ਭਾਸ਼ਾ ਵਿਭਾਗ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਾਜ਼ਾ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ

ਪੁਸਤਕਾਂ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ- ਜਸਪ੍ਰੀਤ ਕੌਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਬੱਚਿਆਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਮਨੋਰਥ ਨਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਬਾਜ਼ਾ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਰੁਚੀ ਦਿਖਾਉਂਦਿਆਂ ਵੱਡੀ ਗਿਣਤੀ ਕਿਤਾਬਾਂ ਦੀ ਖ਼ਰੀਦੋ ਫਰੋਖ਼ਤ ਕੀਤੀ ਗਈ। ਸੂਬਾ ਪੱਧਰ ਤੇ ਆਪਣੀਆਂ ਸੁੰਦਰ ਲਿਖਤਾਂ ਰਾਹੀਂ ਨਾਮਣਾ ਖੱਟਣ ਵਾਲੇ ਕੈਲੀਗਰਾਫਰ ਅਧਿਆਪਕ ਕੰਵਰਦੀਪ ਸਿੰਘ ਦੇ ਸਹਿਯੋਗ ਨਾਲ ਲਗਾਈ ਪ੍ਰਦਰਸ਼ਨੀ ਦੌਰਾਨ ਭਾਸ਼ਾ ਵਿਭਾਗ ਵੱਲੋਂ ਬਾਲ ਸਾਹਿਤ, ਛੋਟੀਆਂ ਕਹਾਣੀਆਂ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਕਿਹਾ ਕਿ ਬੱਚਿਆਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ, ਇਹ ਉਨ੍ਹਾਂ ਦੀ ਸ਼ਖ਼ਸੀਅਤ ਨਿਖ਼ਾਰਨ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ।

ਉਨ੍ਹਾਂ ਨੇ ਕਿਹਾ ਬੱਚਿਆਂ ਵਿੱਚ ਪੁਸਤਕਾਂ ਪੜ੍ਹਨ ਪ੍ਰਤੀ ਰੁਚੀ ਪੈਦਾ ਕਰਨ ਲਈ ਅਧਿਆਪਕ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਬੋਲਦਿਆਂ ਕੈਲੀਗਰਾਫਰ ਅਧਿਆਪਕ ਕੰਵਰਦੀਪ ਸਿੰਘ ਨੇ ਕਿਹਾ ਕਿ ਪੁਸਤਕਾਂ ਪੜ੍ਹਨ ਦੀ ਰੁਚੀ ਨਾਲ਼ ਜਿੱਥੇ ਅਸੀਂ ਨਵੀਂ ਜਾਣਕਾਰੀ ਦਾ ਭੰਡਾਰ ਇੱਕਠਾ ਕਰਦੇ ਹਾਂ, ਉੱਥੇ ਹੀ ਸਾਨੂੰ ਕੁਝ ਨਵਾਂ ਸਿਰਜਣ ਦੀ ਤਾਂਘ ਪੈਦਾ ਹੁੰਦੀ ਹੈ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਕਿਹਾ ਕਿ ਉਹ ਪੁਸਤਕਾਂ ਨਾਲ ਜੁੜਨ, ਤਾਂ ਜ਼ੋ ਬੱਚਿਆਂ ਵਿੱਚ ਵੀ ਰੁਚੀ ਪੈਦਾ ਹੋਵੇ।ਇਸ ਮੌਕੇ ਅਧਿਆਪਕ ਅਪਿੰਦਰ ਸਿੰਘ ਨੇ ਕਿਹਾ ਕਿ ਪੁਸਤਕਾਂ ਵਿੱਚੋਂ ਸਾਨੂੰ ਭਰਪੂਰ ਜਾਣਕਾਰੀ ਮਿਲਦੀ ਹੈ, ਜ਼ੋ ਭਵਿੱਖ ਵਿੱਚ ਕੰਮ ਆਉਂਦੀ ਹੈ।ਇਸ ਮੌਕੇ ਸਾਹਿਤਕਾਰ ਮੀਨਾਕਸ਼ੀ ਸ਼ਰਮਾ, ਬਲਬੀਰ ਸਿੰਘ ਸਿੱਧੂ, ਨਵਦੀਪ ਕੌਰ, ਅਪਿੰਦਰ ਸਿੰਘ, ਜਗਮੋਹਣ ਸਿੰਘ ਥਿੰਦ , ਸੁਖਦੀਪ ਸਿੰਘ ਆਦਿ ਹਾਜ਼ਰ ਸਨ।

 

Previous articleਨੰਬਰਦਾਰ ਰਾਮ ਗੋਪਾਲ ਨੂੰ ਤਿਰੰਗੇ ਝੰਡੇ ਅਤੇ ਪੁਸ਼ਪਾਂਜਲੀ ਰਿੰਗ ਦੇ ਸਨਮਾਨ ਨਾਲ ਰੁਖ਼ਸਤ ਕੀਤਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next articleਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ