*ਮਾਂ ਦਾ ਪਿਆਰ*

ਨੀਲਮ ਕੁਮਾਰੀ

(ਸਮਾਜ ਵੀਕਲੀ)

** ਮੌਤ ਲਈ ਬਹੁਤ ਰਸਤੇ ਹਨ ਪਰ ਜਨਮ ਲੈਣ ਲਈ ਸਿਰਫ ਮਾਂ ਹੈ **

ਮਾਂ ਉਹ ਸ਼ਬਦ ਹੈ, ਜੋ ਬੱਚਾ ਸਭ ਤੋਂ ਪਹਿਲਾਂ ਸਿੱਖਦਾ ਹੈ। ਮਾਂ ਉਹ ਹੈ ਜੋ ਸਾਨੂੰ ਜੀਣਾ ਸਿਖਾਉਂਦੀ ਹੈ। ਇਹ ਦੁਨੀਆਂ ਦੀ ਪਹਿਲੀ ਉਹ ਇਨਸਾਨ ਹੁੰਦੀ ਹੈ ਜਿਸ ਨੂੰ ਛੂਹ ਕੇ ਸਾਨੂੰ ਸਭ ਤੋਂ ਪਹਿਲੇ ਰਿਸ਼ਤੇ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਰਿਸ਼ਤਾ ਹੈ ਮਾਂ ਦਾ। ਮਾਂ ਬੱਚੇ ਨੂੰ ਨੌਂ ਮਹੀਨੇ ਆਪਣੇ ਪੇਟ ਵਿਚ ਰੱਖ ਕੇ ਲੱਖਾਂ ਮੁਸੀਬਤਾਂ, ਦੁੱਖ ਤੇ ਔਕੜਾਂ ਝੱਲਕੇ ਜਨਮ ਦਿੰਦੀ ਹੈ ਅਤੇ ਦੁਨੀਆ ਦਿਖਾਉਂਦੀ ਹੈ। ਇਨਸਾਨ ਨੂੰ ਮੌਤ ਪ੍ਰਾਪਤ ਕਰਨ ਲਈ ਤਾਂ ਬਹੁਤ ਰਸਤੇ ਹਨ ਪਰ ਜਨਮ ਸਿਰਫ਼ ਮਾਂ ਤੋਂ ਹੀ ਮਿਲਦਾ ਹੈ।

ਮਾਂ ਬੱਚੇ ਲਈ ਸੁਰੱਖਿਆ ਕਵਚ ਹੁੰਦੀ ਹੈ। ਇਹ ਆਪ ਦੁੱਖ-ਤਕਲੀਫ਼ ਸਹਿ ਕੇ ਬੱਚੇ ਨੂੰ ਹਰ ਬਿਪਤਾ ਤੋਂ ਬਚਾਉਂਦੀ ਹੈ। ਜੇ ਬੱਚਾ ਤਕਲੀਫ਼ ਵਿਚ ਹੋਵੇ ਤਾਂ ਮਾਂ ਉਸ ਦੇ ਬਿਨਾਂ ਦੱਸੇ ਹੀ ਉਸ ਦੀ ਤਕਲੀਫ਼ ਪੜ੍ਹ ਲੈਂਦੀ ਹੈ ਅਤੇ ਬੱਚੇ ਨੂੰ ਹੌਸਲਾ ਦੇ ਕੇ ਉਸ ਨੂੰ ਤਕਲੀਫ਼ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ।

** ਹਸਦੇ ਚਿਹਰੇ ਦੇ ਪਿੱਛੇ ਲੁਕੇ ਗ਼ਮ ਨੂੰ ਵੀ ਪਛਾਣ ਲੈਂਦੀਆਂ ਹਨ,
ਇਹ ਮਾਂਵਾਂ ਹੀ ਹੁੰਦੀਆਂ ਨੇ, ਬਿਨਾਂ ਦੱਸੇ ਜੋ ਦਿਲ ਦਾ ਹਾਲ ਜਾਣ ਲੈਂਦੀਆਂ ਨੇ**

ਦੁਨੀਆਂ ਵਿੱਚ ਮਾਂ ਦਾ ਦਰਜਾ ਬਹੁਤ ਉੱਪਰ ਮੰਨਿਆ ਗਿਆ ਹੈ। ਭਗਵਾਨ ਤੋਂ ਬਾਅਦ ਜੇ ਕੋਈ ਪੁੱਜਣਯੋਗ ਹੈ ਤਾਂ ਉਹ ਮਾਂ ਹੁੰਦੀ ਹੈ। ਕਹਿੰਦੇ ਹਨ ਜਦੋਂ ਪਰਮਾਤਮਾ ਨੇ ਦੁਨੀਆ ਬਣਾਈ ਤਾਂ ਸੋਚਿਆ ਕਿ ਉਹ ਆਪ ਤਾਂ ਹਰ ਇੱਕ ਇਨਸਾਨ ਨਾਲ ਇਸ ਧਰਤੀ ਤੇ ਨਹੀਂ ਰਹਿ ਸਕਦਾ ਤਾਂ ਉਸ ਨੇ ਆਪਣਾ ਹੀ ਇੱਕ ਰੂਪ ਮਾਂ ਬਣਾ ਦਿੱਤਾ ਅਤੇ ਮਾਂ ਦੇ ਚਰਨਾਂ ਵਿਚ ਜੰਨਤ ਹੁੰਦੀ ਹੈ ਦਾ ਸੁਨੇਹਾ ਸਾਨੂੰ ਦਿੱਤਾ।

**ਰੱਬ ਲੱਭਿਆ ਜੰਗਲਾਂ – ਪੱਥਰਾਂ ਵਿੱਚ
ਮਾਰੇ ਛਾਪੇ ਹਰ ਥਾਂ
ਜਿੱਥੇ ਮੈਨੂੰ ਰੱਬ ਲੱਭਿਆ, ਉਹ ਸੀ ਮੇਰੀ ਮਾਂ**

ਦੁਨੀਆਂ ਦਾ ਸਭ ਤੋਂ ਨਿੱਘਾ, ਅਨਮੋਲ, ਸੱਚਾ ਤੇ ਸੁੱਚਾ ਰਿਸ਼ਤਾ ਸਿਰਫ ਮਾਂ ਹੀ ਹੈ। ਮਾਂ ਦੀ ਮਮਤਾ ਵਿੱਚ ਨਾ ਕੋਈ ਮਿਲਾਵਟ ਤੇ ਨਾ ਹੀ ਕੋਈ ਸਜਾਵਟ ਹੁੰਦੀ ਹੈ। ਮਾਂ ਉਹ ਹੁੰਦੀ ਹੈ ਜੋ ਆਪਣੇ ਬੱਚੇ ਦੇ ਸਿਰ ਤੇ ਆਈ ਬਲਾ ਆਪਣੇ ਸਿਰ ਤੇ ਲੈ ਲੈਂਦੀ ਹੈ। ਜਿਵੇ ਇਕ ਦਿਨ ਰਾਤ ਨੂੰ ਸੁਪਨੇ ਵਿੱਚ ਮੈਨੂੰ ਇੱਕ ਫਰਿਸ਼ਤਾ ਮਿਲਿਆ, ਜੋ ਕਹਿ ਰਿਹਾ ਸੀ ਕਿ ਮੈਂ ਤੇਰੀ ਮਾਂ ਨੂੰ ਲੈਣ ਆਇਆ ਹਾਂ, ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਮਾਂ ਨੂੰ ਛੱਡ ਦੇ ਤੇ ਮੈਨੂੰ ਨਾਲ ਲੈ ਜਾ ਤਾਂ ਫ਼ਰਿਸ਼ਤੇ ਨੇ ਕਿਹਾ ਕਿ ਲੈਣ ਤਾਂ ਮੈਂ ਤੈਨੂੰ ਹੀ ਆਇਆ ਸੀ ਪਰ ਤੇਰੀ ਮਾਂ ਨੇ ਤੇਰੇ ਤੋਂ ਪਹਿਲਾਂ ਸੌਦਾ ਕਰ ਲਿਆ ……ਇਹ ਹੁੰਦੀਆਂ ਨੇ ਮਾਂਵਾਂ।

ਅੰਤ ਵਿਚ ਮੈਂ ਇਹ ਹੀ ਕਹੂੰਗੀ ਕੇ ਮਾਂ ਦਾ ਦੇਣ ਅਸੀਂ ਸਾਰੀ ਉਮਰ ਨੀ ਦੇ ਸਕਦੇ। ਉਸ ਦੇ ਸਾਡੇ ਸਿਰ ਉੱਤੇ ਬੜੇ ਕਰਜ਼ ਹੁੰਦੇ ਹਨ। ਮਾਂ ਸਾਡੀ ਪਹਿਲੀ ਗੁਰੂ ਹੁੰਦੀ ਹੈ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਚੰਗੇ ਇਨਸਾਨ ਬਣੀਏਂ ਅਤੇ ਆਪਣੀ ਮਾਂ ਦੀ ਇੱਜ਼ਤ ਕਰੀਏ,ਕਦਰ ਕਰੀਏ। ਮਾਂ ਨੂੰ ਸਾਡੇ ਪੈਸੇ ਦੌਲਤ ਨਹੀਂ ਚਾਹੀਦੀ ਹੁੰਦੀ ਸਗੋਂ ਸਾਡਾ ਸਮਾਂ, ਪਿਆਰ ਅਤੇ ਅਪਣਾਪਣ ਚਾਹੀਦਾ ਹੁੰਦਾ ਹੈ। ਆਓ ਅਸੀਂ ਸਾਰੇ ਰਲ ਮਿਲ ਕੇ ਇਕ ਨਿੱਕੀ ਜਿਹੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖਾਂਗੇ। ਕਿਓਕਿ ਇਹ ਉਹ ਰਿਸ਼ਤਾ ਹੁੰਦਾ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਅੱਜ ਜਦੋਂ ਮੈ ਇਹ ਰਚਨਾ ਲਿਖਣ ਲੱਗੀ ਤਾਂ ਮੈਨੂੰ ਸ਼ਬਦ ਨਹੀਂ ਲਭ ਰਹੇ ਸਨ ਕਿ ਮੈਂ ਆਪਣੀ ਮਾਂ ਲਈ ਕੀ ਲਿਖਾਂ…..

**ਮਾਂ ਲਈ ਕੀ ਲਿਖਾਂ ਮੈ?
ਮਾਂ ਨੇ ਖੁਦ ਮੈਨੂੰ ਲਿਖਿਆ ਹੈ**

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰਸ, ਸਰਕਾਰੀ ਹਾਈ ਸਕੂਲ,ਸਮਾਉ (9779788365)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਦਾ ਸ਼ੌਕੀਨ ਕਬੱਡੀ ਪ੍ਰਮੋਟਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ
Next articleਮਾਂ ਦਿਵਸ ਮਤਲਬ ਮਾਵਾਂ ਦਾ ਦਿਨ