ਮਾਂ ਬੋਲੀ ਪੰਜਾਬੀ “

(ਸਮਾਜ ਵੀਕਲੀ)-ਅੱਜ ਦੁਨੀਆਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਇੱਕ ਭਾਸ਼ਾ ਦੀ ਆਪਣੀ ਹੀ ਲਿਪੀ ਹੁੰਦੀ ਹੈ। ਜਿਹੜੀ ਭਾਸ਼ਾ ਬੱਚੇ ਨੂੰ ਮਾਂ ਦੇ ਦੁੱਧ ਨਾਲ ਸਿੱਖਣ ਨੂੰ ਮਿਲਦੀ ਹੈ, ਉਹ ਭਾਸ਼ਾ ਹੀ ਉਸ ਦੀ ਮਾਂ ਬੋਲੀ ਹੁੰਦੀ ਹੈ। ਜਿੱਥੇ ਹੋਰ ਭਾਸ਼ਾਵਾਂ ਸਿੱਖਣਾ ਬਹੁਤ ਵਧੀਆ ਗੱਲ ਹੁੰਦੀ ਹੈ, ਉੱਥੇ ਆਪਣੀ ਮਾਤ ਭਾਸ਼ਾ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਣਾ ਹੋਰ ਵੀ ਵਧੀਆ ਗੱਲ ਹੁੰਦੀ ਹੈ।

                            ਠੀਕ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਵੀ ਸਾਡੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ। ਪੰਜਾਬੀ ਭਾਸ਼ਾ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀਆਂ ਵਲੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਬੋਲੀ ਜਾਂਦੀ ਹੈ। ਸਾਡੀ ਮਾਂ ਬੋਲੀ ਪੰਜਾਬੀ ਆਪਣੇ ਆਪ ਵਿਚ ਇੱਕ ਵਿਲੱਖਣ ਭਾਸ਼ਾ ਹੈ। ਜੋ ਕਿ ਬਹੁਤ ਹੀ ਅਮੀਰ ਗਿਣੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਿੱਚ ਬੜਾ ਸੰਕੋਚ ਅਤੇ ਸ਼ਰਮ ਮੰਨਿਆ ਜਾਂਦਾ ਹੈ। ਸ਼ਹਿਰਾਂ ਦੇ ਬੱਚੇ ਜੋ ਕਿ ਕਾਨਵੇਂਟ ਸਕੂਲਾਂ ਅਤੇ ਹੋਰ ਪਬਲਿਕ ਸਕੂਲਾਂ ਵਿੱਚ ਵਿਚ ਪੜ੍ਹਦੇ ਹਨ ਉਹਨਾਂ ਦੇ ਅਧਿਆਪਕ ਅਤੇ ਮਾਪੇ ਵੀ ਹੋਰ ਭਾਸ਼ਾ ਵਿੱਚ ਗੱਲ ਕਰਨਾ ਫਖਰ ਮਹਿਸੂਸ ਕਰਦੇ ਹਨ ਅਤੇ ਪੰਜਾਬੀ ਬੋਲਣ ਵਿੱਚ ਸੰਕੋਚ ਕਰਦੇ ਹਨ ਅਤੇ ਸ਼ਰਮ ਮਹਿਸੂਸ ਕਰਦੇ ਹਨ। ਇਹੋ ਜਿਹੇ ਸ਼ਹਿਰੀਆਂ ਨੇ ਹੀ ਪੰਜਾਬੀ ਭਾਸ਼ਾ ਦਾ ਰੂਪ ਵੀ ਵਿਗਾੜ ਕੇ ਰੱਖਿਆ ਹੋਇਆ ਹੈ। ਹੋਰ ਤਾਂ ਹੋਰ ਸਾਡੇ ਪਿੰਡਾਂ ਦੇ ਬੱਚੇ ਜੋ ਸ਼ਹਿਰ ਵਿੱਚ ਪੜ੍ਹਨ ਜਾਂਦੇ ਹਨ ਉਨ੍ਹਾਂ ਨੂੰ ਵੀ ਇਹੋ ਜਿਹੀ ਬਿਮਾਰੀ ਲੱਗ ਰਹੀ ਹੈ। ਉਹ ਵੀ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਪੰਜਾਬੀ ਬੋਲਣ ਦੀ ਬਜਾਏ ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਸ਼ਾਨ ਸਮਝਦੇ ਹਨ। ਅੱਜ ਜਿਥੇ ਦੁਨੀਆਂ ਵਿਚ ਵੱਸਦੇ ਪੰਜਾਬੀ ਸਾਡੀ ਭਾਸ਼ਾ ਪ੍ਰਤੀ ਇੰਨਾ ਪਿਆਰ ਅਤੇ ਸਤਿਕਾਰ ਰੱਖ ਰਹੇ ਹਨ ਉਥੇ ਪੰਜਾਬ ਵਿੱਚ ਇਹ ਤ੍ਰਾਸਦੀ ਦਾ ਸ਼ਿਕਾਰ ਹੋ ਰਹੀ ਹੈ। ਸਰਕਾਰੀ ਦਫਤਰਾਂ ਦੇ ਬਾਬੂ ਵੀ ਪੰਜਾਬੀ ਵਿੱਚ ਗੱਲ ਕਰਨ ਦੀ ਬਜਾਏ ਹੋਰ ਭਾਸ਼ਾਵਾਂ ਵਿੱਚ ਗੱਲ ਕਰਨਾ ਸ਼ਾਨ ਸਮਝਦੇ ਹਨ, ਉਹ ਵੀ ਪੰਜਾਬੀ ਨੂੰ ਅਨਪੜ੍ਹਾ ਅਤੇ ਗਵਾਰਾਂ ਦੀ ਭਾਸ਼ਾ ਮੰਨਦੇ ਹਨ। ਅੱਜ ਜਿਹੜਾ ਮਾਣ ਮੇਰੀ ਮਾਂ ਬੋਲੀ ਪੰਜਾਬੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ।
           ਵਰਣਨਯੋਗ ਹੈ ਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਤੋਂ ਅਮੀਰ ਭਾਸ਼ਾ ਮੰਨੀ ਗਈ ਹੈ। ਕਿਉਂਕਿ ਇਸ ਵਿੱਚ ਉਹ ਹਰ ਆਵਾਜ਼ ਪ੍ਰਗਟ ਕੀਤੀ ਜਾ ਸਕਦੀ ਹੈ ਜਿਹੜੀ ਕਿ ਹੋਰਨਾਂ ਭਾਸ਼ਾ ਵਿੱਚ ਬੋਲਣ ਲੱਗਿਆ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬੀ ਭਾਸ਼ਾ ਵਿੱਚ ਹਰ ਆਵਾਜ਼ ਪ੍ਰਗਟ ਕੀਤੀ ਜਾ ਸਕਦੀ ਹੈ, ਇਸ ਵਿੱਚ ਹਰ ਇੱਕ ਆਵਾਜ਼ ਦਾ ਇਕ ਵੱਖਰਾ ਚਿੰਨ੍ਹ ਦਿੱਤਾ ਗਿਆ ਹੈ ਇਸ ਦੀ ਲਿਪੀ ਬਹੁਤ ਹੀ ਮਜ਼ੇਦਾਰ ਅਤੇ ਅਮੀਰ ਹੈ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵਿੱਚ ਸਾਰੇ ਦੇ ਸਾਰੇ ਚਿੰਨ ਮਿਲਦੇ ਹਨ ਜੋ ਕਿ ਹਰ ਆਵਾਜ਼ ਨੂੰ ਪਰਗਟ ਕਰਨ ਦੇ ਸਮਰੱਥ ਹੁੰਦੇ ਹਨ। ਇਸ ਵਿੱਚ ਫਾਰਸੀ ਭਾਸ਼ਾ ਦੀਆਂ ਅਵਾਜ਼ਾਂ ਵੀ ਦਿੱਤੀਆਂ ਗਈਆਂ ਹਨ। ਜਿਵੇਂ ਸ਼ ਖ਼ ਗ਼ ਜ਼ ਫ਼ ਲ਼ ਹਨ। ਇਸ ਤੋਂ ਇਲਾਵਾ ਇਸ ਦਾ ਇੱਕ ਵਿਲੱਖਣ ਚਿੰਨ੍ਹ ਹੈ, ਅੱਧਕ ਜੋ ਕਿ ਦੋਹਰੀ ਆਵਾਜ਼ ਪ੍ਰਗਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀਆਂ ਨਾਸਕੀ ਧੁਨੀਆਂ ਵੀ ਇਸਨੂੰ ਦੂਜੀਆਂ ਭਾਸ਼ਾਵਾਂ ਨਾਲੋਂ ਵੱਖਰਾ ਕਰਕੇ ਪੇਸ਼ ਕਰਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਵਿਸ਼ੇਸ਼ਤਾਵਾਂ ਹਨ ਜੋ ਕਿ ਪੰਜਾਬੀ ਭਾਸ਼ਾ ਨੂੰ ਅਮੀਰ ਬਣਨ ਵਿੱਚ ਮਦਦ ਕਰਦੀਆਂ ਹਨ। ਜੇਕਰ ਵਿਆਕਰਨ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਤੋਂ ਉੱਤਮ ਮੰਨੀ ਗਈ ਭਾਸ਼ਾ ਹੈ।
         ਸਾਡੇ ਗੁਰੂਆਂ ਦੀ ਬਾਣੀ ਇਸੇ ਭਾਸ਼ਾ ਵਿੱਚ ਹੀ ਰਚੀ ਹੋਈ ਹੈ, ਇਸ ਤੋਂ ਇਲਾਵਾ ਪੁਰਾਤਨ ਕਵੀ ਅਤੇ ਆਧੁਨਿਕ ਕਵੀਆਂ ਨੇ ਆਪਣੀਆਂ ਰਚਨਾਵਾਂ ਇਸ ਪੰਜਾਬੀ ਵਿੱਚ ਰਚ ਕੇ ਇਸ ਨੂੰ ਬਹੁਤ ਅਮੀਰ ਬਣਾਇਆ ਹੈ। ਬਾਬਾ ਬੁੱਲੇ ਸ਼ਾਹ ਦਮੋਦਰ ,ਪੀਲੂ, ਵਾਰਸ ਸ਼ਾਹ, ਸ਼ਾਹ ਮੁਹੰਮਦ, ਬਾਬੂ ਫ਼ਿਰੋਜ਼ਦੀਨ ਸ਼ਰਫ਼, ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਇਸੇ ਹੀ ਪੰਜਾਬੀ ਬੋਲੀ ਨੂੰ ਸਮਰਪਿਤ ਕੀਤੀਆਂ ਹਨ। ਬਾਬੂ ਫਿਰੋਜ ਦੀ ਸ਼ਰਫ ਦੀ ਕਵਿਤਾ ਦੀਆਂ ਕੁੱਝ ਸਤਰਾਂ ਜਿਵੇਂ:-ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ,                           ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ,
              ਸਮਝਾਂ ਫ਼ਾਰਸੀ ਉਰਦੂ ਵੀ ਖ਼ੂਬ ਬੋਲਾਂ,
              ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ।
               ਬੋਲੀ ਆਪਣੀ ਨਾਲ ਪਿਆਰ ਰੱਖਾਂ,
            ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ।
             ………………………..……………
ਸੋ ਅੱਜ ਜਰੂਰਤ ਹੈ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜੋ ਕਿ ਸਾਡੇ ਪੰਜਾਬ ਦੇ ਪੰਜਾਬੀਆਂ ਵਲੋਂ ਇਸ ਨੂੰ ਨਹੀਂ ਦਿੱਤਾ ਗਿਆ। ਲੋੜ ਹੈ ਅੱਜ ਸਾਰੇ ਸਕੂਲਾਂ ਦੇ ਸਿਲੇਬਸ ਵਿੱਚ ਪੰਜਾਬੀ ਭਾਸ਼ਾ ਨੂੰ ਉੱਚਤਾ ਪ੍ਰਦਾਨ ਕਰਨ ਦੀ ਅਤੇ ਸਰਕਾਰੀ ਦਫਤਰਾਂ ਦੀ ਭਾਸ਼ਾ ਵੀ ਅਤੇ ਪ੍ਰਾਈਵੇਟ ਦਫ਼ਤਰਾਂ ਦੀ ਭਾਸ਼ਾ ਵੀ ਪੰਜਾਬੀ ਹੀ ਹੋਣੀ ਚਾਹੀਦੀ ਹੈ। ਸਾਡੀਆਂ ਸਰਕਾਰਾਂ ਨੂੰ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਬਹੁਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਮਿਲੇਗਾ। ਮੈਨੂੰ ਵੀ ਬਹੁਤ ਫ਼ਖ਼ਰ ਹੈ ਕਿ ਮੈਂ ਪੰਜਾਬੀ ਤੇ ਪੰਜਾਬ ਦਾ ਰਹਿਣ ਵਾਲਾ ਤੇ ਪੰਜਾਬੀ ਬੋਲਣ ਵਾਲਾ ਹਾਂ। ਸੋ ਆਓ ਅੱਜ ਆਪਣੀ ਇਸ ਪੰਜਾਬੀ ਭਾਸ਼ਾ ਨੂੰ  ਉਸ ਦੇ ਬਣਦੇ ਤਖ਼ਤ ਤੇ ਬਿਠਾਈਏ।
    ਜਗਜੀਤ ਸਿੰਘ ਖ਼ਸ਼
    ਈ ਟੀ ਟੀ ਅਧਿਆਪਕ
    ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ
      ਬਲਾਕ ਨਕੋਦਰ-1
       9592919231
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੇਰਾਬੱਸੀ *ਚ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ
Next articleਸਰਕਾਰੀ ਹਾਈ ਸਕੂਲ ਹੈਬਤਪੁਰ ਵਿੱਖੇ ਸਿਹਤ ਸੰਭਾਲ ਸਬੰਧੀ ਲਗਾਇਆ ਕੈਂਪ