(ਸਮਾਜ ਵੀਕਲੀ)
ਅਸੀਂ ਵੰਡਦੇ ਰਹੀਏ ਪਿਆਰ ਸਦਾ ,
ਗੱਲ ਕਰੀਏ ਸ਼ਰੇ-ਬਾਜ਼ਾਰ ਸਦਾ ,
ਮਿੱਤਰ ਹੱਥੀਂ ਛਾਵਾਂ ਕਰਦੇ ਨੇ ,
ਤੇ ਵੈਰੀ ਡਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ਅਜੇ ਤੱਕ
ਚੇਤੇ ਕਰਦੇ ਨੇ ਮਿੱਤਰੋ .
ਅਸੀਂ ਜਿੱਥੇ ਲੰਗਰ ਲਗਾ ਦੇਈਏ .
ਜੰਗਲ਼ਾਂ ਵਿੱਚ ਮੰਗਲ ਲਾ ਦੇਈਏ .
ਸਾਡੇ ਸਾਰੇ ਕੰਮ ਬਾਬੇ ਨਾਨਕ ਦੇ
ਘਰ ਤੋਂ ਸਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ———-
ਸਾਰੇ ਲਗਦੇ ਰਿਸ਼ਤੇਦਾਰਾਂ ਜਿਹੇ .
ਸਿਰਾਂ ‘ਤੇ ਸਜੀਆਂ ਦਸਤਾਰਾਂ ਜਿਹੇ .
ਨਿੱਤ ਸ਼ਾਮ ਸਵੇਰੇ ਫੋਨਾਂ ਰਾਹੀ ,
ਹਾਉਕੇ ਭਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ———-
ਦੱਸ ਕੇ ਆਏ ਕਿਵੇਂ ਜੰਗ ਲੜੀਂਦੀ ਐ .
ਕਿਵੇਂ ਨਿੱਤ ਗੁਰਬਾਣੀ ਪੜੀਂਦੀ ਐ .
ਹੁਣ ਤਾਂ ਉਹ ਵੀ ਜਾਨ ਤਲ਼ੀ ‘ਤੇ
ਹੱਸ ਕੇ ਧਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ———-
ਅਸੀਂ ਮਿਲਣ ਉਹਨਾਂ ਨੂੰ ਜਾਵਾਂਗੇ .
ਉਹਨਾਂ ਨੂੰ ਵੀ ਪੰਜਾਬ ਬੁਲਾਵਾਂਗੇ .
ਸਾਰੇ ਇੱਕ ਹੀ ਨੂਰ ‘ਚੋਂ ਉਪਜੇ ਹਾਂ
ਸਾਰੇ ਲਗਦੇ ਘਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ———-
ਹੱਕ ਸੱਚ ਲਈ ਜੂਝਦੇ ਰਹਿਣਾਂ ਏਂ .
ਸੱਚ ਹੀ ਰੁਲ਼ਦੂ ਸਿੰਘ ਦਾ ਕਹਿਣਾਂ ਏਂ .
ਸਿੰਘ ਮਰ ਤਾਂ ਸਕਦੇ ਨੇ ਲੇਕਿਨ ,
ਪਰ ਕਦੇ ਨਾ ਹਰਦੇ ਨੇ ਮਿੱਤਰੋ .
ਸਾਨੂੰ ਦਿੱਲੀ ਸ਼ਹਿਰ ਦੇ ਲੋਕ ———-
ਮੂਲ ਚੰਦ ਸ਼ਰਮਾ .
99148 36037
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly