ਨੰਬਰਦਾਰ ਰਾਮ ਗੋਪਾਲ ਨੂੰ ਤਿਰੰਗੇ ਝੰਡੇ ਅਤੇ ਪੁਸ਼ਪਾਂਜਲੀ ਰਿੰਗ ਦੇ ਸਨਮਾਨ ਨਾਲ ਰੁਖ਼ਸਤ ਕੀਤਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਫੋਟੋ : ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਆਪਣੇ ਨੰਬਰਦਾਰ ਸਾਥੀਆਂ ਨਾਲ ਨੰਬਰਦਾਰ ਦੀ ਮ੍ਰਿਤਕ ਦੇਹ ਨੂੰ ਪੁਸ਼ਪਾਂਜਲੀ ਰਿੰਗ ਭੇਂਟ ਕਰਕੇ ਸਨਮਾਨ ਦਿੰਦੇ ਹੋਏ।

ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦੀ ਰਾਸ਼ੀ ਭੇਂਟ ਕਰਨੀ ਇੱਕ ਕੋਝਾ ਮਜ਼ਾਕ – ਯੂਨੀਅਨ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਓ ਝੁਕ ਕਰ ਸਲਾਮ ਕਰੇਂ ਉਨਕੋ, ਜਿਨਕੇ ਹਿੱਸੇ ਮੇਂ ਯੇਹ ਮੁਕਾਮ ਆਤਾ ਹੈ, ਖੁਸ਼ਨਸੀਬ ਹੋਤਾ ਹੈ ਵੋ ਖ਼ੂਨ, ਜੋ ਦੇਸ਼ ਕੇ ਕਾਮ ਆਤਾ ਹੈ…” ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜੁਝਾਰੂ ਨੰਬਰਦਾਰ ਅਤੇ ਨਸ਼ਾ ਵਿਰੋਧੀ ਫਰੰਟ ਦੇ ਆਗੂ ਰਾਮ ਗੋਪਾਲ ਲੱਖਣਪਾਲ ਇੱਕ ਅਜਿਹੀ ਸ਼ਖ਼ਸੀਅਤ ਸਾਬਿਤ ਹੋਏ ਜਿਨ੍ਹਾਂ ਨੇ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਬੁਰਾਈ ਨਸ਼ੇ ਖਿਲਾਫ਼ ਬਹੁਤ ਲੰਬੇ ਸਮੇਂ ਤੋਂ ਪਿੰਡ ਲੱਖਣਪਾਲ ਵਿੱਚ ਡੱਟਕੇ ਲੜਾਈ ਲੜੀ। ਨਸ਼ਾ ਤਸਕਰਾਂ ਵੱਲੋਂ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਬਾਵਜੂਦ ਵੀ ਮਰਹੂਮ ਨੰਬਰਦਾਰ ਬੇਖੌਫ ਹੋ ਕੇ ਫੌਜੀਆਂ ਵਾਂਗ ਨਸ਼ਾ ਤਸਕਰਾਂ ਖਿਲਾਫ਼ ਡੱਟਿਆ ਰਿਹਾ। ਅਖੀਰ ਬੀਤੇ ਦਿਨ ਨਸ਼ਾ ਤਸਕਰਾਂ ਨੇ ਸਮਾਜ ਸੇਵੀ ਨੰਬਰਦਾਰ ਰਾਮ ਗੋਪਾਲ ਨੂੰ ਇਕੱਲੇ ਦੇਖ ਕੇ ਬੜੀ ਬੇਰਹਿਮੀ ਨਾਲ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਫਗਵਾੜਾ-ਜੰਡਿਆਲਾ ਰੋਡ ਧਰਨਾ ਲਗਾਕੇ ਬੰਦ ਕਰ ਦਿੱਤਾ।

ਕਾਮਰੇਡ ਮੱਖਣ ਸਿੰਘ ਪੱਲਣ, ਜਸਵਿੰਦਰ ਸਿੰਘ ਢੇਸੀ, ਸ਼ਿਵ ਕੁਮਾਰ ਤਿਵਾੜੀ, ਸਾਬਕਾ ਸਰਪੰਚ ਮੇਲਾ ਸਿੰਘ, ਕੁਲਵੰਤ ਸਿੰਘ ਸੰਧੂ, ਸੰਦੀਪ ਸਿੰਘ ਸਮਰਾ, ਕੁਲਵੰਤ ਸਿੰਘ ਧਨੀ ਪਿੰਡ, ਵਰਿੰਦਰ ਸਿੰਘ, ਇੰਦਰਪਾਲ ਲੱਖਣਪਾਲ, ਐਡਵੋਕੇਟ ਦਿਨੇਸ਼ ਲੱਖਣਪਾਲ, ਜੌਹਲ ਜੰਡਿਆਲੀਆ ਨੇ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲਦਿਆਂ ਭ੍ਰਿਸ਼ਟ ਕਰਾਰ ਦਿੱਤਾ, ਕਿਹਾ ਕਿ ਪੁਲਿਸ ਹੀ ਨਸ਼ਾ ਵਿਕਾਉਂਦੀ ਹੈ, ਨਸ਼ਾ ਤਸਕਰਾਂ ਨਾਲ ਤਾਲ ਮੇਲ ਬਣਾਕੇ ਰੱਖਦੀ ਹੈ। ਨਤੀਜੇ ਵਜੋਂ ਅੱਜ ਸਾਡਾ ਸਾਥੀ ਸ਼ਹੀਦ ਹੋ ਗਿਆ। ਉਕਤ ਆਗੂਆਂ ਨੇ ਮੰਗ ਕੀਤੀ ਕਿ ਸਾਥੀ ਨੰਬਰਦਾਰ ਨੂੰ ਸ਼ਹੀਦ ਦਾ ਦਰਜਾ, ਸਰਕਾਰੀ ਸਕੂਲ ਦਾ ਨਾਮ ਸ਼ਹੀਦ ਰਾਮ ਗੋਪਾਲ ਨੰਬਰਦਾਰ ਦੇ ਨਾਮ ਤੇ ਰੱਖਿਆ ਜਾਵੇ। ਨੰਬਰਦਾਰ ਦੇ ਬੇਟੇ ਵੰਸ਼ ਸ਼ਰਮਾ ਜਾਂ ਪਤਨੀ ਹਰਜੀਤ ਕੌਰ ਨੂੰ ਸਰਕਾਰੀ ਨੌਕਰੀ ਦੇ ਨਾਲ ਮਾਲੀ ਸਹਾਇਤਾ ਦਿੱਤੀ ਜਾਵੇ। ਹਲਕਾ ਵਿਧਾਇਕ ਪ੍ਰਗਟ ਸਿੰਘ ਅਤੇ ਆਮ ਪਾਰਟੀ ਇੰਚਾਰਜ ਸੁਰਿੰਦਰ ਸਿੰਘ ਸੋਢੀ ਵੀ ਧਰਨੇ ਵਿੱਚ ਡੱਟ ਕੇ ਬੈਠੇ ਰਹੇ, ਮੰਗਾਂ ਮੰਨਵਾਉਣ ਲਈ ਆਪਣੀ ਪੂਰੀ ਵਾਹ ਲਗਾਉਂਦੇ ਰਹੇ।

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਮੰਗ ਕੀਤੀ ਕਿ ਸਾਡਾ ਨੰਬਰਦਾਰ ਬਿਨਾਂ ਵਰਦੀ ਦੇ ਪੁਲਿਸ ਵਾਂਗ ਨਸ਼ਾ ਤਸਕਰਾਂ ਖਿਲਾਫ ਆਪਣੇ ਪਿੰਡ ਦੀ ਟੀਮ ਨਾਲ ਮਿਲਕੇ ਇਮਾਨਦਾਰੀ ਨਾਲ ਡਿਊਟੀ ਨਿਭਾਉਂਦਾ ਸੀ। ਉਸ ਦੀ ਕੁਰਬਾਨੀ ਦੀ ਪੜਚੋਲ ਕਰਦਿਆਂ ਸਰਕਾਰ ਉਸਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੀ ਮਾਲੀ ਸਹਾਇਤਾ ਦੇਵੇ।ਅਤਿਅੰਤ ਦੀ ਜੱਦੋਜਹਿਦ ਉਪਰੰਤ ਧਰਨੇ ਦੇ ਦੂਜੇ ਦਿਨ ਏ.ਡੀ.ਸੀ ਵਰਿੰਦਰਪਾਲ ਸਿੰਘ ਬਾਜਵਾ ਨੇ ਨੰਬਰਦਾਰ ਦੀ ਪਤਨੀ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਬਾਕੀ ਮੰਗਾਂ ਮੰਨੇ ਜਾਣ ਦਾ ਭਰੋਸਾ ਦੇਣ ਉਪਰੰਤ ਨੰਬਰਦਾਰ ਦੇ ਸੰਸਕਾਰ ਕਰਨ ਦੀ ਸਹਿਮਤੀ ਬਣੀ। ਸਮੂਹ ਲੋਕਾਂ ਅਤੇ ਆਗੂਆਂ ਨੇ ਨੰਬਰਦਾਰ ਨੂੰ ਸ਼ਹੀਦ ਮੰਨਦਿਆਂ ਨੰਬਰਦਾਰ ਦੀ ਮ੍ਰਿਤਕ ਦੇ ਨੂੰ ਤਿਰੰਗੇ ਝੰਡੇ ਨਾਲ ਲਿਪਟਾਇਆ। ਯੂਨੀਅਨ ਦੇ ਆਗੂਆਂ ਅਸ਼ੋਕ ਸੰਧੂ, ਜਗਨ ਨਾਥ ਚਾਹਲ, ਤਰਸੇਮ ਲਾਲ, ਸ਼ਰਧਾ ਰਾਮ ਤੋਂ ਇਲਾਵਾ ਅਜੀਤ ਰਾਮ, ਸੀਤਾ ਰਾਮ ਸੋਖਲ, ਦਿਨਕਰ ਸੰਧੂ ਨੇ ਸ਼ਰਧਾਪੂਰਵਕ ਪੁਸ਼ਪਾਂਜਲੀ ਰਿੰਗ ਦਾ ਸਨਮਾਨ ਭੇਂਟ ਕੀਤਾ। ਯੂਨੀਅਨ ਨੇ ਕਿਹਾ ਕਿ ਨੰਬਰਦਾਰ ਦੀ ਕੁਰਬਾਨੀ ਬਹੁਤ ਵੱਡੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਿਰਫ 5 ਲੱਖ ਰੁਪਏ ਦੇਣੇ ਇੱਕ ਕੋਝੇ ਮਜ਼ਾਕ ਤੋਂ ਇਲਾਵਾ ਕੁੱਝ ਵੀ ਨਹੀਂ। ਸੰਸਕਾਰ ਮੌਕੇ ਲੋਕਾਂ ਵੱਲੋਂ ਜਿੱਥੇ ਸ਼ਹੀਦ ਰਾਮ ਗੋਪਾਲ ਨੰਬਰਦਾਰ ਅਮਰ ਰਹੇ ਦੇ ਨਾਅਰੇ ਲਗਾਏ ਗਏ ਉੱਥੇ ਨੰਬਰਦਾਰ ਦੀ ਕੁਰਬਾਨੀ ਦੀ ਕੀਮਤ ਸਿਰਫ 5 ਲੱਖ ਰੁਪਏ ਲਗਾਉਣ ਦੀ ਨਿਖੇਧੀ ਵੀ ਕੀਤੀ ਗਈ।

 

Previous articleਜ਼ਿੰਦਗੀ ਵਿੱਚ ਕਿਤਾਬਾਂ ਦਾ ਮਹੱਤਵ:
Next articleਭਾਸ਼ਾ ਵਿਭਾਗ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਾਜ਼ਾ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ