ਮਿਸ਼ਰਾ ਨਾਲ ਸਟੇਜ ਸਾਂਝੀ ਨਾ ਕਰਨ ਮੋਦੀ: ਪ੍ਰਿਯੰਕਾ

Congress General Secretary Priyanka Gandhi

ਲਖਨਊ (ਸਮਾਜ ਵੀਕਲੀ):ਤਿੰਨ ਨਵੇਂ ਖੇਤੀ ਕਾਨੂੰਨ ਰੱਦ ਹੋਣ ਸਬੰਧੀ ਕੀਤੇ ਗਏ ਐਲਾਨ ਤੋਂ ਇੱਕ ਦਿਨ ਬਾਅਦ ਅੱਜ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇੱਥੇ ਹੋਣ ਡੀਜੀਪੀਜ਼ ਦੀ ਕਾਨਫਰੰਸ ਮੌਕੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨਾਲ ਸਟੇਜ ਸਾਂਝੀ ਨਾ ਕਰਨ। ਉਨ੍ਹਾਂ ਨਾਲ ਹੀ ਮਿਸ਼ਰਾ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਕਿਉਂਕਿ  ਇਸ ਮਾਮਲੇ ’ਚ ਮਿਸ਼ਰਾ ਦਾ ਪੁੱਤਰ ਮੁਲਜ਼ਮ ਹੈ। ਪ੍ਰਿਯੰਕਾ ਗਾਂਧੀ ਨੇ ਇਹ ਅਪੀਲ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਹੈ।

ਉਨ੍ਹਾਂ ਕਿਹਾ, ‘ਬੀਤੇ ਦਿਨ ਤੁਸੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਹਨ। ਜੇਕਰ ਇਹ ਸੱਚ ਹੈ ਤਾਂ ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਨਿਆਂ ਦੇਣਾ ਤੁਹਾਡੀ ਤਰਜੀਹ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੈਨੀ’ ਅਜੇ ਵੀ ਤੁਹਾਡੇ ਮੰਤਰੀ ਹਨ। ਜੇਕਰ ਤੁਸੀਂ ਡੀਜੀਪੀਜ਼ ਦੀ ਕਾਨਫਰੰਸ ਮੌਕੇ ਇਸ ਘਟਨਾ ਦੇ ਮੁਲਜ਼ਮ (ਆਸ਼ੀਸ਼ ਮਿਸ਼ਰਾ) ਦੇ ਪਿਤਾ ਨਾਲ ਸਟੇਜ ਸਾਂਝੀ ਕਰੋਗੇ ਤਾਂ ਪੀੜਤ ਪਰਿਵਾਰਾਂ ਨੂੰ ਸਪੱਸ਼ਟ ਸੁਨੇਹਾ ਜਾਵੇਗਾ ਕਿ ਤੁਸੀਂ ਅਜੇ ਵੀ ਉਨ੍ਹਾਂ ਲੋਕਾਂ ਨਾਲ ਹੋ ਜਿਨ੍ਹਾਂ ਨੇ ਕਾਤਲਾਂ ਦੀ ਪੁਸ਼ਤਪਨਾਹੀ ਕੀਤੀ ਸੀ।’

ਉਨ੍ਹਾਂ ਕਿਹਾ, ‘ਜੇਕਰ ਅੱਜ ਤੁਹਾਡੀ ਮਨਸ਼ਾ ਦੇਸ਼ ਦੇ ਕਿਸਾਨਾਂ ਬਾਰੇ ਸਪੱਸ਼ਟ ਹੈ ਤਾਂ ਤੁਹਾਨੂੰ ਗ੍ਰਹਿ ਰਾਜ ਮੰਤਰੀ ਨਾਲ ਸਟੇਜ ਸਾਂਝੀ ਨਹੀਂ ਕਰਨੀ ਚਾਹੀਦੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।’ ਕਾਂਗਰਸ ਦੀ ਜਨਰਲ ਸਕੱਤਰ ਨੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਕਿਸਾਨਾਂ ’ਤੇ ਦਰਜ ਕੇਸ ਕਰਨ ਤੇ ਸ਼ਹੀਦ ਹੋਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦੀ ਮੰਗ ਵੀ ਕੀਤੀ। ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਜੀਪੀ’ਜ਼ ਦੀ ਕਾਨਫਰੰਸ ’ਚ ਨਕਸਲਵਾਦ ਤੇ ਅਤਿਵਾਦ ਨਾਲ ਨਜਿੱਠਣ ਬਾਰੇ ਚਰਚਾ
Next articleਖੇਤੀ ਕਾਨੂੰਨਾਂ ਦੀ ਵਾਪਸੀ ਮਹਿਜ਼ ਸ਼ੁਰੂਆਤ, ਲੜਾਈ ਹਾਲੇ ਬਾਕੀ: ਮੇਧਾ ਪਾਟੇਕਰ