*ਵਿਧਾਇਕ ਰੰਧਾਵਾ ਨੇ ਪਰਾਗਪੁਰ ਦਾ ਸਰਕਾਰੀ ਸਕੂਲ ਲਿਆ ਗੋਦ*

ਸਰਕਾਰੀ ਪ੍ਰਾਇਮਰੀ ਸਕੂਲ ਪਰਾਗਪੁਰ ਦਾ ਦੌਰਾ ਕਰਦੇ ਹੋਏ ਵਿਧਾਇਕ ਕੁਲਜੀਤ ਰੰਧਾਵਾ।

*ਸਰਕਾਰੀ ਸਕੂਲਾਂ ‘ਚ ਪੜ੍ਹਣ ਵਾਲੇ ਬੱਚੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ : ਰੰਧਾਵਾ*

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ: ਸਰਕਾਰ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚੇ ਵਧੀਆ ਸਿੱਖਿਆ ਹਾਸਲ ਕਰਕੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ। ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਪਿੰਡ ਪਰਾਗਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਗੋਦ ਲਿਆ ਹੈ ਅਤੇ ਇਸ ਸਕੂਲ ਵਿੱਚ ਬਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਸਕੂਲ ਨੂੰ ਗੋਦ ਲੈਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਵਿਧਾਇਕ ਰੰਧਾਵਾ ਨੇ ਇਸੇ ਸਕੂਲ ਤੋਂ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਵਿੱਦਿਆ ਹਾਸਲ ਕੀਤੀ ਸੀ। ਇਸ ਮੌਕੇ ਉਨ੍ਹਾਂ ਆਪਣੇ ਤਤਕਾਲੀਨ ਅਧਿਆਪਕ ਮਰਹੂਮ ਮਾਸਟਰ ਹਰਦੇਵ ਸਿੰਘ ਤੇ ਅਮਰਨਾਥ ਕਟਿਆਲ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਵੀ ਭੇਂਟ ਕੀਤੀ।

ਸਕੂਲ ਦੇ ਮੌਜੂਦਾ ਖਸਤਾ ਹਾਲਤਾਂ ਤੇ ਬੋਲਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਪਿਛਲੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ। ਸਰਕਾਰ ਸੱਚ ਨੂੰ ਛੁਪਾਉਣ ਲਈ ਕਥਿਤ ਤੌਰ ਤੇ ਝੂੱਠੇ ਨਤੀਜੇ ਦਿਖਾਉਂਦੀ ਰਹੀ। ਪਿਛਲੀਆਂ ਸਰਕਾਰਾਂ ਵੇਲੇ ਸਕੂਲਾਂ ਦੀ ਮੁਰੰਮਤ ਸਮੇਂ ਸਿਰ ਨਾ ਹੋਣ ਕਾਰਨ ਇਮਾਰਤਾਂ ਖੰਡਰ ਬਣ ਗਈਆਂ। ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ ਸਾਲ ਲੰਘਣ ਤੋਂ ਬਾਅਦ ਮਿਲਦੀਆਂ ਸਨ। ਪੁਰਾਣੀਆਂ ਯਾਦਾਂ ਤਾਜ਼ਾ ਕਰਦੀਆਂ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਇਸ ਸਕੂਲ ਵਿੱਚ ਉਨ੍ਹਾਂ ਦਾ ਬਚਪਨ ਬੀਤਿਆ ਹੈ, ਉਨ੍ਹਾਂ ਆਪਣੀ ਸ਼ੁਰੂਆਤੀ ਪੜਾਈ ਇਸੇ ਸਕੂਲ ਤੋਂ ਪ੍ਰਾਪਤ ਕੀਤੀ ਸੀ। ਮਾਸਟਰ ਹਰਦੇਵ ਸਿੰਘ ਤੇ ਅਮਰਨਾਥ ਕਟਿਆਲ ਜੀ ਉਨ੍ਹਾਂ ਨੂੰ ਪੜਾਉਂਦੇ ਸਨ । ਜਿਨ੍ਹਾਂ ਵੱਲੋਂ ਦਿੱਤੀ ਸਿੱਖਿਆ ਦੇ ਫਲਸਰੂਪ ਅੱਜ ਉਹ ਬਲੰਦਿਆ ਤੇ ਹਨ । ਉਨ੍ਹਾਂ ਕਿਹਾ ਕਿ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ ਪਰ ਅਧਿਆਪਕ ਬੱਚੇ ਦੇ ਚਰਿੱਤਰ ਨਿਰਮਾਣ ਵਿਚ ਚੰਗਾ ਇਨਸਾਨ ਬਣਾਉਣ ਅਤੇ ਉਸ ਨੂੰ ਉੱਜਵਲ ਬਣਾਉਣ ਚ ਵਡਮੁੱਲਾ ਯੋਗਦਾਨ ਪਾਉਂਦੇ ਹਨ।

ਅਰਥਾਤ ਅਧਿਆਪਕ ਇਨਸਾਨ ਦੀ ਜ਼ਿੰਦਗੀ ਰੂਪੀ ਵਿਸ਼ਾਲ ਇਮਾਰਤ ਦੀ ਨੀਂਹ ਦਾ ਪੱਥਰ ਰੱਖਣ ਦਾ ਕੰਮ ਕਰਦਾ ਹੈ। ਚੰਗੇ ਅਧਿਆਪਕ ਦੀ ਅਣਹੋਂਦ ਨਾਲ ਬਿਹਤਰੀਨ ਸਿੱਖਿਆ ਵਿਧੀਆਂ ਵੀ ਅਸਫਲ ਹੋ ਜਾਂਦੀਆਂ ਹਨ। ਬੱਚੇ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੀਆਂ ਕਦਰਾਂ-ਕੀਮਤਾਂ ਜਿਵੇਂ ਪਿਆਰ, ਲਗਾਅ ਤੇ ਹਮਦਰਦੀ ਤਿਆਗ ਆਦਿ ਅਧਿਆਪਕ ਤੋਂ ਹੀ ਮਿਲ ਸਕਦਾ ਹੈ। ਇਸ ਲਈ ਅਧਿਆਪਕ ਦਾ ਸਤਿਕਾਰ ਬੇਹੱਦ ਜ਼ਰੂਰੀ ਹੈ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਸਕੂਲ ਨੂੰ ਅਪਗ੍ਰੇਡ ਅਤੇ ਸਮਾਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਪਰਾਗਪੁਰ ਦੇ ਸਰਕਾਰੀ ਸਕੂਲ ਸਮੇਤ ਹਲਕੇ ਵਿਚਲੇ ਸਾਰੇ ਸਰਕਾਰੀ ਸਕੂਲਾਂ ਦੀ ਮੁਰੰਮਤ ਤੇ ਸਾਂਭ ਸੰਭਾਲ ਦੇ ਨਾਲ ਨਾਲ ਸੁੰਦਰੀਕਰਣ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਹਿਮਾਂਸ਼ੂ ਗੁਪਤਾ, ਬਲਾਕ ਪ੍ਰਧਾਨ ਬਲਜੀਤ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਣੀਏ ਇਨਸਾਨ ਹੋਣ ਦੀ ਅਸਲੀਅਤ
Next articleਸਿਹਤ ਮੰਤਰੀ ਵਿਸ਼ਵ ਮਲੇਰੀਆ ਦਿਵਸ ਮੌਕੇ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣ ਦਾ ਐਲਾਨ ਕਰਨ