* ਜੱਲ੍ਹਿਆਂਵਾਲ਼ੇ ਬਾਗ਼ *

(ਸਮਾਜ ਵੀਕਲੀ)

ਜੱਲ੍ਹਿਆਂਵਾਲੇ ਬਾਗ਼ ਦੀ ਹੋਂਦ
ਮਹਿਜ਼ ਇੱਟਾਂ ‘ਤੇ ਗੋਲ਼ੀਆਂ ਦੇ ਨਿਸ਼ਾਨਾਂ ਕਰਕੇ ਨਹੀਂ ਹੁੰਦੀ
ਤੇ ਨਾ ਹੀ ਖੂਨੀ ਖੂਹ ਕਰਕੇ ਹੁੰਦੀ ਹੈ
ਜੱਲ੍ਹਿਆਂਵਾਲੇ ਬਾਗ਼ ਕੌਮਾਂ ਦੀਆਂ ਰੂਹਾਂ ‘ਚ
ਉੱਕਰੇ ਹੁੰਦੇ ਨੇ
ਕੌਮਾਂ ਦੀ ਰੂਹ ਦੇ ਜ਼ਖ਼ਮ  ਹੁੰਦੇ ਨੇ
ਤੇ ਇਹ ਵੀ ਨਹੀਂ ਕਿ ਇਹ
ਸਿਰਫ ਅੰਮ੍ਰਿਤਸਰ ਵਿੱਚ ਹੀ ਹੁੰਦੇ ਨੇ
ਜੱਲ੍ਹਿਆਂਵਾਲ਼ੇ ਬਾਗ  ਦਾ ਸਾਕਾ ਤਾਂ
ਹੱਕ ਮੰਗਦੇ ਲੋਕਾਂ ਦੇ ਪਿੱਛੇ ਪਿੱਛੇ ਤੁਰਦਾ ਰਹਿੰਦਾ ਹੈ
ਕਦੇ ਇਸ ਸ਼ਹਿਰ ਕਦੇ ਉਸ ਸ਼ਹਿਰ
ਕਦੇ ਇਸ ਦੇਸ਼ ਕਦੇ ਉਸ ਦੇਸ਼
ਤੁਸੀਂ ਜਦੋਂ ਵੀ, ਜਿੱਥੇ ਵੀ ਹੱਕ ਮੰਗੋਗੇ
ਅਨਿਆਂ ਨਾਲ ਲੜਦੇ ਨਿਆਂ ਮੰਗੋਗੇ
ਉਹੀ ਪੁਲਿਸ ਆ ਜਾਵੇਗੀ
ਉਹੀ ਡੰਡੇ ਆ ਜਾਣਗੇ
ਉਹੀ ਕਾਨੂੰਨ
ਉਹੀ ਹਥਿਆਰ ਆ ਜਾਣਗੇ
ਉਹੀ ਆਰਡਰ
ਉਹ ਹੀ ਜਨਰਲ ਡਾਇਰ
ਜਿਸ ਨੂੰ ਤੁਸੀਂ ਕੈਕਸਟਨ ਹਾਲ ਵਿਚ
ਮਾਰ ਦਿੱਤਾ ਸਮਝਿਆ ਹੁੰਦਾ ਹੈ
ਤੇ ਫਿਰ ਉਸੇ ਤਰ੍ਹਾਂ ਦੀਆਂ ਸੱਟਾਂ
ਉਸੇ ਤਰ੍ਹਾਂ ਦੇ ਜ਼ਖਮ
ਜ਼ਖ਼ਮਾਂ ਚੋਂ ਨਿਕਲਦਾ ਉਹੀ ਲਾਲ ਰੰਗ ਦਾ ਖ਼ੂਨ
ਤੇ ਫਿਰ ਸਾਹਮਣੇ ਉਹੀ
ਇੱਕ ਹੋਰ ਜੱਲ੍ਹਿਆਂਵਾਲ਼ੇ ਬਾਗ ਦਾ ਸਾਕਾ
ਤੇ ਜਨਰਲ ਡਾਇਰ ਵਿਦੇਸ਼ੀ ਧਰਤੀਆਂ ਦੇ ਹੀ ਨਹੀਂ ਹੁੰਦੇ
ਉਹ ਹਰ ਥਾਂ ਨੇ
ਸਾਡੇ ਵਿੱਚ ਵੀ ਡੂੰਘੇ ਜਿਹੇ ਕਿਤੇ ਛੁਪੇ ਹੋਏ ਨੇ
ਤੇ ਉਹ ਵੀ ਸਾਡੇ ਹੀ ਬੱਚੇ ਹੁੰਦੇ ਨੇ
ਜੋ ਜੱਲ੍ਹਿਆਂਵਾਲੇ ਬਾਗ ‘ਚ ਹਥਿਆਰ ਚਲਾਉਂਦੇ ਨੇ
ਸਾਡਾ ਲਹੂ ਵਹਾਉਂਦੇ ਨੇ
ਉਨ੍ਹਾਂ ਨੂੰ ਬੇਰੁਜ਼ਗਾਰੀ ਦੀ ਮਾਰ, ਮਾਰ ਕੇ
ਕੰਗਾਲੀ ਭਰੇ ਭਵਿੱਖ ਤੋਂ ਡਰਾ ਕੇ
ਫਿਰ ਤਨਖਾਹਾਂ ਦੇ ਕੇ ਆਪਣੀ ਧਿਰ ਬਣਾਉਂਦੇ
ਉਹ ਤਨਖਾਹਾਂ ਦੀ ਖੁਆਈ ਹੋਈ ਸਹੁੰ ਵੇਖਦੇ
ਫਿਰ ਅਸੀਂ ਉਨ੍ਹਾਂ ਦੇ ਹਮਸਾਏ ਦੂਜੇ ਪਾਸੇ ਖਡ਼੍ਹੇ
ਦੂਜੀ ਧਿਰ ‘ਚ ਵਟ ਜਾਂਦੇ
ਅਸੀਂ ਦੋ ਹੀ ਧਿਰਾਂ ਹਾਂ ਧੁਰ ਤੋਂ
ਤੇ ਆਪਣਾ ਆਪਣਾ ਵਿਹਾਰ ਜੀ ਰਹੀਆਂ
ਅਸੀਂ  ਜਲ੍ਹਿਆਂਵਾਲੇ ਬਾਗ ‘ਚ ਇਕੱਠੇ ਹੁੰਦੇ ਹਾਂ
ਤੇ ਉਹ ਜੱਲ੍ਹਿਆਂਵਾਲੇ ਬਾਗ਼ ਨੂੰ
ਸਾਕੇ ‘ਚ ਬਦਲਦੇ ਤੇ ਹਮੇਸ਼ਾਂ ਬਦਲਦੇ ਰਹਿਣਗੇ
ਬਦਲਦੇ ਸਮਿਆਂ ਵਿੱਚ
ਕੁਝ ਲੋਕ ਬਦਲਦੇ ਰਹਿੰਦੇ ਨੇ
ਕਦੇ ਇਸ ਧਿਰ ਵਿੱਚ ਖੜੇ ਹੁੰਦੇ
ਕਦੇ ਉਸ ਧਿਰ ਵਿੱਚ ਸ਼ੁਮਾਰ ਹੋਏ ਹੁੰਦੇ
ਪਰ ਜਲ੍ਹਿਆਂਵਾਲਾ ਬਾਗ ਤਾਂ  ਅਟੱਲ ਹੈ
ਸਾਰੇ ਸਮਿਆਂ ‘ਚ ਇਹ ਜੱਲ੍ਹਿਆਂ ਵਾਲਾ ਬਾਗ਼
ਸਾਡੇ ਨਾਲ਼ ਨਾਲ਼ ਹੁੰਦਾ
ਨਾਲ਼ ਹੀ ਹੁੰਦੇ ਜਨਰਲ ਡਾਇਰ
ਤੇ ਜਲ੍ਹਿਆਂਵਾਲੇ ਬਾਗ ਦੀ
ਰੱਤ-ਸਿੰਜੀ ਜਰਖੇਜ਼ ਧਰਤ ‘ਚ ਉੱਗਣ ਵਾਲ਼ੇ
ਬਹੁਤ ਸਾਰੇ ਊਧਮ ਸਿੰਘ ਵੀ ਨਾਲ਼ ਹੀ ਹੁੰਦੇ
ਜਾਬਰ ਧਿਰਾਂ ਕਦੇ ਸਦਾ ਨਾ ਰਹਿ ਸਕਦੀਆਂ
ਕਿਉਂ ਜੋ ਜੱਲ੍ਹਿਆਂਵਾਲੇ ਬਾਗ ਵਿੱਚ
ਇਕੱਠੀਆਂ ਹੋਣ ਵਾਲੀਆਂ ਸਾਡੀਆਂ ਧਿਰਾਂ ਕੋਲ਼
ਹਮੇਸ਼ਾ ਜੂਝ ਮਰਨ ਦਾ ਜਜ਼ਬਾ ਹੁੰਦਾ
ਯੋਧੇ ਹੁੰਦੇ, ਸੀਸ ਤਲ਼ੀਏ ਧਰੇ ਹੁੰਦੇ
ਇਕ ਵੱਡਾ ਕਿਰਦਾਰ ਹੁੰਦਾ
ਯੋਧਿਆਂ ਦਾ ਇਤਿਹਾਸ ਸਾਨੂੰ ਕੰਠ ਹੋਣ ਲਗਦਾ
ਅਸੀਂ ਸੱਚੇ ਸੁੱਚੇ ਫ਼ਰਜ਼ਾਂ ਦੇ ਸਨਮੁਖ ਹੁੰਦੇ
ਇਨ੍ਹਾਂ ਨੂੰ ਪਾਕ ਪਵਿੱਤਰ ਬਣਾਉਂਦੇ
ਤੇ ਇਹੀ ਜੀਵਣਾ ਸਾਡੀ ਹੋਂਦ ਬਚਾਈ ਰੱਖਦਾ
ਇੱਕ ਸੰਘਰਸ਼, ਲਹੂ ਦਾ ਦਰਿਆ ਹੋ ਵਹਿੰਦਾ ਰਹਿੰਦਾ
ਤੇ ਫੇਰ ਇੱਕ ਦਿਨ ਜਿੱਤ ਹੁੰਦੀ
ਅਸੀਂ ਸ਼ਾਂਤੀ ਨਾਲ਼ ਭਰੇ ਸਵਰਾਜ ਦਾ ਭਰਮ ਪਾਲ਼ਦੇ
ਲੰਘਦਾ ਜਾਂਦਾ ਸਮਾਂ ਫਿਰ ਲੰਘਦਾ
ਸਾਡੇ ਯੋਧੇ ਅਵੇਸਲੇ ਹੁੰਦੇ
ਕਿਰਦਾਰਕੁਸ਼ੀ ਹੁੰਦੀ
ਪਦਾਰਥਾਂ ‘ਚ  ਲਿਪਤ ਹੁੰਦੇ
ਦੂਜੀ ਧਿਰ ਨਾਲ ਜਾ ਬਹਿੰਦੇ
ਦੁੂਜੀ ਧਿਰ ਜਿਹਾ ਹੀ ਹੋਣ ਲੱਗਦੇ
ਤੇ ਵੇਖਦੇ ਵੇਖਦੇ ਅਸੀਂ ਫਿਰ ਪੀੜਤ ਧਿਰ ਹੋ ਜਾਂਦੇ
ਇਸੇ ਤਰ੍ਹਾਂ ਇਹ ਦੁਹਰਾਓ ਹੁੰਦਾ ਆਇਆ ਹੈ
ਤੇ ਉਂਝ ਇੱਕ ਵਾਰ ਅਸੀਂ
ਇਸ ਸਾਕੇ ਤੋਂ ਬਾਅਦ ਜਿੱਤਣਾ ਹੀ ਹੁੰਦਾ ਹੈ
ਅਮਰਜੀਤ ਸਿੰਘ ਅਮਨੀਤ
8872266066

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ
Next articleਊਧਮ ਸਿਉਂ