ਡੀਜੀਪੀ’ਜ਼ ਦੀ ਕਾਨਫਰੰਸ ’ਚ ਨਕਸਲਵਾਦ ਤੇ ਅਤਿਵਾਦ ਨਾਲ ਨਜਿੱਠਣ ਬਾਰੇ ਚਰਚਾ

ਲਖਨਊ, (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਡੀਜੀਪੀਜ਼ ਦੀ ਹੋਈ ਕਾਨਫਰੰਸ ’ਚ ਮਾਓਵਾਦੀਆਂ ਦੀ ਹਿੰਸਾ, ਅਤਿਵਾਦੀ ਗਤੀਵਿਧੀਆਂ ਤੇ ਸਾਈਬਰ ਕ੍ਰਾਈਮ ਵਰਗੇ ਮਸਲਿਆਂ ਨਾਲ ਨਜਿੱਠਣ ਬਾਰੇ ਚਰਚਾ ਕੀਤੀ ਗਈ। ਇਸ ਤਿੰਨ ਰੋਜ਼ਾ ਕਾਨਫਰੰਸ ਦੇ ਦੂਜੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਰੇ ਰਾਜਾਂ ਤੇ ਯੂਟੀਜ਼ ਦੇ ਡੀਜੀਪੀ, ਕੇਂਦਰੀ ਪੁਲੀਸ ਬਲਾਂ ਦੇ ਡੀਜੀ ਤੇ 350 ਹੋਰ ਸੀਨੀਅਰ ਪੁਲੀਸ ਅਧਿਕਾਰੀ ਹਾਜ਼ਰ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਕਾਨਫਰੰਸ ਦੇ ਸਾਰੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਹਾਜ਼ਰ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਸਾਈਬਰ ਅਪਰਾਧ, ਅਤਿਵਾਦ ਨਾਲ ਨਜਿੱਠਣ ਸਬੰਧੀ ਚੁਣੌਤੀਆਂ, ਮਾਓਵਾਦ ਤੇ ਨਸ਼ਾ ਤਸਕਰੀ ਸਬੰਧੀ ਚੁਣੌਤੀ ਨਾਲ ਨਜਿੱਠਣ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਸਾਲ 2014 ਤੋਂ ਪ੍ਰਧਾਨ ਮੰਤਰੀ ਇਸ ਕਾਨਫਰੰਸ ’ਚ ਨਿੱਜੀ ਤੌਰ ’ਤੇ ਦਿਲਚਸਪੀ ਲੈਂਦੇ ਹਨ। ਉਹ ਇਸ ਕਾਨਫਰੰਸ ’ਚ ਸਿਰਫ਼ ਰਸਮੀ ਤੌਰ ’ਤੇ ਹੀ ਹਾਜ਼ਰ ਨਹੀਂ ਹੁੰਦੇ ਬਲਕਿ ਕਾਨਫਰੰਸ ਦੇ ਹਰ ਸੈਸ਼ਨ ’ਚ ਬੈਠ ਕੇ ਪੁਲੀਸ ਅਧਿਕਾਰੀਆਂ ਦਾ ਹੌਸਲਾ ਵਧਾਉਂਦੇ ਹਨ ਅਤੇ ਇਸ ਦੌਰਾਨ ਪੁਲੀਸ ਅਧਿਕਾਰੀ ਵੀ ਪ੍ਰਧਾਨ ਮੰਤਰੀ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਨੀਤੀਆਂ ਵਰਗੇ ਮੁੱਦਿਆਂ ’ਤੇ ਚਰਚਾ ਕਰਦੇ ਹਨ। ਇਹ ਕਾਨਫਰੰਸ ਇੰਟੈਲੀਜੈਂਸ ਬਿਊਰੋ ਵੱਲੋਂ ਕਰਵਾਈ ਜਾ ਰਹੀ ਹੈ। ਸਾਰੇ ਰਾਜਾਂ ਦੇ ਡੀਜੀਪੀ ਤੇ ਹੋਰ ਪੁਲੀਸ ਸੰਗਠਨ ਸਰੀਰਕ ਤੌਰ ’ਤੇ ਕਾਨਫਰੰਸ ’ਚ ਹਾਜ਼ਰ ਹੋਏ ਜਦਕਿ ਹੋਰ ਸੱਦੇ ਗਏ ਮਹਿਮਾਨ ਦੇਸ਼ ਭਰ ਦੀਆਂ 37 ਥਾਵਾਂ ਤੋਂ ਆਨਲਾਈਨ ਢੰਗ ਨਾਲ ਕਾਨਫਰੰਸ ’ਚ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ 2014 ਤੋਂ ਪਹਿਲਾਂ ਇਹ ਕਾਨਫਰੰਸ ਦਿੱਲੀ ’ਚ ਹੀ ਕਰਵਾਈ ਜਾਂਦੀ ਸੀ ਪਰ 2014 ਮਗਰੋਂ ਇਹ ਕਾਨਫਰੰਸ ਦਿੱਲੀ ਤੋਂ ਬਾਹਰ ਹੀ ਕਰਵਾਈ ਗਈ ਹੈ। 2014 ’ਚ ਇਹ ਕਾਨਫਰੰਸ ਗੁਹਾਟੀ, 2015 ’ਚ ਕੱਛ ਦੇ ਰਣ, 2016 ’ਚ ਹੈਦਰਾਬਾਦ, 2017 ’ਚ ਬੀਐੱਸਐੱਫ ਅਕੈਡਮੀ ਟੇਕਨਪੁਰ (ਮੱਧ ਪ੍ਰਦੇਸ਼), 2018 ’ਚ ਕੇਵਾੜੀਆ (ਗੁਜਰਾਤ) ਤੇ 2019 ’ਚ ਪੁਣੇ ਦੇ ਆਈਸਰ ’ਚ ਕਰਵਾਈ ਗਈ। 2020 ’ਚ ਕਰੋਨਾ ਪਾਬੰਦੀਆਂ ਕਾਰਨ ਇਹ ਕਾਨਫਰੰਸ ਆਨਲਾਈਨ ਹੋਈ ਸੀ।

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 2014 ਤੋਂ ਪਹਿਲਾਂ ਇਸ ਕਾਨਫਰੰਸ ਦੌਰਾਨ ਸਿਰਫ਼ ਕੌਮੀ ਸੁਰੱਖਿਆ ਦੇ ਮਸਲੇ ਹੀ ਵਿਚਾਰੇ ਜਾਂਦੇ ਸਨ ਪਰ 2014 ਮਗਰੋਂ ਅਪਰਾਧ ਰੋਕਣ, ਕਮਿਊਨਿਟੀ ਨੀਤੀਆਂ, ਅਮਨ ਤੇ ਕਾਨੂੰਨ ਦੀ ਸਥਿਤੀ ਤੇ ਪੁਲੀਸ ਦਾ ਅਕਸ ਸੁਧਾਰਨ ਬਾਰੇ ਚਰਚਾ ਕੀਤੀ ਜਾਣ ਲੱਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਸਰਕਾਰ ਦੇ ਮੁਖੀਆਂ ਨਾਲ ਸਿੱਧੀ ਚਰਚਾ ਹੋਣ ਨਾਲ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਉਸਾਰੂ ਸੁਝਾਅ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਕਾਨਫਰੰਸ ਲਈ ਵਿਸ਼ੇ ਉੱਚ ਪੁਲੀਸ ਅਧਿਕਾਰੀਆਂ ਵਿਚਾਲੇ ਲੰਮੀ ਚੌੜੀ ਚਰਚਾ ਮਗਰੋਂ ਚੁਣੇ ਜਾਂਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੀ ਐੱਮਐੈੱਸਪੀ ਵਾਲੀ ਮੰਗ ਵੀ ਤੁਰੰਤ ਮੰਨੀ ਜਾਵੇ: ਵਰੁਣ ਗਾਂਧੀ
Next articleਮਿਸ਼ਰਾ ਨਾਲ ਸਟੇਜ ਸਾਂਝੀ ਨਾ ਕਰਨ ਮੋਦੀ: ਪ੍ਰਿਯੰਕਾ