(ਸਮਾਜ ਵੀਕਲੀ)
ਅੰਬਰਸਰਨੀ ਤਾਈ ਹੈ ਇੱਕ।
ਦਿੱਲੀ ਵਾਲ਼ੀ ਭਰਜਾਈ ਹੈ ਇੱਕ।
ਗਵਾਂਢਣ ਇੱਕ ਹਿਮਾਚਲ ਤੋਂ ਹੈ।
ਚਾਚੀ ਵੀ ਉਤਰਾਂਚਲ ਤੋਂ ਹੈ।
ਮਾਝੀ ਦੇ ਵਿੱਚ ਤਾਈ ਬੋਲਦੀ।
ਸ਼ੁੱਧ ਹਿੰਦੀ ਭਰਜਾਈ ਬੋਲਦੀ।
ਗਵਾਂਢਣ ਬੋਲੇ ਸਦਾ ਪਹਾੜੀ।
ਗੜ੍ਹਵਾਲੀ ਚਾਚੀ ਨੂੰ ਪਿਆਰੀ।
ਪਰ ਸਭਨਾਂ ਦੀ ਜਿੰਨੀ ਔਲਾਦ।
ਜੰਮੀ ਪਲ਼ੀ ਹੈ ਵਿੱਚ ਪੁਆਧ।
ਸਿਰਫ਼ ਪੁਆਧੀ ਬੋਲਣ ਸਾਰੇ।
ਇੱਤਰਾਂ, ਕਿੱਤਰਾਂ, ਥ੍ਹਾਰੇ, ਮ੍ਹਾਰੇ।
ਕੋਈ ਨਾ ਬੋਲੇ ਮਾਂ ਦੀ ਬੋਲੀ।
ਬੋਲਣ ਬੱਸ ਗਰਾਂ ਦੀ ਬੋਲੀ।
ਬੋਲਦੇ ਨੇ ਜੋ ਪਿਉ, ਪੜਦਾਦੇ।
ਜਾਂ ਸੀ ਬੋਲਦੇ ਲੱਗੜਦਾਦੇ।
ਫੇਰ ਇਹਨਾਂ ਦੀ ਇਹ ਜੋ ਬੋਲੀ।
ਮਾਂ ਬੋਲੀ ਹੈ ਜਾਂ ਪਿਉ ਬੋਲੀ ?
ਚੱਲੋ ਚੱਕਰਾਂ ਵਿੱਚ ਨਾ ਪਈਏ।
ਗੱਲ ਸਰਸਰੀ ਕਰ ਹੀ ਲਈਏ।
ਅਸਲ ‘ਚ ਮਾਂ ਬੋਲੀ ਹੈ ਤਾਂ।
ਬੱਚਾ ਜੰਮੇ ਕਿਸੇ ਵੀ ਥਾਂ।
ਬੁੱਝੇ ਜਦ ਰਿਸ਼ਤਿਆਂ ਦੇ ਨਾਂ।
ਸਭ ਤੋਂ ਪਹਿਲਾਂ ਆਖੇ ਮਾਂ।
ਮੋਮ, ਮੰਮੀ ਜਾਂ ਮਾਈ ਆਖੇ।
ਬੇਬੇ ਜਾਂ ਫਿਰ ਝਾਈ ਆਖੇ।
ਹੋਰ ਹੋਵੇ ਕੋਈ ਪਾਲਣਹਾਰ।
ਮਾਂ ਕਹਿਕੇ ਹੀ ਲਵੇ ਪਿਆਰ।
ਸੋ ਬੋਲੀ ਨੂੰ ਕਹਿਣਾ ਮਾਂ।
ਸਿਰਫ਼ ਹੈ ਇੱਕ ਜਜ਼ਬਾਤੀ ਨਾਂ।
ਕੁੱਝ ਵੀ ਹੈ ਪਰ ਜਚਦਾ ਬਹੁਤ ਹੈ।
ਫਬਦਾ, ਸੋਂਹਦਾ, ਪਚਦਾ ਬਹੁਤ ਹੈ।
ਸਿਆਣਿਆਂ ਏਥੇ ਸਿਆਣਪ ਵਰਤੀ।
ਰਿਸ਼ਤੇ ਵਰਗੀ ਬੋਲੀ ਕਰਤੀ।
ਭਰ ਦਿੱਤੇ ਨੇ ਗੂੜ੍ਹੇ ਰੰਗ।
ਮੋਹ, ਮਮਤਾ ਤੇ ਲਾਡ ਦੇ ਸੰਗ।
ਨਾਮ ਨੂਮ ਹੈ ਛੋਟਾ ਮਸਲਾ।
ਨਹੀਂ ਵੱਡਾ ਜਾਂ ਮੋਟਾ ਮਸਲਾ।
ਮਸਲਾ ਬੱਸ ਪਕਿਆਈ ਦਾ ਹੈ।
ਰੁਸ਼ਨਾਈ, ਸੌਖਿਆਈ ਦਾ ਹੈ।
ਘੜਾਮੇਂ ਵਾਲ਼ਿਆ ਛੱਡ ਵੀ ਗੱਲ।
ਧਿਆਨ ਜਰਾ ਧਰ ਆਪਣੇ ਵੱਲ।
ਗੁਰਬਿੰਦਰ ਨੂੰ ਕੌਣ ਪਛਾਣੇ ?
ਜੋ ਜਾਣੇ ਰੋਮੀ ਨੂੰ ਜਾਣੇ।
ਜੋ ਜਾਣੇ ਬੱਸ ਰੋਮੀ ਜਾਣੇ।
ਰੋਮੀ ਘੜਾਮੇਂ ਵਾਲ਼ਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly