ਗਲਾਸਗੋ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲਵਾਯੂ ਸਿਖ਼ਰ ਸੰਮੇਲਨ (ਸੀਓਪੀ26) ਵਿਚ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਪਾਰਦਰਸ਼ੀ ਵਿੱਤੀ ਢਾਂਚੇ ਦੀ ਉਸਾਰੀ ਉਤੇ ਜ਼ੋਰ ਦਿੱਤਾ। ਇਕ ਰਾਊਂਡਟੇਬਲ ਵਿਚਾਰ-ਚਰਚਾ ਵਿਚ ਮੋਦੀ ਨੇ ਕਿਹਾ ਕਿ ਜਲਵਾਯੂ ਲਈ ਜਿਹੜਾ ਢਾਂਚਾ ਉਸਾਰਿਆ ਜਾਣਾ ਹੈ, ਉਸ ਨਾਲ ਜੁੜੇ ਖ਼ਰਚਿਆਂ ਬਾਰੇ ਪੂਰੀ ਪਾਰਦਰਸ਼ਤਾ ਵਰਤਣ ਦੀ ਲੋੜ ਹੈ। ਇਸ ਮੀਟਿੰਗ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੀਯੇਨ ਨੇ ਵੀ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਢਾਂਚਾ ਉਸਾਰੀ ਦੌਰਾਨ ਚਾਰ ਨੁਕਤਿਆਂ ’ਤੇ ਜ਼ੋਰ ਦੇਣ ਦੀ ਗੱਲ ਕੀਤੀ- ਜਲਵਾਯੂ ਤਬਦੀਲੀ ਤੋਂ ਉਭਾਰ, ਰਵਾਇਤੀ ਗਿਆਨ ਨੂੰ ਲਾਗੂ ਕਰਨਾ ਤੇ ਗਰੀਬਾਂ, ਹਾਸ਼ੀਏ ਉਤੇ ਧੱਕੇ ਲੋਕਾਂ ਨੂੰ ਤਰਜੀਹ ਦੇਣਾ। ਉਨ੍ਹਾਂ ਨਾਲ ਕਿਹਾ ਕਿ ਫੰਡਿੰਗ ਟਿਕਾਊ ਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ ਜਿਸ ਵਿਚੋਂ ਮੁਲਕਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਝਲਕੇ। ਜ਼ਿਕਰਯੋਗ ਹੈ ਕਿ ਭਾਰਤ ਚੀਨ-ਪਾਕਿਸਤਾਨ ਦੇ ਬੈਲਟ ਤੇ ਰੋਡ ਉੱਦਮ (ਬੀਆਰਆਈ) ਦਾ ਵਿਰੋਧ ਕਰ ਰਿਹਾ ਹੈ। ਬਾਇਡਨ ਨੇ ਕਿਹਾ ਕਿ ਗਲਾਸਗੋ ਸੰਮੇਲਨ ਤੋਂ ਸੁਥਰੀ ਊਰਜਾ ਦੀ ਵਰਤੋਂ, ਸੋਲਰ ਪੈਨਲਾਂ ਤੇ ਵਿੰਡ ਟਰਬਾਈਨਾਂ ਦੀ ਵੱਡੇ ਪੱਧਰ ਉਤੇ ਉਸਾਰੀ ਸ਼ੁਰੂ ਹੋਵੇਗੀ। ਰਾਸ਼ਟਰਪਤੀ ਬਾਇਡਨ ਨੇ ਸੰਮੇਲਨ ਵਿਚ ਦੱਸਿਆ ਕਿ ਕਰੀਬ 100 ਮੁਲਕਾਂ ਨੇ ਮਿਥੇਨ ਦੀ ਨਿਕਾਸੀ ਘਟਾਉਣ ਦਾ ਅਹਿਦ ਕੀਤਾ ਹੈ ਤਾਂ ਕਿ ਆਲਮੀ ਤਪਸ਼ ਘਟਾਈ ਜਾ ਸਕੇ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਵਿਚ ਵਾਅਦਾ ਕੀਤਾ ਹੈ ਕਿ ਭਾਰਤ ਸੰਨ 2070 ਤੱਕ ਕਾਰਬਨ ਨਿਕਾਸੀ ਸਿਫ਼ਰ ਕਰੇਗਾ ਤੇ 2030 ਤੱਕ ਭਾਰਤ ਦੀ ਅੱਧੀ ਊਰਜਾ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2030 ਤੱਕ ਭਾਰਤ ਦੀ ਗ਼ੈਰ-ਜੈਵਿਕ ਊਰਜਾ ਦੀ ਸਮਰੱਥਾ 500 ਗੀਗਾਵਾਟ ਤੱਕ ਵਧਾਈ ਜਾਵੇਗੀ। ਇਸ ਤੋਂ ਇਲਾਵਾ ਕਾਰਬਨ ਨਿਕਾਸੀ ਇਕ ਬਿਲੀਅਨ ਟਨ ਤੱਕ ਘਟਾਈ ਜਾਵੇਗੀ। ਭਾਰਤ ਦੇ ਇਸ ਐਲਾਨ ਦਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸਣੇ ਵਿਸ਼ਵ ਦੇ ਹੋਰਨਾਂ ਆਗੂਆਂ ਨੇ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗਲਾਸਗੋ ਵਿਚ ਅਰਬਪਤੀ ਕਾਰੋਬਾਰੀ ਬਿਲ ਗੇਟਸ ਨਾਲ ਵੀ ਮੁਲਾਕਾਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly