ਮਾਂ ਦਿਵਸ ਮਤਲਬ ਮਾਵਾਂ ਦਾ ਦਿਨ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਇੱਕ ਰੁਝਾਨ ਬਣ ਗਿਆ ਹੈ,ਦਿਵਸ ਮਨਾਉਣ ਦਾ।ਪਰ ਕੀ ਦਿਵਸ ਮਨਾਉਣ ਨਾਲ ਮੰਤਵ ਪੂਰਾ ਹੋ ਜਾਂਦਾ ਹੈ,ਇਸ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।ਮਈ ਮਹੀਨੇ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ।ਅਮਰੀਕਾ ਦੀ ਇਕ ਲੜਕੀ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇ ਤੌਰ ਤੇ ਇਸਦੀ ਸ਼ੁਰੂਆਤ ਕੀਤੀ ਸੀ।ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਨਾਉਣ ਤੋਂ ਸ਼ੁਰੂਆਤ ਹੋਈ।ਬਹੁਤ ਵਧੀਆ ਉਪਰਾਲਾ ਸੀ।ਪਰ ਕੀ ਇਹ ਮਾਂਵਾਂ ਲਈ ਸਹੀ ਸਾਬਤ ਹੋਇਆ,ਇਸਨੂੰ ਵੀ ਵੇਖਣਾ ਪਵੇਗਾ। ਮਾਂਵਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ।ਇਹ ਵੀ ਸੱਚ ਹੈ ਕਿ ਮਾਂਵਾਂ ਵਾਂਗ ਕੋਈ ਪਿਆਰ ਨਹੀਂ ਕਰ ਸਕਦਾ।ਇਸਦੇ ਨਾਲ ਹੀ ਮਾਂਵਾਂ ਵਾਂਗ ਮੁਫਤ ਵਿੱਚ ਕੋਈ ਵੀ ਸੇਵਾ ਨਹੀਂ ਕਰ ਸਕਦਾ।

ਇਹ ਵੀ ਸੱਚ ਹੈ,”ਮਾਂ ਖੁਸ਼ ਤਾਂ ਰੱਬ ਖੁਸ਼”।ਰੱਬ ਹਰ ਥਾਂ ਪਹੁੰਚ ਨਹੀਂ ਸੀ ਸਕਦਾ,ਇਸ ਕਰਕੇ ਉਸਨੇ ਮਾਂ ਨੂੰ ਆਪਣਾ ਪ੍ਰਤੀਨਿਧ ਬਣਾ ਦਿੱਤਾ।ਮਾਂ ਬੱਚਿਆਂ ਦੀ ਹਰ ਗਲਤੀ ਮੁਆਫ਼ ਕਰਨ ਦੀ ਹਿੰਮਤ ਰੱਖਦੀ ਹੈ।ਸਿਰਫ ਮਾਂ ਹੀ ਹੈ ਜੋ ਆਪਣੇ ਬੱਚਿਆਂ ਨੂੰ ਭੁੱਖੇ ਨਹੀਂ ਰਹਿਣ ਦਿੰਦੀ।ਮਾਂ ਬਣਨਾ ਵੀ ਸੌਖਾ ਨਹੀਂ ਹੈ।ਜਣੇਪੇ ਦੀਆਂ ਪੀੜਾਂ ਸਹਾਰਣ ਤੋਂ ਬਾਅਦ,ਬੱਚੇ ਨੂੰ ਵੇਖਦਿਆਂ ਹੀ ਸਾਰਾ ਕੁੱਝ ਭੁੱਲ ਜਾਂਦੀ ਹੈ।ਰਾਤਾਂ ਨੂੰ ਜਾਗਣਾ ਵੀ ਉਸਨੂੰ ਬੁਰਾ ਨਹੀਂ ਲੱਗਦਾ।ਬੱਚੇ ਵੱਲੋਂ ਕੀਤੀ ਹਰ ਸ਼ਰਾਰਤ ਅਤੇ ਗਲਤੀ ਨੂੰ ਵੀ ਹੱਸ ਕੇ ਲੈਂਦੀ ਹੈ।ਹਕੀਕਤ ਇਹ ਹੈ ਕਿ”,ਮਾਂ ਵਰਗਾ ਤਾਂ ਕੋਈ ਹੋ ਸਕਦਾ ਹੈ,ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।”

ਮਾਂਵਾਂ ਉਹ ਘਣਛਾਵਾਂ ਰੁੱਖ ਹੈ ਜੋ ਹਰ ਮੁਸੀਬਤ ਤੋਂ ਬਚਾਉਂਦਾ ਹੈ।ਇਸ ਵਕਤ ਦਾ ਕੌੜਾ ਸੱਚ ਹੈ ਕਿ ਨਾ ਰੁੱਖਾਂ ਨੂੰ ਕੋਈ ਸੰਭਾਲ ਰਿਹਾ ਹੋ ਅਤੇ ਨਾ ਮਾਪਿਆਂ ਨੂੰ।ਮਾਂਵਾਂ ਨੂੰ ਕੁੱਟਿਆ ਜਾਂਦਾ ਹੈ,ਗਲਤ ਭਾਸ਼ਾ ਵਰਤੀ ਜਾਂਦੀ ਹੈ।ਜਿਸ ਮਾਂ ਨੇ ਔਲਾਦ ਜੰਮ ਕੇ,ਪਾਲ ਪੋਸ ਕੇ ਵੱਡੀ ਕੀਤੀ,ਉਸਨੂੰ ਹੀ ਬੇਅਕਲ ਅਤੇ ਮੂਰਖ ਦੱਸਿਆ ਜਾਂਦਾ ਹੈ। ਮਾਂ ਦਾ ਉਵੇਂ ਹੀ ਹਰ ਦਿਨ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਮਾਂ ਔਲਾਦ ਦਾ ਰੱਖਦੀ ਸੀ।ਠੀਕ ਹੈ ਇਕ ਦਿਨ ਉਸਤੋਂ ਵੀ ਖਾਸ ਤਰੀਕੇ ਨਾਲ ਮਾਣ ਸਤਿਕਾਰ ਦਿੱਤਾ ਜਾ ਸਕਦਾ ਹੈ।ਉਹ ਕਰਮਾਂ ਵਾਲੀਆਂ ਮਾਂਵਾਂ ਨੇ ਜਿੰਨ੍ਹਾਂ ਨੂੰ ਘਰਾਂ ਵਿੱਚ ਖਾਸ ਥਾਂ ਦਿੱਤੀ ਜਾਂਦੀ ਹੈ।

ਜੇਕਰ ਨੂੰਹਾਂ ਪੁੱਤਾਂ ਵੱਲੋਂ ਮਾਪਿਆਂ ਨੂੰ ਸਤਿਕਾਰ ਮਿਲਦਾ ਹੋਵੇ ਤਾਂ ਮਾਂਵਾਂ ਬਿਰਧ ਆਸ਼ਰਮਾਂ ਵਿੱਚ ਧੱਕੇ ਨਾ ਖਾਣ।ਬਿਰਧ ਆਸ਼ਰਮਾਂ ਦੀ ਵੱਧਦੀ ਗਿਣਤੀ ਬਹੁਤ ਗੰਭੀਰ ਸੰਕੇਤ ਦੇ ਰਹੀ ਹੈ।ਉਹ ਕਿਹੜੀਆਂ ਮਾਂਵਾਂ ਨੇ ਤੇ ਕਿਉਂ ਬਿਰਧ ਆਸ਼ਰਮਾਂ ਵਿੱਚ ਹਨ,ਇਸ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ।ਕਈ ਵਾਰ ਇੰਜ ਲੱਗਦਾ ਹੈ ਕਿ ਮਾਂਵਾਂ ਦੀ ਹੋ ਰਹੀ ਬੇਕਦਰੀ ਨੇ ਪਰਿਵਾਰਾਂ ਤੇ ਸਮਾਜ ਦੀਆਂ ਚੂਲਾਂ ਹਿਲਾ ਦਿੱਤੀਆਂ ਨੇ।ਜਿੰਨ੍ਹਾਂ ਘਰਾਂ ਵਿੱਚ ਮਾਂ ਦੀ ਬੇਕਦਰੀ ਨਹੀਂ ਹੁੰਦੀ ਅਤੇ ਬਾਪ ਦਾ ਸਤਿਕਾਰ ਔਲਾਦ ਕਰਦੀ ਹੈ,ਉੱਥੇ ਰੱਬ ਦੀ ਮਿਹਰ ਅਤੇ ਰਹਿਮਤਾਂ ਵੇਖੀਆਂ ਜਾ ਸਕਦੀਆਂ ਹਨ।

ਸਰਕਾਰੀ ਤੌਰ ਤੇ ਅਤੇ ਕੁੱਝ ਸੰਸਥਾਵਾਂ ਮਾਂ ਦਿਵਸ ਦਾ ਰਸਮੀ ਦਿਨ ਮਨਾਉਣਗੇ।ਪਰ ਕੀ ਹਰ ਮਾਂ ਨੂੰ ਇਸ ਦਿਨ ਦਾ ਪਤਾ ਹੈ?ਕੀ ਮਾਂਵਾਂ ਨੂੰ ਔਲਾਦ ਵੱਲੋਂ ਤੋਹਫੇ ਦਿੱਤੇ ਜਾਣਗੇ ਜਾਂ ਇਸ ਦਿਨ ਮਾਂਵਾਂ ਨੂੰ ਕੌੜੇ ਸ਼ਬਦ ਨਹੀਂ ਸੁਣਨੇ ਪੈਣਗੇ।ਕੁੱਝ ਨੂੰ ਤਾਂ ਇਸ ਦਿਨ ਔਲਾਦ ਵੱਲੋਂ ਰੋਟੀ ਜਾਂ ਦਵਾਈ ਲਈ ਮੰਗੇ ਪੈਸਿਆਂ ਤੇ ਵੀ ਬਹੁਤ ਕੁੱਝ ਸੁਣਨਾ ਪਵੇਗਾ। ਜਿਵੇਂ ਮਹਿਲਾ ਦਿਵਸ ਵਾਲੇ ਦਿਨ ਵੀ ਮਜ਼ਦੂਰ ਔਰਤਾਂ ਦਿਹਾੜੀ ਕਰਦੀਆਂ ਹਨ,ਉਨ੍ਹਾਂ ਨੂੰ ਉਸ ਦਿਨ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ।ਖੈਰ, ਮਾਂ ਦਿਵਸ ਤੇ ਹਰ ਮਾਂ ਨੂੰ ਬਹੁਤ ਬਹੁਤ ਮੁਬਾਰਕਾਂ।

ਔਲਾਦ ਨੂੰ ਮਾਂ ਤੋਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ।ਮਾਂ ਰੱਬ ਦਾ ਦੂਸਰਾ ਰੂਪ ਹੈ।ਜਦੋਂ ਅਸੀਂ ਹਰ ਰੋਜ਼ ਰੱਬ ਨੂੰ ਪੂਜਦੇ ਹਾਂ ਅਤੇ ਇਕ ਖਾਸ ਦਿਨ ਤੇ ਤਿਉਹਾਰ ਮਨਾਉਂਦੇ ਹਾਂ, ਇਵੇਂ ਹੀ ਮਾਂਵਾਂ ਦੀ ਪੂਜਾ ਕਰਨੀ ਚਾਹੀਦੀ ਹੈ।ਜਿਊਂਦੀ ਮਾਂ ਨੂੰ ਅਣਗੌਲਿਆਂ ਕਰਨ ਅਤੇ ਉਸਦੇ ਜਾਣ ਤੋਂ ਬਾਅਦ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ।

ਮਾਂਵਾਂ ਦਾ ਹਰ ਦਿਨ ਮਾਂ ਦਿਵਸ ਹੋਵੇ ਅਤੇ ਮਾਂ ਦਿਵਸ ਇਕ ਤਿਉਹਾਰ ਵਰਗਾ ਖਾਸ ਹੋਵੇ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ ਮੋਬਾਈਲ 9815030221

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮਾਂ ਦਾ ਪਿਆਰ*
Next articleਏਕਮ ਪਬਲਿਕ ਸਕੂਲ ਮਹਿਤਪੁਰ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸੌ ਫੀਸਦੀ :-ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ