ਮਾਂ ਬੋਲੀ ਦਾ ਰੁਤਬਾ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)- ਸਿਮਰਨ ਕਾਨਵੇਂਟ ਸਕੂਲ ਵਿੱਚ ਪੰਜਾਬੀ ਦੀ ਅਧਿਆਪਕਾ ਸੀ। ਉੱਥੇ ਵੀ ਉਹਨਾਂ ਨੂੰ ਜਮਾਤ ਦੇ ਅੰਦਰ ਅੰਦਰ ਪੰਜਾਬੀ ਦਾ ਪਾਠ ਪੜ੍ਹਾਉਂਦੇ ਹੀ ਪੰਜਾਬੀ ਬੋਲਣ ਦੀ ਇਜਾਜ਼ਤ ਸੀ। ਪਰ ਸਟਾਫ਼ ਰੂਮ ਵਿੱਚ ਨਾਲ ਦੀਆਂ ਟੀਚਰਾਂ ਜਾਂ ਸਕੂਲੀ ਬੱਚਿਆਂ ਨਾਲ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਇਜਾਜ਼ਤ ਸੀ। ਜਿਸ ਤਰ੍ਹਾਂ ਉਹ ਸਾਰਾ ਦਿਨ ਸਕੂਲ ਦੇ ਮਾਹੌਲ ਵਿੱਚ ਰਹਿੰਦੀ ਉਸੇ ਤਰ੍ਹਾਂ ਹੀ ਉਹ ਘਰ ਵਿੱਚ ਵੀ ਕਦੇ ਹਿੰਦੀ ਤੇ ਕਦੇ ਅੰਗਰੇਜ਼ੀ ਬੋਲਦੀ। ਉਸ ਨੂੰ ਦੇਖ ਕੇ ਉਸ ਦੀ ਜਠਾਣੀ ਅਤੇ ਉਸ ਦੇ ਬੱਚਿਆਂ ਨੂੰ ਵੀ ਉਹਨਾਂ ਨਾਲ ਟੁੱਟੀ ਭੱਜੀ ਹਿੰਦੀ ਬੋਲਣ ਦੀ ਆਦਤ ਪੈ ਗਈ ਸੀ। ਇਸ ਤਰ੍ਹਾਂ ਉਸ ਨੇ ਪੰਜਾਬੀ ਵਿੱਚ ਗੱਲ ਨਾ ਕਰਕੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਆਪਣਾ ਕਾਨਵੇਂਟ ਸਟੈਂਡਰਡ ਘਰ ਅਤੇ ਆਂਢ ਗੁਆਂਢ ਵਿੱਚ ਵੀ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਤੋਂ ਉਹ ਉਸ ਸਕੂਲ ਵਿੱਚ ਪੜ੍ਹਾਉਣ ਲੱਗੀ ਸੀ ਉਦੋਂ ਤੋਂ ਲੈਕੇ ਹੁਣ ਤੱਕ ਉਸ ਦੀ ਬੋਲੀ ਅਤੇ ਬਾਤਚੀਤ ਦਾ ਵਿਵਹਾਰ ਹੀ ਬਦਲ ਗਿਆ ਸੀ।

ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦੇ ਹਰ ਕਰਮਚਾਰੀ ਦੀ ਇੱਛਾ ਸਰਕਾਰੀ ਨੌਕਰੀ ਲੈਣ ਦੀ ਹੀ ਰਹਿੰਦੀ ਹੈ।ਹਰ ਕੋਈ ਸਰਕਾਰੀ ਨੌਕਰੀ ਲੈਣ ਲਈ ਹੱਥ ਪੈਰ ਮਾਰਦਾ ਹੀ ਰਹਿੰਦਾ ਹੈ।ਸਿਮਰਨ ਨੇ ਵੀ ਘੱਟ ਤਨਖਾਹ ਹੋਣ ਕਾਰਨ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਹੋਇਆ ਸੀ। ਇੱਕ ਦਿਨ ਜਦ ਉਹ ਸਕੂਲੋਂ ਆ ਕੇ ਡਾਕ ਦੇਖਣ ਲੱਗੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਉਸ ਨੇ ਜਦੋਂ ਤੋਂ ਸਰਕਾਰੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਉਹ ਤਨਖਾਹ ਜ਼ਿਆਦਾ ਹੋਣ ਕਰਕੇ ਬਹੁਤ ਖੁਸ਼ ਸੀ। ਕਦੇ ਕਦੇ ਉਹ ਆਪਣੇ ਤਿੰਨ ਸਾਲ ਦੇ ਪੁੱਤਰ ਹਨੀ ਨੂੰ ਵੀ ਸਕੂਲ ਨਾਲ ਲੈ ਜਾਂਦੀ ਪਰ ਉਹ ਕਦੇ ਸਕੂਲ ਦੇ ਬੱਚਿਆਂ ਨਾਲ ਗੱਲ ਨਾ ਕਰਨ ਦਿੰਦੀ ਕਿਉਂ ਕਿ ਉਸ ਨੂੰ ਡਰ ਸੀ ਕਿ ਕਿਧਰੇ ਹਨੀ ਪੰਜਾਬੀ ਬੋਲਣੀ ਹੀ ਨਾ ਸਿੱਖ ਜਾਏ।

ਹੁਣ ਉਸ ਨੇ ਆਪਣੇ ਪੁੱਤਰ ਦਾ ਕਾਨਵੇਂਟ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ, ਹੁਣ ਤਾਂ ਉਸ ਦੇ ਘਰ ਦਾ ਕਲਚਰ ਹੀ ਬਦਲ ਗਿਆ ਸੀ।ਉਹ ਆਪਣੇ ਆਲ਼ੇ ਦੁਆਲ਼ੇ ਜਾਂ ਘਰ ਆਉਣ ਵਾਲੇ ਪੰਜਾਬੀ ਬੋਲਣ ਵਾਲੇ ਮਹਿਮਾਨਾਂ ਨੂੰ ਤਾਂ ਉਹ ਬੇਵਕੂਫ਼ ਹੀ ਸਮਝਦੀ ਸੀ। ਸਕੂਲ ਵਿੱਚ ਵੀ ਆਪਣੇ ਬੱਚੇ ਅਤੇ ਘਰ ਦੇ ਮਾਹੌਲ ਨੂੰ ਲੈ ਕੇ ਪੰਜਾਬੀ ਨਾ ਬੋਲਣ ਬਾਰੇ ਅਕਸਰ ਬਹੁਤ ਸ਼ੇਖੀ ਮਾਰਦੀ ਰਹਿੰਦੀ। ਸਮਾਂ ਬੀਤਦਾ ਗਿਆ ,ਉਸ ਦਾ ਪੁੱਤਰ ਹੁਣ ਆਪਣੀ ਪੜ੍ਹਾਈ ਖ਼ਤਮ ਕਰ ਕੇ ਕਿਸੇ ਉੱਚੇ ਅਹੁਦੇ ਦੀ ਨੌਕਰੀ ਦੀ ਤਿਆਰੀ ਕਰਨ ਲੱਗਿਆ। ਉਸ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ। ਉਸ ਲਈ ਉਸ ਦੀ ਕਮਿਸ਼ਨ ਦੀ ਪ੍ਰੀਖਿਆ ਹੋਈ ਉਸ ਵਿੱਚ ਸਾਰੇ ਵਿਸ਼ਿਆਂ ਦੇ ਸੁਆਲਾਂ ਦੇ ਜਵਾਬ ਉਸ ਨੇ ਬੜੇ ਅਸਾਨੀ ਨਾਲ ਲਿਖ ਦਿੱਤੇ ਪਰ ਪੰਜਾਬੀ ਵਿੱਚ ਪੁੱਛੇ ਹੋਏ ਅਸਾਨ ਜਿਹੇ ਪ੍ਰਸ਼ਨਾਂ ਦੇ ਉੱਤਰ ਉਸ ਨੂੰ ਆਉਂਦੇ ਨਹੀਂ ਸਨ। ਘਰ ਵਿੱਚ ਪੰਜਾਬੀ ਦਾ ਮਾਹੌਲ ਨਾ ਹੋਣ ਕਰਕੇ ਉਹ ਸ਼ੁਰੂ ਤੋਂ ਹੀ ਪੰਜਾਬੀ ਵਿੱਚ ਕਮਜ਼ੋਰ ਰਿਹਾ ਸੀ। ਜਦ ਉਸ ਉੱਚੇ ਅਹੁਦੇ ਦੀ ਨੌਕਰੀ ਲਈ ਕਮਿਸ਼ਨ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਹਨੀ ਓਨੇ‌ ਅੰਕਾਂ ਨਾਲ ਹੀ ਪਿੱਛੇ ਰਹਿ ਗਿਆ ਸੀ ਜਿੰਨੇ ਅੰਕ ਉਸ ਨੇ ਪੰਜਾਬੀ ਦੇ ਪ੍ਰਸ਼ਨਾਂ ਦੇ ਗ਼ਲਤ ਉੱਤਰ ਦੇ ਕੇ ਕਟਵਾਏ ਸਨ।

ਸਿਮਰਨ ਨੂੰ ਅੱਜ ਸਮਝ ਆ ਗਈ ਸੀ ਕਿ ਇਸ ਪਿੱਛੇ ਉਸ ਦਾ ਹੀ ਕਸੂਰ ਸੀ ਕਿਉਂਕਿ ਉਹ ਆਪ ਖੁਦ ਪੰਜਾਬੀ ਦੀ ਅਧਿਆਪਕਾ ਹੋ ਕੇ ਜਿਹੜੀ ਆਪਣੀ ਹੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕਰਦੀ ਰਹੀ ਸੀ ,ਅੱਜ ਉਸੇ ਮਾਂ ਬੋਲੀ ਦੇ ਕਾਰਨ ਉਸ ਦੇ ਪੁੱਤਰ ਨੂੰ ਉੱਚੇ ਅਹੁਦੇ ਵਾਲੀ ਨੌਕਰੀ ਨਹੀਂ ਮਿਲੀ ਸੀ । ਜਿਹੜੀ ਸਿਮਰਨ ਮਾਂ ਬੋਲੀ ਨੂੰ ਬਹੁਤ ਘਟੀਆ ਨਿਗਾਹ ਨਾਲ ਵੇਖਦੀ ਆਈ ਸੀ ਉਸ ਨੂੰ ਅੱਜ ਉਸੇ ਮਾਂ ਬੋਲੀ ਦਾ ਰੁਤਬਾ ਸਾਰੀਆਂ ਬੋਲੀਆਂ ਤੋਂ ਉੱਚਾ ਲੱਗ ਰਿਹਾ ਸੀ।

ਬਰਜਿੰਦਰ ਕੌਰ ਬਿਸਰਾਓ…
9988901324

Previous articleਅਨੇਕਾਂ ਫਾਇਦੇ ਹਨ ਸਰੀਰਕ ਗਤੀਵਿਧੀਆਂ ਦੇ
Next articleਇੱਕ ਨੰਬਰ ਨਾਲ ਆਪਣੇ ਸਿਹਤ ਰਿਕਾਰਡ ਦੀ ਰੱਖੋ ਜਾਣਕਾਰੀ : ਡਾਕਟਰ ਹਰਦੀਪ ਸ਼ਰਮਾ