ਆਪਸ ’ਚ ਸਿਆਸੀ ਪੇਚ ਫਸਾਉਣ ’ਚ ਮਸ਼ਹੂਰ ਨੇ ਪਟਿਆਲਵੀ, ਹੁਣ ਪੁਰਾਣੇ ਖਿਡਾਰੀਆਂ ਨੇ ਸ਼ੁਰੂ ਕੀਤੀ ਨਵੀਂ ਖੇਡ

ਪਟਿਆਲਾ, (ਸਮਾਜ ਵੀਕਲੀ): ਸੂਬੇ ਦੀਆਂ ਸਿਆਸੀ ਸਫਾਂ ’ਚ ਪਟਿਆਲਾ ਦੇ ਆਗੂਆਂ ਦਾ ਭਾਵੇਂ ਖਾਸ ਰੁਤਬਾ ਰਿਹਾ ਹੈ ਪਰ ਇਨ੍ਹਾਂ ਦੇ ਪੇਚੇ ਅਕਸਰ ਫਸਦੇ ਰਹੇ ਹਨ। ਪਟਿਆਲਾ ਦੇ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਅਜਿਹਾ ਪੇਚ ਫਸਿਆ ਹੈ ਕਿ ਪੰਜਾਬ ਸਾਰਾ ਅੱਡੀਆਂ ਚੁੱਕ-ਚੁੱਕ ਤੱਕਣ ਲੱਗਾ ਹੈ ਕਿ ਆਖਿਰ ਦੋਵੇਂ ਪਟਿਆਲਵੀਆਂ ’ਚੋਂ ਕਿਹੜਾ ਜਿੱਤਦਾ ਹੈ।ਦੱਸਣਯੋਗ ਹੈ ਕਿ ਦੋਵੇਂ ਹੀ ਪਟਿਆਲਵੀ ਜਿਨ੍ਹਾਂ ਦਾ ਆਪਸ ਵਿਚ ਵੱਡਾ ਸਿਆਸੀ ਪੇਚ ਫਸਿਆ ਹੋਇਆ ਹੈ ਆਪੋ- ਆਪਣੀ ਖੇਡ ਦੇ ਵੀ ਉੱਘੇ ਤੇ ਮਾਹਿਰ ਖਿਡਾਰੀ ਰਹੇ ਹਨ।

ਮੁੱਖ ਮੰਤਰੀ ਅਮਰਿੰਦਰ ਸਿੰਘ ਪੋਲੋ ਤੇ ਨਵਜੋਤ ਸਿੱਧੂ ਉੱਘੇ ਕ੍ਰਿਕਟਰ ਰਹੇ ਹਨ। ਦੋਵਾਂ ਦਾ ਗੋਤ ਵੀ ਸਿੱਧੂ ਹੈ। ਕੁਝ ਚਿਰ ਗੁਜਰੀ ਸਿਆਸਤ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਦੇ ਅਹਿਮ ਆਗੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਿੰਗ ਫਸੇ ਸਨ। ਅਜਿਹੇ ਸਿਆਸੀ ਘਮਸਾਨ ’ਚੋਂ ਅਮਰਿੰਦਰ ਨੂੰ ਅਕਾਲੀ ਸਫਾਂ ’ਚੋਂ ਬਾਹਰ ਜਾਣ ਲਈ ਵੀ ਮਜਬੂਰ ਹੋਣਾ ਪੈ ਗਿਆ ਸੀ। ਗੁਰਚਰਨ ਸਿੰਘ ਟੌਹੜਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਵੀ ਪੇਚਾ ਪਿਆ ਰਿਹਾ ਹੈ, ਜਿਸ ’ਚੋਂ ਜਥੇਦਾਰ ਟੌਹੜਾ ਨੂੰ ਲਾਂਭੇ ਹੋਣਾ ਪਿਆ। ਜਥੇਦਾਰ ਟੌਹੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੀ ਪਏ ਪੇਚੇ ਦੇ ਅੱਜ ਤੱਕ ਚਰਚੇ ਸਿਆਸੀ ਸਫਾਂ ’ਚ ਮਘੇ ਹੋਏ ਹਨ। ਹੁਣ ਤਾਜ਼ਾਤਾਰੀਨ ਦੋ ਪਟਿਆਲਵੀਆਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਪੇਚ ਅਜਿਹਾ ਫਸ ਗਿਆ ਹੈ ਕਿ ਪਿਛਲੇ ਦੋ ਤਿੰਨ ਦਿਨ ਤੋਂ ਪੇਚ ’ਚ ਢਿੱਲ ਪੈਣ ਦੀ ਬਜਾਏ ਸਗੋਂ ਹੋਰ ਕੱਸੀ ਜਾ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ
Next articleਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਰਬਦਲ ਮੀਟਿੰਗ: ਸਰਕਾਰ ਵੱਖ ਵੱਖ ਮਸਲਿਆਂ ’ਤੇ ਸਾਰਥਕ ਚਰਚਾ ਲਈ ਤਿਆਰ: ਮੋਦੀ