“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਮਾਂ ਸ਼ਬਦ ਬੇਸ਼ੱਕ ਇੱਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ਪਰ ਇਹ ਪੂਰੀ ਦੀ ਪੂਰੀ ਕਾਇਨਾਤ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਦੁਨੀਆਂ ਵਿੱਚ ਜਿਸਨੇ ਵੀ ਮਾਂ ਦੀ ਕੁਖੋਂ ਜਨਮ ਲਿਆ ਹੈ ਭਾਵੇਂ ਉਹ ਮਨੁੱਖ ਜਾਤੀ ਹੋਵੇ, ਚਾਹੇ ਪਸ਼ੂ ਪੰਛੀ ਹੋਣ ਮਾਂ ਦਾ ਅਹਿਸਾਸ ਜ਼ਰੂਰ ਹੁੰਦਾ ਹੈ ਮਨੁੱਖ ਚਾਹੇ ਜ਼ਿਆਦਾ ਸਿਆਣਾ ਹੋਵੇ ਭਾਵੇਂ ਮੰਦਬੁੱਧੀ ਹੋਵੇ ਪਰ ਉਸਨੂੰ ਮਾਂ ਦੀ ਗੋਦ ਦੇ ਨਿੱਘ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਮਾਂ ਦੇ ਕਿਰਦਾਰ ਦੀ ਸ਼ਲਾਘਾ ਕਰਨ ਲਈ ਸ਼ਾਇਦ ਕਿਸੇ ਵੀ ਇਨਸਾਨ ਕੋਲ ਸ਼ਬਦਾਂ ਦੀ ਤੋਟ ਹੀ ਰਹਿੰਦੀ ਹੋਵੇਗੀ। ਇੱਕ ਪੰਜਾਬੀ ਗੀਤਕਾਰ ਨੇ ਮਾਂ ਬਾਰੇ ਬੜਾ ਸੁਹਣਾ ਲਿਖਿਆ ਹੈ।
ਮਾਂ ਹੁੰਦੀ ਏ ਮਾਂ, ਦੁਨੀਆਂ ਵਾਲਿਓ..
ਮਾਂ ਹੈ ਠੰਡੜੀ ਛਾਂ, ਦੁਨੀਆਂ ਵਾਲਿਓ
ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ,
ਰੋਂਦਿਆ ਨੂੰ ਨਾ ਚੁਪ ਕਰਾਉਂਦਾ…

ਕਹਿਦੇ ਨੇ ਕਿ ਮਾਂ ਹੀ ਰੱਬ ਦਾ ਰੂਪ ਹੈ ਅਤੇ ਇੱਕ ਮਾਂ ਆਪਣੇ ਬੱਚੇ ਦੀ ਖੁਦ ਤਕਦੀਰ ਲਿਖਣ ਦੀ ਸਮਰੱਥਾ ਰੱਖਦੀ ਹੈ। ਇੱਕ ਵਾਰ ਬਚਪਨ ਵਿੱਚ ਥਾਮਸ ਐਡੀਸਨ ਨੂੰ ਅਧਿਆਪਕ ਨੇ ਸਕੂਲੋਂ ਕੱਢ ਦਿੱਤਾ ਅਤੇ ਇੱਕ ਚਿੱਠੀ ਉਸ ਦੇ ਹੱਥ ਫੜਾ ਦਿਤੀ ਥਾਮਸ ਨੇ ਘਰੇ ਆ ਕੇ ਮਾਂ ਤੋਂ ਉਸ ਚਿੱਠੀ ਬਾਰੇ ਪੁਛਿਆ ਤਾਂ ਮਾਂ ਨੇ ਕਿਹਾ ਕਿ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਤੂੰ ਬਹੁਤ ਹੁਸ਼ਿਆਰ ਹੈ ਇਸ ਸਕੂਲ ਵਿੱਚ ਤੇਰੇ ਬਰਾਬਰ ਦੀ ਸਿੱਖਿਆ ਨਹੀਂ ਹੈ। ਇਸਤੋਂ ਬਾਅਦ ਮਾਂ ਨੇ ਉਸ ਨੂੰ ਚੰਗੀ ਤਲੀਮ ਦੇਣ ਲਈ ਬਹੁਤ ਮਿਹਨਤ ਕੀਤੀ ਅਤੇ ਥਾਮਸ ਐਡੀਸਨ ਨੇ ਬੱਲਬ ਸਮੇਤ ਅਨੇਕਾਂ ਖੋਜਾਂ ਕੀਤੀਆਂ ਅਤੇ ਬਹੁਤ ਸਾਰੇ ਇਨਾਮ ਜਿੱਤੇ। ਮਾਂ ਦੇ ਮਰਨ ਤੋਂ ਬਾਅਦ ਜਦੋਂ ਉਹ ਚਿੱਠੀ ਥਾਮਸ ਦੇ ਹੱਥ ਲੱਗੀ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਬੱਚਾ ਮੰਦਬੁੱਧੀ ਅਤੇ ਪੜ੍ਹਨ ਦੇ ਯੋਗ ਨਹੀਂ ਹੈ ਉਸ ਵਕਤ ਥਾਮਸ ਨੇ ਹਰ ਮਾਂ ਨੂੰ ਦੁਨੀਆਂ ਦੀ ਸਭ ਤੋਂ ਮਹਾਨ ਦੱਸਿਆ ਸੀ। ਜਿੰਨੇ ਵੀ ਦੁਨੀਆ ਚ ਸਫਲ ਅਤੇ ਮਹਾਨ ਵਿਅਕਤੀ ਹੋਏ ਹਨ ਉਨ੍ਹਾਂ ਦੀਆਂ ਮਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਇਸ ਸੰਸਾਰ ਵਿੱਚ ਮਾਂ ਬੱਚੇ ਦਾ ਸਾਥ ਤਾਂ ਓਸ ਪਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਬੱਚਾ ਕੁੱਖ ਵਿਚ ਆ ਵੱਸਦਾ ਹੈ। ਮਾਂ ਦੀ ਰੂਹ ਤਾਂ ਉਸ ਵੇਲੇ ਹੀ ਉਸ ਦੇ ਨਾਲ ਜੁੜ ਜਾਂਦੀ ਹੈ। ਫੇਰ ਨੰਨ੍ਹੀ ਜਾਨ ਨੂੰ ਉਹ ਧੀਰਜ ਨਾਲ ਆਪਣੇ ਅੰਦਰ ਨੌਂ ਮਾਹ ਤਕ ਪਾਲਦੀ ਹੈ ਜਿਸ ਦੌਰਾਨ ਉਹ ਇੱਕ ਬਚਪਣੇ ਭਰੀ ਕੁੜੀ ਤੋਂ ਇੱਕ ਜ਼ਿਮੇਦਾਰ ਮਾਂ ਵਿਚ ਤਬਦੀਲ ਹੋ ਜਾਂਦੀ ਹੈ। ਅਤੇ ਬੱਚੇ ਦੇ ਜਨਮ ਹੋਣ ਤੇ ਉਸ ਦੇ ਸਾਰੇ ਰਿਸ਼ਤੇ ਪਿੱਛੇ ਤੇ ਇਹ ਰਿਸ਼ਤਾ ਤਰਜੀਹ ਤਾਂ ਆ ਜਾਂਦਾ ਹੈ। ਜਨਮ ਉਪਰੰਤ ਬੱਚੇ ਦੀ ਦੇਖਭਾਲ ਵਿਚ ਉਹ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਇੱਕ ਕਰ ਦਿੰਦੀ ਹੈ। ਪਰਿਵਾਰ ਦੇ ਸਾਰੇ ਨਗ ਇੱਕ ਪਾਸੇ ਤੇ ਮਾਂ ਦੀ ਝੋਲੀ ਇੱਕ ਪਾਸੇ ਹੁੰਦੀ ਹੈ ਅਤੇ ਉਸ ਨਾਜ਼ੁਕ ਕੁੜੀ ਵਿੱਚ ਇੱਕ ਅਲੱਗ ਹੀ ਕਿਸਮ ਦੀ ਹਿੰਮਤ , ਸਹਿਣਸ਼ੀਲਤਾ ਅਤੇ ਆਤਮਨਿਰਭਰਤਾ ਆ ਜਾਂਦੀ ਹੈ।

ਹੌਲੀ ਹੌਲੀ ਮਾਂ ਇੱਕ ਨਵੇਂ ਮਨੁੱਖ ਦੇ ਜੀਵਨ ਨੂੰ ਸੰਵਾਰਦੀ ਹੈ। ਇਹੋ ਜਿਹਾ ਵੱਡਾ ਅਤੇ ਜ਼ਿੰਮੇ ਵਾਲਾ ਕਾਰਜ ਸਿਰਫ ਔਰਤ ਦੇ ਹਿਸੇ ਆਇਆ ਹੈ ਤੇ ਉਹ ਇਸ ਤੇ ਖਰੀ ਉੱਤਰਦੀ ਹੈ। ਮਾਂ ਆਪ ਭੁੱਖੀ ਰਹਿ ਕੇ ਵੀ ਆਪਣੇ ਬੱਚਿਆਂ ਦਾ ਪੇਟ ਪਾਲਣ ਦੇ ਸਮਰੱਥ ਹੈ ਇਸੇ ਲਈ ਅੱਜ ਤੱਕ ਕੋਈ ਵੀ ਵਿਅਕਤੀ ਆਪਣੀ ਮਾਂ ਦਾ ਕਰਜ਼ ਨਹੀਂ ਉਤਾਰ ਸਕਿਆ ਨੌਂ ਮਹੀਨੇ ਆਪਣੇ ਗਰਭ ਵਿੱਚ ਰੱਖਣ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬਾਅਦ ਵਿੱਚ ਵੀ ਆਪ ਗਿਲੀ ਥਾਂ ਤੇ ਪੈ ਕੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ. ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲਿਓ, ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ।

ਕਹਿਦੇ ਨੇ ਕਿ ਕਿਸੇ ਵਿਅਕਤੀ ਨੇ ਮਾਂ ਨਾਲ ਜ਼ਿੱਦ ਕੀਤੀ ਕਿ ਮੈਂ ਤੁਹਾਡਾ ਕਰਜ਼ ਉਤਾਰਨਾ ਚਾਹੁੰਦਾ ਹਾਂ ਮਾਂ ਦੇ ਮਨਾ ਕਰਨ ਤੇ ਵੀ ਉਹ ਆਪਣੀ ਜਿੱਦ ਤੇ ਅੜਿਆ ਰਹਿਆ ਆਖਿਰ ਮਾਂ ਨੇ ਕਿਹਾ ਕਿ ਛੁੱਟੀ ਲੈਕੇ ਪਿੰਡ ਆਕੇ ਦਸ ਰਾਤਾਂ ਮੇਰੇ ਨਾਲ ਸੌਣਾ ਹੋਵੇਗਾ ਮਾਂ ਨੇ ਉਸਦੀ ਪ੍ਰੀਖਿਆ ਲੈਣ ਲਈ ਤਿੰਨ ਚਾਰ ਰਾਤਾਂ ਆਪਣੇ ਪੁੱਤਰ ਨਾਲ ਗਿੱਲੇ ਬਿਸਤਰ ਤੇ ਸੌਣਾ ਸ਼ੁਰੂ ਕਰ ਦਿੱਤਾ ਤਿੰਨ ਦਿਨਾਂ ਵਿੱਚ ਹੀ ਉਹ ਵਿਆਕਤੀ ਹਾਰ ਮੰਨ ਕੇ ਮਾਂ ਦੇ ਪੈਰੀਂ ਪੈ ਗਿਆ ਅਤੇ ਕਿਹਾ ਕਿ ਦੁਨੀਆਂ ਚ ਮਾਂ ਦਾ ਕਰਜ਼ ਪੈਸੇ ਅਤੇ ਸ਼ੋਹਰਤ ਨਾਲ ਨਹੀਂ ਬਲਕਿ ਮਾਂ ਦੀ ਸੇਵਾ ਅਤੇ ਸਤਿਕਾਰ ਕਰਕੇ ਹੀ ਉਤਾਰਿਆ ਜਾ ਸਕਦਾ ਹੈ।

ਅੱਜ ਪੂਰੀ ਦੁਨੀਆਂ ਵਿੱਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ ਪਰ ਸਾਨੂੰ ਮਾਂ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਅੱਜ ਵੀ ਕਈ ਮਾਵਾਂ ਨੂੰ ਬੁਢੇਪੇ ਵੇਲੇ ਬਿਰਧ ਆਸ਼ਰਮਾ ਵਿੱਚ ਰੁਲਦੇ ਵੇਖਦੇ ਹਾਂ।
ਦੁੱਧ ਨਾਲ ਪੁੱਤ ਪਾਲਕੇ
ਪਿਛੋਂ ਪਾਣੀ ਨੂੰ ਤਰਸਦੀਆਂ ਮਾਵਾਂ।

ਕੁਲਦੀਪ ਸਾਹਿਲ
9417990040

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਦਰ ਡੇ’
Next articleਮਦਰ ਡੇ ਤੇ ਮਾਂ