ਖੇਤੀ ਕਾਨੂੰਨਾਂ ਦੀ ਵਾਪਸੀ ਮਹਿਜ਼ ਸ਼ੁਰੂਆਤ, ਲੜਾਈ ਹਾਲੇ ਬਾਕੀ: ਮੇਧਾ ਪਾਟੇਕਰ

ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਤਕਰੀਬਨ ਇੱਕ ਸਾਲ ਤੋਂ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਦੇ ਦਬਾਅ ਹੇਠ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਵਾਉਣਾ ਤਾਂ ਸ਼ੁਰੂਆਤ ਹੈ, ਜਦਕਿ ਲੜਾਈ ਹਾਲੇ ਬਾਕੀ ਹੈ। ਇਸ ਗੱਲ ਦਾ ਪ੍ਰਗਟਾਵਾ ਵਾਤਾਵਰਨ ਕਾਰਕੁਨ ਮੇਧਾ ਪਾਟੇਕਰ ਨੇ ਸੰਯੁਕਤ ਨਾਰੀ ਮੰਚ ਪੰਜਾਬ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨ ਬੀਬੀਆਂ ਨੂੰ ਸਮਰਪਿਤ ਚੰਡੀਗੜ੍ਹ ਦੇ ਸੈਕਟਰ-16 ’ਚ ਕਰਵਾਈ ਪਹਿਲੀ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭੂਮਿਕਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਘਰ ਵੀ ਚਲਾਉਣ ਦੇ ਨਾਲ-ਨਾਲ ਆਪਣੇ ਹੱਕਾਂ ਲਈ ਸੰਘਰਸ਼ ਵੀ ਕਰ ਸਕਦੀਆਂ ਹਨ।

ਅੰਦੋਲਨ ਵਿੱਚ ਔਰਤਾਂ ਦੀ ਭੂਮਿਕਾ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੇਧਾ ਪਾਟੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅਗਵਾਈ ਹੇਠ ਦੇਸ਼ ’ਚ ਨਿੱਜੀਕਰਨ ਦਾ ਪਸਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਵੇਚਦੇ-ਵੇਚਦੇ ਦੇਸ਼ ਕਾਰਪੋਰੇਟਾਂ ਨੂੰ ਵੇਚਣ ਲੱਗੇ ਹੋਏ ਹਨ ਜਿਸ ਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਚੁੱਕੀ ਸੀ ਪਰ ਮੌਜੂਦਾ ਸਰਕਾਰ ਉਸ ਤੋਂ ਅੱਗੇ ਵਧਦੇ ਹੋਈ ਖੇਤੀਬਾੜੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤਿਜੋਰੀਆਂ ਖਾਲੀ ਕਰਨ ’ਚ ਲੱਗੀ ਹੋਈ ਹੈ। ਅਜਿਹੀ ਸਰਕਾਰ ਨੂੰ ਕੁਰਸੀ ’ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।

ਸੰਯੁਕਤ ਨਾਰੀ ਮੰਚ ਦੀ ਕਨਵੀਨਰ ਡਾ. ਕੰਵਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਕਨਵੈਨਸ਼ਨ ਏਪਵਾ, ਭਾਰਤੀ ਮਹਿਲਾ ਫੈਡਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਇਸਤਰੀ ਜਾਗ੍ਰਿਤੀ ਮੰਚ, ਐਡਵਾ, ਜਨਵਾਦੀ ਇਸਤਰੀ ਸਭਾ, ਕਿਸਾਨ ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ, ਨਾਰੀ ਸ਼ਕਤੀ, ਪੰਜਾਬ ਇਸਤਰੀ ਸਭਾ, ਪੀਪਲਜ਼ ਫਾਰ ਪੀਸ ਐਂਡ ਚੇਂਜ, ਵਿਮੈਨ ਐਂਡ ਹੈਲਥ ਟੂਗੈਦਰ ਫ਼ਾਰ ਫਿਊਚਰ ਦੇ ਸਹਿਯੋਗ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਲਹਿਰਾਂ ਿਵੱਚ ਔਰਤਾਂ ਦੀ ਭੁਮਿਕਾ ਨੂੰ ਸਦਾ ਨਜ਼ਰਅੰਦਾਜ਼ ਕੀਤਾ ਗਿਆ  ਪਰ ਕਿਸਾਨ ਅੰਦੋਲਨ ਨੇ ਔਰਤਾਂ ਿਵੱਚ ਸੰਘਰਸ਼ੀ ਲਹਿਰ ਨੂੰ ਨਵਾਂ ਜਨਮ ਿਦੱਤਾ ਹੈ।

ਇਸ ਮੌਕੇ ਵਾਤਾਵਰਨ ਕਾਰਕੁਨ ਡਾ. ਵੰਦਨਾ ਸ਼ਿਵਾ ਨੇ ਕਿਹਾ ਕਿ ਕਿਸੇ ਸਮੇਂ ਈਸਟ ਇੰਡੀਆ ਕੰਪਨੀਆਂ ਨੇ ਭਾਰਤੀਆਂ ’ਤੇ ਕਬਜ਼ਾ ਕੀਤਾ ਸੀ। ਅੱਜ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣੇ ਦੇਸ਼ ’ਤੇ ਕਾਬਜ਼ ਹੋਣ ਲੱਗੇ ਪਏ ਹਨ। ਉਨ੍ਹਾਂ ਕਿਹਾ ਕਿ ਸਾਡੇ ਅਸਲ ਦੁਸ਼ਮਣ ਅੰਬਾਨੀ ਜਾਂ ਅਡਾਨੀ ਹੀ ਨਹੀਂ ਮੌਨਸੈਂਟੋ, ਰੌਕਫੈਲਰ ਤੇ ਐਮਾਜ਼ੋਨ ਵੀ ਹਨ। ਇਸ ਲਈ ਸਾਡੀ ਲੜਾਈ ਲੰਬੀ ਅਤੇ ਉਲਝੇਵਿਆਂ ਭਰੀ ਹੋ ਸਕਦੀ ਹੈ। ਉਦਾਰੀਕਰਨ ਦੇ ਸਿੱਟਿਆਂ ਵਜੋਂ ਬੀਜਾਂ ਦੇ ਖੇਤਰ ਵਿੱਚ ਮੌਨਸੈਂਟੋਂ ਦੇ ਆਉਣ ਨਾਲ ਫ਼ਸਲਾਂ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ, ਉੱਥੇ ਹੀ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਵਧ ਗਈ ਹੈ ਜੋ ਬੇਹੱਦ ਹਾਨੀਕਾਰਕ ਹੈ। ਦੂਜੇ ਪਾਸੇ ਕਿਸਾਨਾਂ ਸਿਰ ਕਰਜ਼ੇ ਵਧਦੇ ਜਾ ਰਹੇ ਹਨ, ਇਹ ਸਭ ਭਾਰਤੀ ਅਰਥਚਾਰੇ ਲਈ ਢੁਕਵਾਂ ਨਹੀਂ ਹੈ।

ਡਾ. ਵੰਦਨਾ ਨੇ ਕਿਹਾ ਕਿ ਇਹ ਸਭ ਸਰਕਾਰਾਂ ਨੇ ਵਿਚਾਰਨਾ ਹੁੰਦਾ ਹੈ, ਪਰ ਸਰਕਾਰਾਂ ਤਾਂ ਕਾਰਪੋਰੇਟਾਂ ਦੇ ਹੱਥਾਂ ਵਿੱਚ ਹਨ। ਦੁਨੀਆ ਭਰ ਵਿੱਚ ਕਾਰਪੋਰੇਟਾਂ ਨੇ ਸਰਕਾਰਾਂ ਨੂੰ ਹਾਈਜੈਕ ਕਰ ਲਿਆ ਹੈ। ਇਨ੍ਹਾਂ ਤੋਂ ਖੇਤੀਬਾੜੀ ਅਤੇ ਕਿਸਾਨੀ ਨੂੰ ਬਚਾਉਣ ਲਈ ਨਵਾਂ ਐਕਟ ਲਿਆਉਣ ਦੀ ਲੋੜ ਹੈ, ਜਿਸ ਨਾਲ ਕਿਸਾਨ ਦੀ ਫ਼ਸਲ ਦਾ ਮੁੱਲ ਵੀ ਕਿਸਾਨ ਤੈਅ ਕਰ ਸਕੇ ਅਤੇ ਉਸ ਨੂੰ ਵੇਚਣ ਦਾ ਸਿੱਧਾ ਅਧਿਕਾਰ ਵੀ ਕਿਸਾਨ ਦੇ ਹੱਥ ’ਚ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਇੱਕ ਨਵੀਂ ਵਿਚਾਰਧਾਰਾ ਉੱਭਰ ਕੇ ਸਾਹਮਣੇ ਆਈ ਹੈ ਕਿ ਸ਼ਾਂਤਮਈ ਸੰਘਰਸ਼ ਨਾਲ ਆਪਣੀਆਂ ਮੰਗਾਂ ਲਈ ਸੱਤਾ ਨੂੰ ਹਿਲਾਇਆ ਜਾ ਸਕਦਾ ਹੈ। ਡਾ. ਨਵਸ਼ਰਨ ਕੌਰ ਨੇ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਸਦਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਜ ਔਰਤਾਂ ਨੂੰ ਆਪਣੀ ਰਾਖੀ ਲਈ ਖੁਦ ਲੜਾਈ ਲੜਨ ਦੀ ਲੋੜ ਹੈ। ਪੰਜਾਬ ਵਿਮੈਨ ਕੁਲੈਕਟਿਵ ਦੀ ਆਗੂ ਜਸਵੀਰ ਕੌਰ ਨੱਤ ਨੇ ਦੱਸਿਆ ਕਿ ਹਾਕਮ ਧਿਰ ਨੇ ਅੰਦੋਲਨ ਨੂੰ ਬਦਨਾਮ ਕਰਨ ਲਈ ਕਈ ਹਥਕੰਡੇ ਅਪਣਾਏ ਹਨ। ਨੌਜਵਾਨਾਂ ਅਤੇ ਬਜ਼ੁਰਗਾਂ ’ਤੇ ਦੇਸ਼ ਧ੍ਰੋਹ ਵਰਗੇ ਕੇਸ ਦਰਜ ਕਰ ਦਿੱਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਏਪੀਏ, ਪਰਾਲੀ, ਬਿਜਲੀ ਸਮੇਤ ਹੋਰਨਾਂ ਮੁੱਦਿਆ ਖ਼ਿਲਾਫ਼ ਆਵਾਜ਼ ਚੁੱਕਣੀ ਪਵੇਗੀ।

ਪੰਜਾਬ ਖੇਤ ਮਜ਼ਦੂਰ ਸੰਸਥਾ ਦੀ ਸਕੱਤਰ ਦੇਵੀ ਕੁਮਾਰੀ ਨੇ ਦੱਸਿਆ ਕਿ ਮਗਨਰੇਗਾ ਅਧੀਨ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਮਜ਼ਦੂਰ ਔਰਤਾਂ ਤੋਂ ਬਰਾਬਰ ਕੰਮ ਲੈ ਕੇ ਉਜਰਤ ਵੀ ਘੱਟ ਦਿੱਤੀ ਜਾਂਦੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਂਗੋਵਾਲ ਨੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਲਈ ਪ੍ਰੇਰਿਆ। ਕਨਵੈਨਸ਼ਨ ਵਿੱਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਅਤੇ ਭਾਣਜਾ ਪ੍ਰੋ. ਜਗਮੋਹਨ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਲਕਾਰ ਸਿੰਘ ਸਿੱਧੂ, ਐੱਸਐੱਸ ਚੀਮਾ, ਡਾ. ਮਨਮੋਹਨ ਸਿੰਘ, ਪੇਂਡੂ ਸੰਘਰਸ਼ ਕਮੇਟੀ ਤੋਂ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਭਗਤ ਪੂਰਨ ਸਿੰਘ ਸੁਸਾਇਟੀ ਤੋਂ ਅਮਰਜੀਤ ਕੌਰ, ਕਿਲ੍ਹਾ ਰਾਏਪੁਰ ਤੋਂ ਪਰਮਜੀਤ ਕੌਰ, ਮਾਨਸਾ ਤੋਂ ਨਰਿੰਦਰ ਕੌਰ, ਹਰਦੇਵ ਅਰਸ਼ੀ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੁਰਜੀਤ ਜੱਜ, ਸੁਸ਼ੀਲ ਦੋਸਾਂਝ ਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਰਾ ਨਾਲ ਸਟੇਜ ਸਾਂਝੀ ਨਾ ਕਰਨ ਮੋਦੀ: ਪ੍ਰਿਯੰਕਾ
Next articleਵੱਡੇ ਬਾਦਲ ਕਿਸਾਨਾਂ ਤੋਂ ਮੁਆਫ਼ੀ ਮੰਗਣ: ਜਾਖੜ