੇ  ਖ਼ੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਨੂੰ ਬਠਿੰਡਾ ਵਿਖੇ ਸੀ ਆਈ ਏ ਸਟਾਫ ਦੇ ਮੁਲਾਜ਼ਮਾਂ ਵੱਲੋਂ ਗ੍ਰਿਫਤਾਰ ਕਰਕੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਆਖਿਆ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਸਮੇਤ ਕੁਝ ਹੋਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਹੋਣ ਦੇ ਤਿੰਨ ਹਫ਼ਤੇ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਇੱਕ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ।  ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰਗਤੀਸ਼ੀਲ ਮਹਿਲਾ ਸੰਗਠਨ ਦੇ ਆਗੂ ਜਸਬੀਰ ਕੌਰ ਨੱਤ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਜਗਜੀਤ ਸਿੰਘ ਨੇ ਮੰਗ ਕੀਤੀ ਕਿ ਨਰਿੰਦਰਦੀਪ ਨੂੰ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋਸ਼ੀ ਪੁਲਸੀਆਂ ਤੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾਵੇ, ਸਮੁੱਚੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਸਮਾਂਬੱਧ ਜਾਂਚ ਕਰਾਈ ਜਾਵੇ  ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਬਰਾੜ , ਡੀਟੀਐਫ਼ ਦੇ ਆਗੂ ਗੁਰਪ੍ਰੀਤ ਸਿੰਘ ਅਤੇ ਬੀਕੇਯੂ ਡਕੌਂਦਾ ਦੇ ਆਗੂ ਰਾਜਮਹਿੰਦਰ ਕੋਟ ਭਾਰਾ ਨੇ ਆਖਿਆ ਕਿ ਬਠਿੰਡਾ ਦਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਥਾਂ ਸਮਝੌਤਾ ਕਰਕੇ ਨਾਮਜ਼ਦ ਪੁਲਿਸ ਮੁਲਾਜ਼ਮਾਂ ਤੋਂ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਵੱਲੋਂ ਪੁਲਿਸ ਨੂੰ ਲੋਕਾਂ ਦੇ ਕਤਲ ਕਰਨ ਤੇ ਝੂਠੇ ਪੁਲਿਸ ਮੁਕਾਬਲੇ ਬਨਾਉਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਨੇ ਆਖਿਆ ਕਿ ਆਪ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ, ਇਸ ਲਈ ਪੰਜਾਬ ਨੂੰ ਨੰਗੇ ਚਿੱਟੇ ਪੁਲਿਸ ਰਾਜ ਤਬਦੀਲ ਕਰ ਰਹੀ ਹੈ। ਅੱਜ ਦੇ ਇਕੱਠ ਨੂੰ ਮਿਰਤਕ ਨਰਿੰਦਰਦੀਪ ਦੀ ਪਤਨੀ ਨੈਨਸੀ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਆਗੂਆਂ ਜਗਜੀਤ ਸਿੰਘ ਲਹਿਰਾ, ਅਮੀ ਲਾਲ਼, ਜਸਪਾਲ ਬੰਗੀ, ਸੁਖਪ੍ਰੀਤ ਕੌਰ, ਮੱਖਣ ਸਿੰਘ ਗੁਰੂਸਰ, ਬਲਕਰਨ ਸਿੰਘ, ਸਾਧੂ ਸਿੰਘ ਅੱਚਰਵਾਲ, ਕਾਮਰੇਡ ਬੱਬਨ ਪਾਸਵਾਨ, ਨਵਦੀਪ ਸਿੰਘ, ਕਾਮਰੇਡ ਸੁਰਿੰਦਰ ਸਿੰਘ , ਹਰਜਿੰਦਰ ਸਿੰਘ, ਬਲਕਰਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ ਗੰਧੜ ਨੇ ਨਿਭਾਈ। ਰੋਸ ਮਾਰਚ ਦੀ ਸਮਾਪਤੀ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਦਾ ਭਰੋਸਾ ਦਿੱਤਾ । ਉਹਨਾਂ ਇਸ ਸੰਬੰਧੀ ਬਠਿੰਡਾ ਦੇ ਡੀ ਆਈ ਜੀ ਹਰਜੀਤ ਸਿੰਘ ਨਾਲ ਵੀ ਫੋਨ ‘ਤੇ ਗੱਲਬਾਤ ਕਰਕੇ ਹਦਾਇਤਾਂ ਜਾਰੀ ਕੀਤੀਆਂ। ਪੀੜਤ ਪਰਿਵਾਰ ਨੇ ਕੈਬਨਿਟ ਮੰਤਰੀ ਕੋਲ ਸਖ਼ਤ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਉਹਨਾਂ ਨੂੰ ਇਨਸਾਫ ਦੇਣਾ ਤਾਂ ਦੂਰ ਅੱਜ ਤੱਕ ਆਪ ਪਾਰਟੀ ਦੇ ਕਿਸੇ ਵਿਧਾਇਕ ਜਾਂ ਨੇਤਾ ਵੱਲੋਂ ਉਹਨਾਂ ਨਾਲ ਦੁੱਖ ਵੀ ਸਾਂਝਾ ਨਹੀਂ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਦਾਰਥਵਾਦ ਦੇ ਮਨੁੱਖਤਾ ‘ਤੇ ਹੋ ਰਹੇ ਨਕਾਰਾਤਮਕ ਪ੍ਰਭਾਵ
Next articleਹਲਕਾ ਪੱਛਮੀ ਦੀ ਹਾਲਤ ਬਿਹਤਰ ਬਣਾਉਣ ਲਈ ਜ਼ਿਮਨੀ ਚੋਣ ਲੜ੍ਹ ਰਿਹਾ ਹਾਂ: ਐਡਵੋਕੇਟ ਘੁੰਮਣ