(ਸਮਾਜ ਵੀਕਲੀ)
ਮਨ ਮੂਰਖ ਨਾਮ ਦੀ ਮਹਿਮਾ ਗਾਵੇ ਨਾ, ਨਾਨਕ ਕਿਰਪਾ ਕਰ।
ਬਸ ਟਿਕ ਜਾਵੇ, ਹੋਰ ਠੋਕਰ ਖਾਵੇ ਨਾ, ਨਾਨਕ ਕਿਰਪਾ ਕਰ।
ਊਚ ਅਪਾਰ ਬੇਅੰਤ ਸੁਆਮੀ, ਸਰਵਸ਼ਕਤੀਮਾਨ ਹੈ,
ਅੱਖਰਾਂ ਦੇ ਘੇਰੇ ‘ਚ ਨੂਰ ਸਮਾਵੇ ਨਾ, ਨਾਨਕ ਕਿਰਪਾ ਕਰ।
ਜ਼ਿੰਦਗੀ ਦਾ ਭੇਦ ਲੱਭਦਿਆਂ, ਉਲਝਿਆ ਹਾਂ ਇਸ ਕਦਰ,
ਮਨ ਮੂਰਖ ਨਾਸਤਿਕ ਹੀ ਹੋ ਜਾਵੇ ਨਾ, ਨਾਨਕ ਕਿਰਪਾ ਕਰ।
ਧੰਨ, ਦੌਲਤ, ਇੱਜ਼ਤ ਪਿੱਛੇ, ਮੈਂ ਬਥੇਰਾ ਭੱਜ ਲਿਆ,
ਪਰਛਾਵਾਂ ਹੱਥ ਕਦੇ ਆਵੇ ਨਾ, ਨਾਨਕ ਕਿਰਪਾ ਕਰ।
ਮੇਰਾ ਸਭ ਕੁਝ ਭਾਵੇਂ ਲੁੱਟ ਜਾਵੇ, ਕੋਈ ਗੱਲ ਨਹੀਂ,
ਤੇਰਾ ਨਾਮ ਪਰ ਲੁੱਟ ਜਾਵੇ ਨਾ, ਨਾਨਕ ਕਿਰਪਾ ਕਰ।
ਬਾਣੀ ਪੜ੍ਹਦਿਆਂ, ਸੁਣਦਿਆਂ, ਉਮਰ ਸਾਰੀ ਕੱਟ ਜਾਵੇ,
ਤੇਰੇ ਹੁਕਮ ਤੋਂ ਮਨ ਘਬਰਾਵੇ ਨਾ, ਨਾਨਕ ਕਿਰਪਾ ਕਰ।
ਦਯਾ ਕਰੋ ਦੀਨ ਕੇ ਦਾਤੇ, ਆਪੇ ਹੀ ਬਖ਼ਸ਼ ਲਵੋ,
ਮਨ ਮੂਰਖ ਹੋਰ ਚੋਟਾ ਖਾਵੇ ਨਾ, ਨਾਨਕ ਕਿਰਪਾ ਕਰ।
ਨਾਮ ਜਪਣਾ, ਵੰਡ ਛੱਕਣਾ, ਮੇਰੇ ਹਿੱਸੇ ਆ ਜਾਵੇ,
ਕਿਰਤ ਕਰਨੋਂ ਮਨ ਘਬਰਾਵੇ ਨਾ, ਨਾਨਕ ਕਿਰਪਾ ਕਰ।
ਤੂੰ ਸਭ ਕੁੱਝ ਦੇ ਦਿੱਤਾ ਹੈ, ‘ਤੇਜਿੰਦਰ’ ਹੁਣ ਮੰਗੇ ਕੀ,
ਤੇਰੇ ਨਾਮ ਬਿਨ ਕੁਝ ਚਾਵ੍ਹੇ ਨਾ, ਨਾਨਕ ਕਿਰਪਾ ਕਰ।
ਡਾ. ਤੇਜਿੰਦਰ…