(ਸਮਾਜ ਵੀਕਲੀ) ਬਹੁਜਨਾਂ ਦੇ ਮਸੀਹਾ, ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ, ਮਹਾਨ ਤਿਆਗੀ, ਮਹਾਨ ਤਪੱਸਵੀ, ਬਹੁਜਨਾਂ ਦੇ ਮਾਰਗ ਦਰਸ਼ਕ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਤਿਆਗ ਅਤੇ ਸਘੰਰਸ਼ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੇ ਜਿਉਂਦੇ ਜੀਅ ਹੀ ਜਨਤਕ ਤੌਰ ਤੇ ਇਹ ਇੱਛਾ ਜ਼ਾਹਿਰ ਕਰ ਦਿੱਤੀ ਸੀ ਕਿ ਮੇਰੀਆਂ ਅਸਥੀਆਂ ਨੂੰ ਜਲ ਪ੍ਰਵਾਹ ਨਾ ਕੀਤਾ ਜਾਵੇ, ਸਗੋਂ ਦਿੱਲੀ ਤੇ ਲਖਨਊ ਸਥਿਤ ਦਫ਼ਤਰਾਂ ਵਿੱਚ ਬਣੇ ਬਹੁਜਨ ਪ੍ਰੇਰਨਾ ਕੇਂਦਰਾਂ ਵਿੱਚ ਰੱਖਿਆ ਜਾਵੇ। ਸਾਹਿਬ ਦੀ ਵਿਰਾਸਤ ਦੀ ਮਾਲਿਕ ਕੁਮਾਰੀ ਮਾਇਆਵਤੀ ਨੇ ਹੂ- ਬੂ-ਹੂ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪੂਰਾ ਕੀਤਾ। ਯਾਦ ਰਹੇ 15 ਸਤੰਬਰ 2003 ਨੂੰ ਹੈਦਰਾਬਾਦ ਵਿੱਚ ਉਨ੍ਹਾਂ ਨੂੰ ਬ੍ਰੇਨ ਸਟਰੋਕ ਹੋਣ ਦੀ ਵਜ੍ਹਾ ਕਾਰਨ ਉਸ ਤੋਂ ਅਗਲੇ ਦਿਨ ਸਾਹਿਬ ਨੂੰ ਦਿੱਲੀ ਦੇ ਬਤਰਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ । ਸਾਹਿਬ ਦੀ ਮੌਤ ਨੂੰ ਲੈਕੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਕਿ ਕੁਮਾਰੀ ਮਾਇਆਵਤੀ ਨੇ ਜ਼ਬਰੀ ਕੈਦ ਕਰਕੇ ਰੱਖਿਆ ਹੋਇਆ ਹੈ, ਦੇ ਸੰਸੰਬੰਧ ਵਿੱਚ 8 ਅਪ੍ਰੈਲ 2005 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਨੂੰ ਸਾਹਿਬ ਦੀ ਜਿਸਮਾਨੀ ਤੇ ਦਿਮਾਗੀ ਹਾਲਤ ਦਾ ਜਾਇਜ਼ਾ ਲੈਣ ਦੀ ਹਦਾਇਤ ਕੀਤੀ ਸੀ। ਬਾਅਦ ਵਿੱਚ ਉੱਕਤ ਟੀਮ ਨੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਬਾਬੂ ਕਾਂਸ਼ੀ ਰਾਮ ਜੀ ਆਪਣੀ ਮਰਜ਼ੀ ਮੁਤਾਬਿਕ ਕੁਮਾਰੀ ਮਾਇਆਵਤੀ ਦੇ ਕੋਲ ਰਹਿ ਰਹੇ ਹਨ। ਉੱਧਰ ਡਾਕਟਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਲਕਵੇ ਦਾ ਅਟੈਕ ਹੋਣ ਕਰਕੇ, ਸਾਹਿਬ ਦੇ ਖੱਬੇ ਪਾਸੇ ਦੇ ਸਾਰੇ ਅੰਗਾਂ ਨੇ ਇੱਕ-ਇੱਕ ਕਰਕੇ ਕੰਮ ਕਰਨਾ ਬੰਦ ਕਰ ਦਿੱਤਾ ਸੀ । ਸਾਹਿਬ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭੈਣ ਹਰਬੰਸ ਕੌਰ ਨੇ ਦਿੱਲੀ ਦੀ ਹਾਈਕੋਰਟ ਵਿੱਚ ਪੋਸਟਮਾਰਟਮ ਕਰਵਾਉਣ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ, ਨੇ ਸਿਰੇ ਤੋਂ ਖਾਰਜ਼ ਕਰ ਦਿੱਤਾ ਤੇ ਮਾਨਯੋਗ ਅਦਾਲਤ ਨੇ ਪਰਿਵਾਰਕ ਮੈਂਬਰਾਂ ਨੂੰ ਸਾਹਿਬ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਫਰਵਰੀ, 2005 ਦੀ ਪਾਰਟੀ ਸਟੇਟਮੈਂਟ ਦੇ ਮੁਤਾਬਿਕ ਸਾਹਿਬ ਦੇ ਇਲਾਜ ਤੇ 50 ਲੱਖ ਰੁਪਿਆ ਖਰਚ ਹੋ ਚੁੱਕਿਆ ਸੀ। 9 ਅਕਤੂਬਰ, 2006 ਨੂੰ ਜਦੋਂ ਸਾਹਿਬ ਨੇ (8 ਅਕਤੂਬਰ ਦੀ ਰਾਤ ਨੂੰ ) 12.20 ਮਿੰਟ ਤੇ ਆਪਣਾ ਆਖ਼ਰੀ ਸਵਾਸ ਲਿਆ ਤਾਂ ਕੁਮਾਰੀ ਮਾਇਆਵਤੀ ਹਿਮਾਯੂੰ ਰੋਡ ਸਥਿਤ ਆਪਣੇ ਨਿਵਾਸ ਤੇ, ਸਾਹਿਬ ਦੇ ਕੋਲ ਹੀ ਸੀ। ਅੰਤਿਮ ਸੰਸਕਾਰ ਤੋਂ ਪਹਿਲਾਂ ਸਾਹਿਬ ਦੇ ਮ੍ਰਿਤਕ ਸਰੀਰ ਨੂੰ ਗੁਰਦੁਆਰਾ ਰਕਾਬਗੰਜ ਰੋਡ ਤੇ ਸਥਿਤ ਬਸਪਾ ਦੇ ਕੇਂਦਰੀ ਦਫ਼ਤਰ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਸਾਹਿਬ ਦੇ ਆਖ਼ਰੀ ਦਰਸ਼ਨ ਕਰਨ ਵਾਲਿਆਂ ਵਿੱਚ ਤੱਤਕਾਲੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਮੁਲਾਇਮ ਸਿੰਘ ਯਾਦਵ (ਤੱਤਕਾਲੀ ਮੁੱਖ ਮੰਤਰੀ ਉੱਤਰ ਪ੍ਰਦੇਸ਼), ਐਲ. ਕੇ. ਅਡਵਾਨੀ ( ਸਾਬਕਾ ਉਪ ਪ੍ਰਧਾਨ ਮੰਤਰੀ) ਵੀ.ਪੀ. ਸਿੰਘ (ਸਾਬਕਾ ਪ੍ਰਧਾਨ ਮੰਤਰੀ), ਰਾਮ ਵਿਲਾਸ ਪਾਸਵਾਨ (ਕੇਂਦਰੀ ਰਸਾਇਣ ਤੇ ਖਾਦ ਮੰਤਰੀ) ਤੋਂ ਇਲਾਵਾ ਹੋਰ ਵੀ ਕਈ ਕੌਮੀ ਪੱਧਰ ਦੇ ਨੇਤਾਵਾਂ ਨੇ ਸਾਹਿਬ ਨੂੰ ਸਰਧਾਂਜ਼ਲੀਆਂ ਭੇਟ ਕੀਤੀਆਂ। ਅਖ਼ੀਰ ਬੁੱਧ ਧਰਮ ਦੀਆਂ ਰਸਮਾਂ ਮੁਤਾਬਿਕ ਸਾਹਿਬ ਦਾ ਨਿਗਮ ਬੋਧ ਘਾਟ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਾਹਿਬ ਦੀ ਮ੍ਰਿਤਕ ਦੇਹ ਨੂੰ ਅਗਨੀ, ਉਨ੍ਹਾਂ ਦੀ ਵਿਰਾਸਤ ਦੀ ਜਾਨਸ਼ੀਨ ਕੁਮਾਰੀ ਮਾਇਆਵਤੀ ਨੇ ਵਿਖਾਈ। ਖੁਵਾਸਪੁਰਾ ਵਿੱਚ ਰਹਿੰਦੇ ਸਾਹਿਬ ਦੇ ( ਗੁਰੂ ) ਮਾਸਟਰ ਰਹੇ ਮੇਹਰ ਸਿੰਘ ਦੱਸਦੇ ਹਨ ਕਿ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਾਂਸ਼ੀ ਰਾਮ ਨਾਂ ਦਾ ਉਸ ਦਾ ਸਟੂਡੈਂਟ ਰਿਹਾ ਇੱਕ ਦਿਨ ਭਾਰਤੀ ਸਿਆਸਤ ਦੀ ਵਿਆਕਰਣ ਹੀ ਬਦਲ ਕੇ ਰੱਖ ਦੇਵੇਗਾ। ਉਸ ਮਾਨਯੋਗ ਸ਼ਖ਼ਸ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ। ਉੱਧਰ ਵਕਤ ਦਾ ਤਕਾਜ਼ਾ ਵੇਖੋ ਕਿ ਸਾਹਿਬ ਦੀ ਮਾਤਾ ਬਿਸ਼ਨ ਕੌਰ ਦੀ ਆਪਣੀ ਆਖ਼ਰੀ ਇੱਛਾ ਸੀ ਕਿ ਜਦੋਂ ਉਹ ਮਰੇ ਤਾਂ ਉਸ ਦੀਆਂ ਅਸਥੀਆਂ ਨੂੰ ਉਸਦਾ ਵੱਡਾ ਪੁੱਤਰ ਕਾਂਸ਼ੀ ਰਾਮ ਆਪਣੇ ਹੱਥੀਂ ਜਲ ਪ੍ਰਵਾਹ ਕਰੇ। ਪਰ 21 ਦਸੰਬਰ, 2005 ਨੂੰ ਮਾਤਾ ਬਿਸ਼ਨ ਕੌਰ ਆਪਣੇ ਪੁੱਤਰ ਨੂੰ ਮੁੜ ਤੰਦਰੁਸਤ ਹੋਇਆ ਵੇਖਣ ਦੀ ਚਾਹਤ ਦਿਲ ਵਿੱਚ ਲੈਕੇ ਪ੍ਰਲੋਕ ਸੁਧਾਰ ਗਈ। ਮਾਤਾ ਬਿਸ਼ਨ ਕੌਰ ਦੀਆਂ ਅਸਥੀਆਂ, ਸਾਹਿਬ ਕਾਂਸ਼ੀ ਰਾਮ ਦੀ ਮੌਤ ਤੱਕ ਸੰਭਾਲ ਕੇ ਰੱਖੀਆਂ ਗਈਆਂ ਸਨ। ਅਫ਼ਸੋਸ ਕਿ ਮਾਤਾ ਬਿਸ਼ਨ ਕੌਰ ਦੀ ਅੰਤਿਮ ਇੱਛਾ ਪੂਰੀ ਨਾ ਹੋ ਸਕੀ ਤੇ ਉੱਧਰ ਸਾਹਿਬ ਦੀ ਇਹ ਗੱਲ ਕਹੀ ਸੌ ਫੀਸਦੀ ਸੱਚ ਸਾਬਿਤ ਹੋਈ ਕਿ ਕੀ ਪਤਾ ਮੈਂ ਆਪਣੀ ਮਾਤਾ ਦੀ ਚਿਤਾ ਉੱਤੇ ਲੱਕੜੀ ਵੀ ਨਾ ਪਾ ਸਕਾਂ।
ਤੁਹਾਡੀ ਕੋਸ਼ਿਸ਼ ਪਾਰਟੀ ਵਿੱਚ ਸੁਧਾਰ ਕਰਨ ਦੀ ਹੋਣੀ ਚਾਹੀਦੀ ਹੈ ਨਾ ਕਿ ਪਾਰਟੀ ਬਦਲਣ ਦੀ- ਸਾਹਿਬ ਸ੍ਰੀ ਕਾਂਸ਼ੀ ਰਾਮ ਜੀ।
ਪੇਸ਼ ਕਰਦੇ ਹਨ।
ਇੰਜੀਨੀਅਰ ਤੇਜਪਾਲ ਸਿੰਘ
94177-94756
ਯੁੱਗ ਪੁਰਸ ਬਹੁਜਨ ਮਹਾਂ-ਨਾਇਕ
ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ -2
ਪੰਮੀ ਲਾਲੋ ਮਜਾਰਾ-95011-43755
ਸਾਡੇ ਮਹਾਂ ਪੁਰਸ਼ਾਂ ਦੀ ਵਿਚਾਰਧਾਰਾ ਵਾਰੇ ਹਰ ਰੋਜ ਇੱਕ ਲੇਖ ਲਿਖਦੇ ਹਾਂ ਇਸ ਨੂੰ ਘਰ ਘਰ ਤੱਕ ਪਹੁੰਚਾਉਣਾ ਤੁਹਾਡੀ ਵੀ ਜਿੰਮੇਵਾਰੀ ਬਣਦੀ ਹੈ।



