ਭਾਗ 29
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਮੇਰਾ ਪਿੰਡ ਘੁਮਿਆਰਾ ਦੀ ਗੱਲ ਕਰਦੇ ਸਮੇਂ ਉਸ ਸਮੇਂ ਪਹਿਣੇ ਜਾਂਦੇ ਕਪੜੇ ਲੀੜਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਕਪੜੇ ਮਨੁੱਖ ਦੀ ਪਹਿਚਾਣ ਹਨ। ਮਨੁੱਖ ਦੇ ਵਿਕਾਸ ਨਾਲ ਹੀ ਕੱਪੜਿਆਂ ਦਾ ਵਿਕਾਸ ਹੁੰਦਾ ਰਿਹਾ ਹੈ। ਓਦੋਂ ਅੱਜ ਕੱਲ੍ਹ ਵਾਂਗੂ ਬ੍ਰਾਂਡਡ ਦਾ ਯੁੱਗ ਨਹੀਂ ਸੀ। ਹਰ ਇੱਕ ਦੀ ਸ਼ਹਿਰੋਂ ਕਪੜਾ ਖਰੀਦਣ ਦੀ ਪਹੁੰਚ ਵੀ ਨਹੀਂ ਸੀ ਹੁੰਦੀ। ਵਿਆਹ ਸ਼ਾਦੀ ਦੇ ਮੌਕੇ ਲੋਕ ਮੰਡੀ ਤੋਂ ਕਪੜਾ ਖਰੀਦਣ ਜਾਂਦੇ। ਲੋਕ ਭੋਲੇ ਹੁੰਦੇ ਸਨ ਇਸ ਲਈ ਕੁਝ ਲੋਕ ਕਿਸੇ ਮਹਾਜਨ ਜਾਂ ਸਿਆਣੀ ਔਰਤ ਨੂੰ ਆਪਣੀ ਸਹੂਲੀਅਤ ਲਈ ਨਾਲ ਲ਼ੈ ਜਾਂਦੇ।। ਪ੍ਰੰਤੂ ਬਹੁਤੇ ਵਾਰੀ ਨਾਲ ਗਿਆ ਲਾਲਾ ਜਾਂ ਕੋਈਂ ਹੋਰ ਆਪਣਾ ਕਮਿਸ਼ਨ ਖਰਾ ਕਰ ਲੈਂਦਾ। ਪਿੰਡ ਦੇ ਆਦਮੀ ਘਰ ਦੇ ਬੁਣੇ ਖੱਦਰ ਦੇ ਕੁੜਤੇ ਹੀ ਪਾਉਂਦੇ ਸਨ ਜੋ ਗੋਡਿਆਂ ਤੱਕ ਨੀਵਾਂ ਹੁੰਦਾ ਸੀ। ਨੀਵਾਂ ਕੁੜਤਾ ਅਤੇ ਕਮੀਜ਼ ਸੰਗ ਸ਼ਰਮ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਜਿਸਨੂੰ ਇਹ ਲੋਕ ਝੱਗਾ ਆਖਦੇ ਸਨ ਤੇੜ ਚਾਦਰਾ ਬੰਨ੍ਹਦੇ ਸਨ। ਸਿਰ ਤੇ ਕੋਈਂ ਪੱਗ ਬੰਨਦੇ ਜਾਂ ਕੋਈਂ ਸਾਫ਼ਾ ਪਰਨਾ ਲਪੇਟਦੇ ਸਨ। ਔਰਤਾਂ ਸਲਵਾਰ ਕਮੀਜ਼ ਹੀ ਪਾਉਂਦੀਆਂ । ਸਲਵਾਰ ਨੂੰ ਸੁਥਣ ਕਿਹਾ ਜਾਂਦਾ ਸੀ। ਸਿਰ ਤੇ ਵੱਡੀ ਸਾਰੀ ਚੁੰਨੀ ਹੁੰਦੀ ਸੀ। ਸਰਦੀਆਂ ਵਿੱਚ ਇਹ ਔਰਤਾਂ ਘਰੇ ਬੁਣੀ ਖੇਸੀ ਦੀ ਬੁੱਕਲ ਮਾਰਦੀਆਂ ਸਨ। ਕੁਝ ਔਰਤਾਂ ਜੋ ਕਿਸੇ ਵਿਸ਼ੇਸ਼ ਬਰਾਦਰੀ ਨਾਲ ਸਬੰਧ ਰੱਖਦੀਆਂ ਸਨ ਉਹ ਘੱਗਰੀ ਦੇ ਉੱਪਰ ਕੁੜਤੀ ਪਾਉਂਦੀਆਂ ਤੇ ਸਿਰ ਤੇ ਪੈਰਾਂ ਤੱਕ ਲੰਮਕਦੀ ਚੁੰਨੀ ਜਿਹੀ ਲੈਂਦੀਆਂ ਜਿਸ ਨੂੰ ਸ਼ਾਇਦ ਓਡਣੀ ਕਹਿੰਦੇ ਸਨ। ਆਦਮੀ ਲੋਕ ਗਰਮ ਉੱਨ ਦਾ ਬਣਿਆ ਕੰਬਲ ਲੈਂਦੇ। ਜਿਸਨੂੰ ਉਹ ਧੁੱਸਾ ਕਿਹਾ ਜਾਂਦਾ ਸੀ। ਨੰਗੇ ਸਿਰ ਆਉਣ ਜਾਣ ਨੂੰ ਮਾੜਾ ਸਮਝਿਆ ਜਾਂਦਾ ਸੀ। ਫਸਲ ਕੱਢਦੇ ਸਮੇਂ ਕਿਸੇ ਨੂੰ ਨੰਗੇ ਸਿਰ ਪਿੜਾਂ ਵਿੱਚ ਜਾਣ ਦੀ ਆਗਿਆ ਨਹੀਂ ਸੀ ਹੁੰਦੀ। ਤਕਰੀਬਨ ਹਰ ਕੋਈਂ ਪਿੰਡ ਚ ਬਣੀ ਜੁੱਤੀ ਪਾਉਂਦਾ। ਜੋ ਧੌੜੀ ਦੀ ਬਣੀ ਹੁੰਦੀ ਸੀ। ਚੰਗੇ ਪੈਸੇ ਵਾਲੇ ਜਾਂ ਕਿਸੇ ਖ਼ਾਸ ਮੌਕੇ ਤੇ ਉਹ ਕੱਢਵੀਂ ਜੁੱਤੀ ਜਾਂ ਖੋਸੇ ਜੋਡ਼ੇ ਪਾਉਂਦੇ। ਕੁਝ ਲੋਕ ਨੇੜਲੇ ਸ਼ਹਿਰਾਂ ਚੋ ਪਿੰਡ ਵਿੱਚ ਕਪੜਾ ਵੇਚਣ ਆਉਂਦੇ। ਕੁਝ ਖੋਤੀ ਤੇ ਆਉਂਦੇ ਤੇ ਕਈ ਆਪਣੀ ਢੂਹੀ ਤੇ ਗੱਠੜੀ ਰੱਖਕੇ ਵੇਚਦੇ। ਫਿਰ ਇਹ ਸਾਈਕਲਾਂ ਤੇ ਆਉਣ ਲੱਗੇ। ਇਹ੍ਹਨਾਂ ਨੂੰ ਡੱਗ਼ੀ ਵਾਲੇ ਕਹਿੰਦੇ ਸਨ। ਇਹ ਘਰ ਘਰ ਜਾਕੇ ਕਪੜਾ ਵੇਚਦੇ। ਇਹ ਲਗਭਗ ਪੱਕੇ ਹੀ ਆਉਂਦੇ ਸਨ ਤੇ ਇਹ੍ਹਨਾਂ ਨੇ ਆਪਣੀ ਪਹਿਚਾਣ ਬਣਾਈ ਹੁੰਦੀ ਸੀ। ਲੋਕ ਇੱਕ ਦੂਜੇ ਤੋਂ ਜੁੱਤੀ ਜੋੜਾ ਮੰਗਕੇ ਵੀ ਬੁੱਤਾ ਸਾਰਦੇ ਸਨ। ਆਮ ਲੋਕ ਬੋਸਕੀ ਦੇ ਫ਼ਟੇਦਾਰ ਪਜਾਮੇ ਪਾਉਂਦੇ। ਕੱਛਾ ਵੀ ਦੇਸੀ ਹੁੰਦਾ ਸੀ ਨਾੜੇ ਵਾਲਾ। ਔਰਤ ਦੀ ਸਲਵਾਰ ਦੇ ਪਹੁੰਚੇ ਕਛਿਹਰੇ ਵਾਲ਼ੀ ਤਕਨੀਕ ਨਾਲ ਬਣਾਏ ਹੁੰਦੇ ਸਨ। ਕੋਈਂ ਵਿਰਲਾ ਹੀ ਆਦਮੀ ਬਨੈਣ ਪਾਉਂਦਾ ਸੀ ਅਤੇ ਕਈ ਥੱਲ੍ਹੇ ਮਲਮਲ ਦੀ ਬਾਸਕਟ ਪਾਉਂਦੇ ਸਨ। ਬਹੁਤੀਆਂ ਔਰਤਾਂ ਨੂੰ ਬਰਾ ਬਾਰੇ ਜਾਣਕਾਰੀ ਨਹੀਂ ਸੀ ਹੁੰਦੀ। ਉਹ ਅੰਡਰ ਸ਼ਰਟ ਪਾਉਂਦੀਆਂ। ਆਮ ਕਰਕੇ ਉਹ ਸਮੀਜ ਲਫ਼ਜ਼ ਵਰਤਦੀਆਂ ਸੀ। ਤਿੰਨ ਚਾਰ ਸਾਲ ਦੀ ਉਮਰ ਦੇ ਮੁੰਡੇ ਤਾਂ ਨੰਗ ਧੜੰਗੇ ਫਿਰਦੇ ਰਹਿੰਦੇ ਸਨ। ਬਹੁਤੇ ਸਕੂਲਾਂ ਚ ਵਰਦੀ ਜ਼ਰੂਰੀ ਨਹੀਂ ਸੀ ਹੁੰਦੀ। ਫਿਰ ਇਹ ਖਾਕੀ ਕਮੀਜ਼ ਤੇ ਖਾਕੀ ਪੈਂਟ ਆਈ। ਫਿਰ ਖਾਕੀ ਕਮੀਜ਼ ਦੀ ਬਜਾਇ ਇਹ ਸਫੈਦ ਕਮੀਜ਼ ਲੱਗ ਗਈ। ਪੈਰਾਂ ਵਿੱਚ ਬਾਟੇ ਦੇ ਖਾਕੀ ਬੂਟ। ਕਈ ਵਾਰੀ ਸਫੈਦ ਬੂਟ ਵੀ ਲਗਾ ਦਿੰਦੇ ਸਨ। ਮੈਂ ਵੇਖਿਆ ਕਿ ਮੇਰੇ ਘੁਮਿਆਰੇ ਵਰਦੀ ਨੂੰ ਲੈਕੇ ਬਹੁਤੀ ਸਖ਼ਤਾਈ ਨਹੀਂ ਸੀ ਹੁੰਦੀ। ਸਿਆਸੀ ਲੋਕ ਨੀਲੀਆਂ ਸਫੈਦ ਕੇਸਰੀ ਪੱਗ ਆਪਣੀ ਪਹਿਚਾਣ ਬਣਾਉਣ ਲਈ ਬੰਨ੍ਹਦੇ। ਘੁਮਿਆਰੇ ਇਹ ਰਿਵਾਜ ਘੱਟ ਹੀ ਸੀ। ਸਰਕਾਰੀ ਸਕੂਲਾਂ ਦੇ ਅਧਿਆਪਕ ਪੈਂਟ ਸ਼ਰਟ ਕੋਟ ਪੈਂਟ ਪਹਿਨਦੇ।।ਉਹਨਾਂ ਨੂੰ ਟਾਈ ਲਗਾਉਣ ਦਾ ਵੀ ਗਿਆਨ ਸੀ। ਪ੍ਰੰਤੂ ਪੇਂਡੂ ਲੋਕ ਪੈਂਟ ਨੂੰ ਪੱਦ ਘੁਟਨੀ ਕਹਿੰਦੇ। ਮੇਰੀ ਮਾਂ ਸ਼ਹਿਰ ਰਹਿੰਦੀ ਮੇਰੀ ਮਾਸੀ ਦੇ ਜੁਆਕਾਂ ਦੀ ਰੀਸ ਨਾਲ ਸਾਡੇ ਦੋਹਾਂ ਭਰਾਵਾਂ ਲਈ ਨਿੱਕਰਾਂ ਸਵਾਉਂਦੀ। ਫਿਰ ਉਹ ਪੈਂਟ ਸ਼ਰਟ ਵੀ ਸਲਾਉਣ ਲੱਗੀ। ਮੇਰੇ ਯਾਦ ਹੈ ਕਿ ਬਾਬੇ ਚੁਬਾਰੇ ਦੇ ਮੁੰਡੇ ਦੀ ਜੰਞ ਜੋ ਰਾਜਸਥਾਨ ਦੇ ਸਾਬੂਆਣਾ ਪਿੰਡ ਜਾਣੀ ਸੀ ਮੈਂ ਟੈਰਾਲੀਨ ਦੀ ਸ਼ਰਟ ਬਣਵਾਈ ਸੀ ਤੇ ਗੈਵਾਡੀਨ ਦੀ ਪੈਂਟ। ਓਦੋਂ ਵੀ ਸ਼ੇਪ ਚੱਪਲਾਂ ਵੀ ਘੱਟ ਹੀ ਆਈਆਂ ਸਨ। ਪੈਨਸ਼ਨ ਆਏ ਫੌਜੀ ਲੰਮੀਆਂ ਜੁਰਾਬਾਂ ਪਾਉਂਦੇ। ਜਦੋਂ ਵੀ ਜੰਗ ਫੌਜੀ ਮਿਲਟਰੀ ਕੰਟੀਨ ਚੋ ਸਮਾਨ ਲੈਣ ਜਾਂਦਾ ਤਾਂ ਮੇਰੇ ਦਾਦਾ ਜੀ ਵੀ ਉਸ ਤੋਂ ਆਪਣੇ ਲਈ ਲੰਮੀਆਂ ਜੁਰਾਬਾਂ ਤੇ ਬਰਾਂਡੀ ਜ਼ਰੂਰ ਮੰਗਵਾਉਂਦਾ। ਲੋਕਾਂ ਦੀ ਮਾਲੀ ਹਾਲਤ ਬਾਹਲੀ ਵਧੀਆ ਨਾ ਹੋਣ ਕਰਕੇ ਆਮਲੋਕ ਸੋਨੇ ਦੇ ਬਹੁਤ ਘੱਟ ਪਾਉਂਦੇ ਸਨ। ਔਰਤਾਂ ਦੇ ਗਲੇ ਵਿਚ ਗੋਲ ਮੋਹਰਾਂ ਪਾਈਆਂ ਹੁੰਦੀਆਂ ਸਨ ਜੋ ਪੰਜ ਸੱਤ ਗਿਆਰਾਂ ਦੀ ਗਿਣਤੀ ਵਿੱਚ ਹੁੰਦੀਆਂ ਸਨ। ਰਿਸ਼ਤੇ ਦੀ ਵਿਚੋਲਗਿਰੀ ਦੇ ਇਵਜ ਵਿੱਚ ਛਾਪ ਜਾਂ ਮੋਹਰ ਦਿੱਤੀ ਜਾਂਦੀ ਸੀ। ਕੰਨਾਂ ਵਿੱਚ ਪੁਰਾਣੀਆਂ ਔਰਤਾਂ ਵੱਡੇ ਵੱਡੇ ਤੁੰਗਲ ਪਾਉਂਦੀਆਂ। ਨੱਕ ਵਿੱਚ ਨੱਥ ਅਤੇ ਸਿਰ ਤੇ ਟਿੱਕਾ, ਸੱਗੀ ਫੁੱਲੀਆਂ ਦਾ ਰਿਵਾਜ ਸੀ। ਮਰਦ ਲੋਕ ਵੀ ਕੰਨ ਬਿਦਵਾਉਂਦੇ ਤੇ ਕੰਨਾਂ ਵਿੱਚ ਮੁਰਕੀਆਂ ਪਾਉਂਦੇ। ਬਾਕੀ ਪੈਸੇ ਵਾਲਿਆਂ ਲਈ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁੰਦੀ। ਮੇਰੇ ਘੁਮਿਆਰੇ ਵਿੱਚ ਚਿੱਟੇ ਕੁੜਤੇ ਪਜਾਮੇ ਪਾਕੇ ਮੁੱਛਾਂ ਨੂੰ ਵੱਟ ਦੇਣ ਵਾਲਿਆਂ ਦੀ ਕਮੀ ਨਹੀਂ ਸੀ। ਘੁਮਿਆਰੇ ਦਾ ਕਲਚਰ ਵਧੀਆ ਸੀ। ਲੋਕਾਂ ਵਿੱਚ ਫੁਕਰਾਪਨ ਨਹੀਂ ਸੀ। ਉਹ ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿੱਚ ਗਾਜਰਾਂ ਵਾਲੀ ਗੱਲ ਨਹੀਂ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj