ਕਤਲ ਕੇਸ: ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਦਾ ਅਮਲ 18 ਤੱਕ ਮੁਲਤਵੀ

Dera Sacha Sauda chief Gurmeet Ram Rahim Singh.

ਪੰਚਕੂ਼ਲਾ (ਸਮਾਜ ਵੀਕਲੀ):  ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਚਾਰ ਹੋਰਨਾਂ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਸੁਣਵਾਉਣ ਦੇ ਅਮਲ ਨੂੰ 18 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਸੀਬੀਆਈ ਦੇ ਵਕੀਲ ਮੁਤਾਬਕ ਡੇਰਾ ਮੁਖੀ ਨੇ ਡੇਰੇ ਵੱਲੋਂ ਕੀਤੇ ਸਮਾਜ ਭਲਾਈ ਦੇ ਕੰਮਾਂ ਦਾ ਹਵਾਲਾ ਦਿੰਦਿਆਂ ਨਰਮੀ ਵਰਤੇ ਜਾਣ ਦੀ ਮੰਗ ਕੀਤੀ ਹੈ। ਹਾਲਾਂਕਿ ਸੀਬੀਆਈ ਨੇ ਡੇਰਾ ਮੁਖੀ ਦੀ ਇਸ ਅਪੀਲ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਆਈਪੀਸੀ ਦੀ ਧਾਰਾ 302 ਤਹਿਤ ‘ਸਿਖਰਲੀ ਸਜ਼ਾ’ ਦਿੱਤੀ ਜਾਵੇ। ਵਿਸ਼ੇਸ਼ ਸੀਬੀਆਈ ਕੋਰਟ ਨੇ ਲੰਘੇ ਸ਼ੁੱਕਰਵਾਰ ਨੂੰ ਡੇਰਾ ਮੁਖੀ ਤੇ ਚਾਰ ਹੋਰਨਾਂ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਹੋਰਨਾਂ ਮੁਲਜ਼ਮਾਂ ਵਿੱਚ ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਤੇ ਸਬਦਿਲ ਸ਼ਾਮਲ ਹਨ। ਡੇਰਾ ਮੁਖੀ ਡੇੇਰੇ ਦੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਸਾਲ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

ਸੀਬੀਆਈ ਦੇ ਵਿਸ਼ੇਸ਼ ਪ੍ਰਾਸੀਕਿਊਟਰ ਐੱਚ.ਪੀ.ਐੱਸ.ਵਰਮਾ ਨੇ ਕੋਰਟ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘ਕੁਝ ਹੋਰਨਾਂ ਦੋਸ਼ੀਆਂ ਨੇ ਅੱਜ ਕੋਰਟ ਵਿੱਚ ਦਲੀਲ ਦਿੱਤੀ ਕਿ ਉਹ ਬਹਿਸ ਲਈ ਤਿਆਰ ਨਹੀਂ ਹਨ, ਕਿਉਂਕਿ ਉਨ੍ਹਾਂ ਪ੍ਰਾਸੀਕਿਊਸ਼ਨ ਵੱਲੋਂ ਹਵਾਲਾ ਦਿੱਤੇ ਫੈਸਲਿਆਂ ’ਤੇ ਨਜ਼ਰਸਾਨੀ ਕਰਨੀ ਹੈ, ਲਿਹਾਜ਼ਾ ਉਨ੍ਹਾਂ ਨੂੰ ਅਜੇ ਹੋਰ ਸਮਾਂ ਦਿੱਤਾ ਜਾਵੇ।’ ਵਰਮਾ ਨੇ ਕਿਹਾ ਕਿ ਕੋਰਟ ਨੇ ਇਸ ਅਪੀਲ ’ਤੇ ਗੌਰ ਕਰਦਿਆਂ ਸਜ਼ਾ ਦੇ ਐਲਾਨ ਦੇ ਅਮਲ ਨੂੰ 18 ਅਕਤੂਬਰ ਤੱਕ ਅੱਗੇ ਪਾ ਦਿੱਤਾ।

ਵਰਮਾ ਨੇ ਕਿਹਾ ਕਿ ਉਧਰ ਡੇਰਾ ਮੁਖੀ ਨੇ ਨਰਮ ਸਲੂਕ ਕੀਤੇ ਜਾਣ ਦੀ ਅਪੀਲ ਕਰਦਿਆਂ ਇਕ ਲਿਖਤੀ ਬਿਆਨ ਵਿੱਚ ਡੇਰੇ ਵੱਲੋਂ ਕੀਤੇ ਗਏ ਖ਼ੂਨਦਾਨ ਕੈਂਪ, ਅੱਖਾਂ ਦਾ ਚੈਕਅੱਪ ਕੈਂਪ ਤੇ ਪੌਦੇ ਲਾਉਣ ਦੀ ਮੁਹਿੰਮ ਤੇ ਕੁਦਰਤੀ ਆਫ਼ਤਾਂ ਦੌਰਾਨ ਮਦਦ ਆਦਿ ਸਮਾਜ ਭਲਾਈ ਕੰਮਾਂ ਦਾ ਹਵਾਲਾ ਦਿੱਤਾ। ਡੇਰਾ ਮੁਖੀ ਨੇ ਬਿਆਨ ਵਿੱਚ ਬਲੱਡ ਪ੍ਰੈੱਸ਼ਰ, ਅੱਖਾਂ ਤੇ ਗੁਰਦੇ ਨਾਲ ਜੁੜੇ ਸਿਹਤ ਵਿਗਾੜਾਂ ਦਾ ਵੀ ਹਵਾਲਾ ਦਿੱਤਾ। ਉਧਰ ਡੇਰਾ ਮੁਖੀ ਤੇ ਹੋਰਨਾਂ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਧਾਰਾ 144 ਤਹਿਤ ਹੁਕਮ ਲਾਗੂ ਰਹੇ ਤੇ ਸਿਰਸਾ ਸਥਿਤ ਡੇਰੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਵੇਖਣ ਨੂੰ ਮਿਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਸ਼ਟਰਪਤੀ ਨੂੰ ਲਖੀਮਪੁਰ ਹਿੰਸਾ ਮਾਮਲੇ ’ਤੇ ਅੱਜ ਮਿਲੇੇਗਾ ਕਾਂਗਰਸੀ ਵਫ਼ਦ
Next articleਸ਼ੋਪੀਆਂ ਮੁਕਾਬਲਿਆਂ ’ਚ ਪੰਜ ਦਹਿਸ਼ਤਗਰਦ ਹਲਾਕ